ਮੈਰਾਥਨ ਦੌੜ ਦੇ ਵਿਚ 15000 ਤੋਂ ਜਿਆਦਾ ਲੋਕਾਂ ਨੇ ਭਾਗ ਲਿਆ
Wed 31 Oct, 2018 0ਵਿਦੇਸ਼ਾਂ ਦੇ ਵਿਚ ਪੈਸੇ ਪਿੱਛੇ ਤਾਂ ਹਰ ਕੋਈ ਦੌੜਦਾ ਹੈ ਪਰ ਪਰਉਪਕਾਰੀ ਕਾਰਜਾਂ ਦੇ ਲਈ ਕੀਤੇ ਜਾਂਦੇ ਉਪਰਾਲੇ ਜਿਵੇਂ ਕਿ ਫੰਡ ਰੇਜਿੰਗ ਜਾਂ ਮੈਰਾਥਨ ਆਦਿ ਦੇ ਵਿਚ ਕੋਈ-ਕੋਈ ਦੌੜਦਾ ਹੈ। ਬਹੁ ਸਭਿਆਚਾਰਕ ਮੁਲਕ ਦੇ ਵਿਚ ਆਪਣੀ ਪਹਿਚਾਣ ਬਨਾਉਣ ਲਈ ਕਮਿਊਨਿਟੀ ਨੂੰ ਬਹੁਤਾਤ ਗਿਣਤੀ ਦੇ ਵਿਚ ਹੰਭਲਾ ਮਾਰਨ ਦੀ ਲੋੜ ਹੁੰਦੀ ਹੈ ਤਾਂ ਕਿ ਤੁਹਾਡੀ ਸ਼ਮੂਲੀਅਤ, ਸੁੰਦਰ ਤੇ ਸੋਹਣੀ ਸ਼ਖਸ਼ੀਅਤ ਦੇ ਵਿਚ ਪ੍ਰਗਟ ਹੋਵੇ। ਬੀਤੇ ਐਤਵਾਰ ਨੂੰ ਸਵੇਰੇ ਸਵਖਤੇ 6 ਵਜੇ 'ਆਕਲੈਂਡ ਮੈਰਾਥਨ' ਦਾ ਆਯੋਜਿਨ ਡੈਵਨਪੋਰਟ ਬੰਦਰਗਾਹ ਆਕਲੈਂਡ ਤੋਂ ਵਿਕਟੋਰੀਆ ਪਾਰਕ ਤੱਕ ਕੀਤਾ ਗਿਆ। ਇਸ ਮੈਰਾਥਨ ਦੌੜ ਦੇ ਵਿਚ 15000 ਤੋਂ ਜਿਆਦਾ ਲੋਕਾਂ ਨੇ ਭਾਗ ਲਿਆ। ਇਨ੍ਹਾਂ ਵਿਚੋਂ ਕੁਝ ਨੇ ਪੂਰੀ ਮੈਰਾਥਨ ਦੌੜ (42.19) ਕਿਲੋਮੀਟਰ) ਅਤੇ ਕੁਝ ਨੇ ਅੱਧੀ ਮੈਰਥਨ (21.1 ਕਿਲੋਮੀਟਰ), ਕੁਝ ਨੇ 12 ਕਿਲੋਮੀਟਰ ਅਤੇ ਕੁਝ ਨੇ 5 ਕਿਲੋਮੀਟਰ ਮੈਰਾਥਨ ਦੌੜ ਪੂਰੀ ਕੀਤੀ। ਨਿਊਜ਼ੀਲੈਂਡ 'ਚ ਪੰਜਾਬੀਆਂ ਦੀ ਜਨਸੰਖਿਆ ਭਾਵੇਂ 30000 ਤੋਂ ਉਪਰ ਸਮਝੀ ਜਾਂਦੀ ਹੈ ਪਰ ਜਦੋਂ ਅਜਿਹੀਆਂ ਮੈਰਾਥਨ ਦੌੜਾਂ ਦੇ ਵਿਚ ਉਨ੍ਹਾਂ ਦੀ ਗਿਣਤੀ ਵੇਖੀ ਜਾਵੇ ਤਾਂ ਇਹ ਆਟੇ ਦੇ ਵਿਚ ਲੂਣ ਦੇ ਬਰਾਬਰ ਹੀ ਬਣਦੀ ਹੈ, ਜਿਸ ਨੂੰ ਵਧਾਉਣ ਦੀ ਲੋੜ ਹੈ। ਆਓ ਜਾਣੀਏ ਕਿਸਨੇ ਇਸ ਦੌੜ ਵਿਚ ਭਾਗ ਲਿਆ।
ਸ. ਬਲਬੀਰ ਸਿੰਘ ਬਸਰਾ (ਫੁੱਲ ਮੈਰਾਥਨ ਦੌੜਾਕ): ਸਦਕੇ ਜਾਈਏ ਉਨ੍ਹਾਂ ਪੰਜਾਬੀਆਂ ਦੇ ਜਿਨ੍ਹਾਂ ਨੇ ਇਸ ਮੈਰਾਥਨ ਦੌੜ ਦੇ ਵਿਚ ਭਾਗ ਲੈ ਕੇ ਪੰਜਾਬੀਆਂ ਦਾ ਮਾਣ ਵਧਾਇਆ। ਸ. ਬਲਬੀਰ ਸਿੰਘ ਬਸਰਾ ਖਲਵਾੜਾ ਗੇਟ ਫਗਵਾੜਾ ਜਿਨ੍ਹਾਂ ਨੇ 11ਵੀਂ ਵਾਰ ਫੁੱਲ ਮੈਰਾਥਨ ਦੌੜ ਪੂਰੀ ਕਰਕੇ ਇਹ ਸਾਬਿਤ ਕਰ ਦਿੱਤਾ ਕਿ ਜਿਸ ਗੇਮ ਨੂੰ ਗੋਰੇ ਲੋਕ 'ਆਇਰਨ ਮੈਨ ਸਪੋਰਟਸ' ਕਹਿੰਦੇ ਹਨ ਉਹੀ ਗੇਮ ਸਾਦੀ ਸਬਜ਼ੀ-ਰੋਟੀ ਖਾਕੇ ਅਤੇ ਗੁਰਸਿੱਖੀ ਵਾਲਾ ਜੀਵਨ ਜੀਅ ਕੇ ਵੀ ਪ੍ਰਾਪਤ ਕੀਤੀ ਜਾ ਸਕਦੀ ਹੈ। ਸ. ਬਲਬੀਰ ਸਿੰਘ ਬਸਰਾ ਦਾ ਜੀਵਨ ਸਫਰ ਇਸ ਵੇਲੇ 80ਵੇਂ ਸਾਲ 'ਤੇ ਹੈ ਪਰ ਇਸ ਉਮਰ ਦੇ ਵਿਚ ਕੋਈ ਦੌੜਦਾ ਹੋਵੇ ਉਹ ਸ਼ਾਇਦ ਨਿਊਜ਼ੀਲੈਂਡਰਾਂ ਲਈ ਅਚੰਭੇ ਵਾਲੀ ਗੱਲ ਹੈ। ਇਸ ਵਾਰ ਫਿਰ ਉਨ੍ਹਾਂ ਨੇ 42 ਕਿਲੋਮੀਟਰ ਦਾ ਸਫਰ 6 ਘੰਟੇ 35 ਮਿੰਟ ਦੇ ਵਿਚ ਪੂਰਾ ਕਰਕੇ 'ਮੈਰਾਥਨ ਫਿਨਿਸ਼ਰ' ਵਾਲਾ ਮੈਡਲ ਆਪਣੇ ਗਲ ਦਾ ਸ਼ਿੰਗਾਰ ਬਣਾਇਆ। ਇਸ ਵਾਰ ਸ. ਬਸਰਾ ਦੇ ਪੈਰ ਦੇ ਵਿਚ ਭਾਵੇਂ ਕੁਝ ਪ੍ਰੇਸ਼ਾਨੀ ਸੀ, ਡਾਕਟਰਾਂ ਨੇ ਜਿਆਦਾ ਨਾ ਚੱਲਣ ਦੀ ਸਲਾਹ ਦਿੱਤੀ ਸੀ, ਇਸਦੇ ਬਾਵਜੂਦ ਵੀ ਉਨ੍ਹਾਂ ਨੇ ਪਰਿਵਾਰਕ ਮੈਂਬਰਾਂ ਦੀ ਸੁਪਰੋਟ ਦੇ ਨਾਲ ਇਸ ਫੁੱਲ ਮੈਰਾਥਨ ਦੌੜ ਦੇ ਵਿਚ ਹਿਸਾ ਲੈਣ ਦਾ ਫੈਸਲਾ ਲਿਆ।
Comments (0)
Facebook Comments (0)