13 ਮਾਰਚ ਨੂੰ ਸਤਿੰਦਰ ਸਰਤਾਜ ਤੇ ਅਮਰਿੰਦਰ ਗਿੱਲ ਦੀ ਫਿਲਮ ਆਹਮੋ-ਸਾਹਮਣੇ
Sat 7 Mar, 2020 0ਜਲੰਧਰ (ਬਿਊਰੋ) - ਅੱਜ ਪੰਜਾਬੀ ਫ਼ਿਲਮ ਉਦਯੋਗ ਸਿਖਰਾਂ ਵੱਲ ਵਧ ਰਿਹਾ ਹੈ। ਵਿਦੇਸ਼ਾਂ ਤੋਂ ਚੰਗੇ ਨਿਰਮਾਤਾ ਪੰਜਾਬੀ ਸਿਨੇਮੇ ਨੂੰ ਪ੍ਰਫੁੱਲਿਤ ਕਰਨ 'ਚ ਆਪਣਾ ਯੋਗਦਾਨ ਪਾ ਰਹੇ ਹਨ ਤੇ ਧੜਾਧੜ ਚੰਗੀਆਂ ਫ਼ਿਲਮਾਂ ਦਾ ਨਿਰਮਾਣ ਹੋ ਰਿਹਾ ਹੈ। ਪੰਜਾਬੀ ਫ਼ਿਲਮਾਂ ਦਾ ਦਰਸ਼ਕ ਵਰਗ ਬਹੁਤ ਥੋੜ੍ਹਾ ਤੇ ਸੀਮਤ ਹੈ ਜਿੱਥੇ ਇੱਕੋ ਦਿਨ ਦੋ ਦੋ ਫ਼ਿਲਮਾਂ ਰਿਲੀਜ਼ ਕਰਨਾ ਗ਼ਲਤ ਨੀਤੀ ਹੈ। ਪੰਜਾਬੀ ਦਰਸ਼ਕ ਦੀ ਜੇਬ ਏਨੀ ਇਜਾਜ਼ਤ ਨਹੀਂ ਦਿੰਦੀ ਕਿ ਇਕੋ ਵੇਲੇ ਦੋ ਫ਼ਿਲਮਾਂ ਵੇਖ ਸਕੇ। ਅਜਿਹੇ ਹਾਲਾਤ ਵਿਚ ਦਰਸ਼ਕ ਵਲੋਂ ਇਕ ਫ਼ਿਲਮ ਹੀ ਚੁਣੀ ਜਾਵੇਗੀ ਪਰ ਦੁੱਖ ਦੀ ਗੱਲ ਹੈ ਕਿ ਸਾਡੇ ਫ਼ਿਲਮਕਾਰਾਂ ਨੂੰ ਪਤਾ ਨੀਂ ਕਿਹੜਾ ਭਰਮ ਹੈ ਕਿ ਇਕੋ ਦਿਨ ਦੋ-ਦੋ ਫ਼ਿਲਮਾਂ ਨੂੰ ਰਿਲੀਜ਼ ਕਰਨ ਦਾ ਮੁਕਾਬਲਾ ਕਰਵਾਉਣ ਲੱਗੇ ਹਨ। ਸਤਿੰਦਰ ਸਰਤਾਜ ਪੰਜਾਬੀ ਸੰਗੀਤ ਖੇਤਰ ਦੀ ਇਕ ਸਨਮਾਨਤ ਸ਼ਖਸੀਅਤ ਹੈ ਜੋ ਇਨ੍ਹੀਂ ਦਿਨੀਂ ਆਪਣੇ ਫ਼ਿਲਮੀ ਸਫ਼ਰ ਦਾ ਆਗਾਜ਼ ਕਰ ਰਹੇ ਹਨ ਜੋ ਸਾਡੇ ਲਈ ਮਾਣ ਵਾਲੀ ਗੱਲ ਹੈ। ਸਾਰੀ ਫ਼ਿਲਮ ਇੰਡਸਟਰੀ ਨੂੰ ਸਤਿੰਦਰ ਸਰਤਾਜ ਦਾ ਸੁਆਗਤ ਕਰਨਾ ਚਾਹੀਦਾ ਹੈ, ਉਸ ਦੀ ਫ਼ਿਲਮ ਦੇ ਪ੍ਰਚਾਰ 'ਚ ਮਦਦ ਕਰਨੀ ਚਾਹੀਦੀ ਹੈ ਪਰ ਦੁੱਖ ਦੀ ਗੱਲ ਹੈ ਕਿ ਅਜਿਹਾ ਨਹੀਂ ਹੋ ਰਿਹਾ।
13 ਮਾਰਚ ਨੂੰ ਸਤਿੰਦਰ ਸਰਤਾਜ ਤੇ ਅਦਿੱਤੀ ਸ਼ਰਮਾ ਦੀ ਫ਼ਿਲਮ 'ਇੱਕੋ ਮਿੱਕੇ' ਰਿਲੀਜ਼ ਹੋਵੇਗੀ। ਇਸ ਫ਼ਿਲਮ ਦੀ ਰਿਲੀਜ਼ ਮਿਤੀ ਕਾਫ਼ੀ ਸਮਾਂ ਪਹਿਲਾਂ ਹੀ ਅਨਾਊਂਸ ਹੋ ਚੁੱਕੀ ਸੀ ਪਰ ਇਸੇ ਮਿਤੀ ਨੂੰ ਅਮਰਿੰਦਰ ਗਿੱਲ ਦੀ ਕਾਮੇਡੀ ਫ਼ਿਲਮ 'ਚੱਲ ਮੇਰਾ ਪੁੱਤ 2' ਦੇ ਰਿਲੀਜ਼ ਹੋਣ ਦੀਆਂ ਖ਼ਬਰਾਂ ਹਨ। ਦੋਵੇਂ ਫ਼ਿਲਮਾਂ ਦੇ ਵਿਸ਼ੇ ਬਹੁਤ ਵਧੀਆਂ ਹਨ। ਦੋਵੇਂ ਸਮਾਜਿਕ ਦਾਇਰੇ ਨਾਲ ਜੁੜੀਆਂ ਮਨੋਰੰਜਨ ਭਰਪੂਰ ਫ਼ਿਲਮਾਂ ਹਨ ਪਰ ਦਰਸ਼ਕ ਆਪਣੀ ਜੇਬ ਵੱਲ ਵੇਖਦਾ ਹੋਇਆ ਇਕ ਫਿਲ਼ਮ ਹੀ ਵੇਖ ਸਕੇਗਾ। ਜੇਕਰ ਇਹੋ ਫ਼ਿਲਮਾਂ ਹਫ਼ਤੇ ਦੇ ਫਰਕ ਨਾਲ ਰਿਲੀਜ਼ ਹੁੰਦੀਆਂ ਹਨ ਤਾਂ ਦੋਵਾਂ ਫ਼ਿਲਮਾਂ ਨੂੰ ਚੰਗਾ ਮੁਨਾਫ਼ਾ ਹੋਣ ਦੇ ਆਸਾਰ ਹਨ ਪਰ ਸੋਚਣ ਵਾਲੀ ਗੱਲ ਹੈ ਕਿ ਜਦ ਸਤਿੰਦਰ ਸਰਤਾਜ ਨੇ ਆਪਣੀ ਫਿਲਮ ਪਹਿਲਾਂ ਹੀ ਅਨਾਊਂਸ ਕਰ ਦਿੱਤੀ ਸੀ ਫਿਰ ਅਮਰਿੰਦਰ ਗਿੱਲ ਨੇ ਆਪਣੀ ਫਿਲਮ ਦੀ ਰਿਲੀਜ਼ਿੰਗ ਉਸੇ ਤਾਰੀਖ਼ ਨੂੰ ਕਿਉਂ ਰੱਖੀ? ਕਿਤੇ ਦੂਜੇ ਗਾਇਕਾਂ ਵਾਂਗ ਇਨ੍ਹਾਂ ਵਿਚ ਕੋਈ ਨਿੱਜੀ ਰੰਜਿਸ਼ ਤਾਂ ਨਹੀਂ ਜੋ ਇਸ ਤਰ੍ਹਾਂ ਹੋ ਰਿਹਾ ਹੈ?
ਖੈਰ ਕੁਝ ਵੀ ਹੋਵੇ ਪਰ ਇਸ ਤਰ੍ਹਾਂ ਹੋਣਾ ਪੰਜਾਬੀ ਸਿਨੇਮੇ ਲਈ ਮਾੜਾ ਸਾਬਤ ਹੋ ਸਕਦਾ ਹੈ। ਪੰਜਾਬੀ ਸਿਨੇਮੇ ਦੀ ਭਲਾਈ ਲਈ ਸਮੁੱਚੇ ਫ਼ਿਲਮਕਾਰਾਂ, ਕਲਾਕਾਰਾਂ ਤੇ ਡਿਸਟੀਬਿਊਟਰਾਂ ਨੂੰ ਆਪਸੀ ਤਾਲਮੇਲ ਸਦਕਾ ਪੰਜਾਬੀ ਸਿਨੇਮੇ ਨੂੰ ਮਜ਼ਬੂਤ ਕਰਨ ਦੇ ਲਈ ਇਸ ਪ੍ਰਤੀ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ।
Comments (0)
Facebook Comments (0)