ਤੇਜ਼ ਹਵਾਵਾਂ ਤੇ ਗੜ੍ਹੇਮਾਰੀ ਨਾਲ ਫਸਲਾਂ ਦਾ ਨੁਕਸਾਨ

ਤੇਜ਼ ਹਵਾਵਾਂ ਤੇ ਗੜ੍ਹੇਮਾਰੀ ਨਾਲ ਫਸਲਾਂ ਦਾ ਨੁਕਸਾਨ

ਚੰਡੀਗੜ੍ਹ : ਤੇਜ਼ ਹਵਾਵਾਂ ਤੇ ਮੀਂਹ ਨੇ ਪੰਜਾਬ ਤੇ ਹਰਿਆਣਾ ਵਿਚ ਖੜ੍ਹੀਆਂ ਫਸਲਾਂ ਦਾ ਨੁਕਸਾਨ ਕਰ ਦਿੱਤਾ ਹੈ। ਖਰੜ ਨੇੜਲੇ ਕਿਸਾਨ ਸਰਬਜੀਤ ਸਿੰਘ ਨੇ ਦੱਸਿਆ ਕਿ ਕਣਕ ਦੀ ਫਸਲ ਵਿਛ ਗਈ ਹੈ ਤੇ ਮੌਸਮ ਵਿਭਾਗ ਆਉਂਦੇ ਦਿਨਾਂ ਵਿਚ ਹੋਰ ਮੀਂਹ ਦੀ ਪੇਸ਼ੀਨਗੋਈ ਕਰ ਰਿਹਾ ਹੈ, ਜਿਸ ਕਰਕੇ ਨੁਕਸਾਨ ਭਾਰੀ ਹੋ ਸਕਦਾ ਹੈ। ਫਤਿਹਗੜ੍ਹ ਸਾਹਿਬ ਦੇ ਕਿਸਾਨ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਸਰਕਾਰ ਸਪੈਸ਼ਲ ਗਿਰਦਾਵਰੀ ਦਾ ਐਲਾਨ ਕਰਕੇ ਕਿਸਾਨਾਂ ਨੂੰ ਮੁਆਵਜ਼ਾ ਦੇਵੇ। ਮੌਸਮ ਵਿਭਾਗ ਨੇ ਐਤਵਾਰ ਤੱਕ ਮੀਂਹ ਤੇ ਤੇਜ਼ ਹਵਾਵਾਂ ਦੀ ਪੇਸ਼ੀਨਗੋਈ ਕੀਤੀ ਹੈ।
ਪਾਤੜਾਂ (ਭੁਪਿੰਦਰਜੀਤ ਮੌਲਵੀਵਾਲਾ) : ਦੋ ਦਿਨਾਂ ਤੋਂ ਰੁਕ-ਰੁਕ ਕੇ ਪੈ ਰਹੀ ਬਰਸਾਤ, ਤੇਜ਼ ਹਵਾਵਾਂ ਅਤੇ ਹਲਕੀ ਗੜੇਮਾਰੀ ਨਾਲ ਸੈਂਕੜੇ ਏਕੜ ਕਣਕ ਦੀ ਫ਼ਸਲ ਨੁਕਸਾਨੀ ਗਈ। ਇਸ ਦੌਰਾਨ ਹੋਏ ਹਨੇਰੇ ਤੇ ਕਈ ਥਾਈਂ ਪਾਣੀ ਭਰਨ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਪੁੱਤਾਂ ਵਾਂਗ ਪਾਲੀ ਕਣਕ ਦੀ ਫਸਲ ਧਰਤੀ 'ਤੇ ਵਿਛੀ ਵੇਖ ਕੇ ਕਿਸਾਨਾਂ ਨੂੰ ਡੋਬੂ ਪੈ ਰਹੇ ਹਨ, ਪਰ ਉਨ੍ਹਾਂ ਦੀ ਸੁਣਨ ਵਾਲਾ ਕੋਈ ਨਜ਼ਰ ਨਹੀਂ ਆ ਰਿਹਾ। ਖੇਤੀਬਾੜੀ ਵਿਭਾਗ ਅਨੁਸਾਰ ਮੀਂਹ ਕਣਕਾਂ ਲਈ ਲਾਹੇਵੰਦ ਸੀ, ਪਰ ਤੇਜ਼ ਹਵਾਵਾਂ ਨਾਲ ਡਿੱਗੀਆਂ ਫ਼ਸਲਾਂ ਦੇ ਝਾੜ ਉੱਤੇ ਫਰਕ ਪੈਣ ਦਾ ਡਰ ਬਣਿਆ ਹੋਇਆ ਹੈ। ਦੋ ਦਿਨਾਂ ਤੋਂ ਰੁਕ-ਰੁਕ ਕੇ ਹੋ ਰਹੀ ਬਰਸਾਤ ਤੇ ਤੇਜ਼ ਹਵਾ ਦੇ ਨਾਲ ਕੁਝ ਥਾਵਾਂ ਉੱਤੇ ਹਲਕੀ ਗੜੇਮਾਰੀ ਹੋਈ ਹੈ। ਹਲਕਾ ਸ਼ੁਤਰਾਣਾ ਵਿੱਚ ਇਸ ਕਾਰਨ ਕਣਕ ਦੀ ਫਸਲ ਵੱਡੇ ਪੱਧਰ ਉੱਤੇ ਵਿਛ ਗਈ ਹੈ, ਜਿਹੜੀ ਕਣਕ ਨੂੰ ਤਾਜ਼ਾ ਪਾਣੀ ਲੱਗਿਆ ਸੀ, ਉਸ ਦਾ ਜ਼ਿਆਦਾ ਨੁਕਸਾਨ ਹੋਇਆ। ਪਿੰਡ ਕਾਠ, ਉਗਕੇ, ਧੂੜੀਆਂ, ਡੇਰਾ ਕੁਲਵਾਣੂੰ, ਡੇਰਾ ਛਬੀਲਪੁਰ, ਸ਼ੁਤਰਾਣਾ, ਦਫਤਰੀਵਾਲਾ, ਮੌਲਵੀਵਾਲਾ, ਨੂਰਪੁਰਾ ਅਤੇ ਗੁਲਾੜ ਆਦਿ ਦਰਜਨਾਂ ਪਿੰਡਾਂ ਦੇ ਕਿਸਾਨਾਂ ਨੇ ਦੱਸਿਆ ਕਿ ਰਾਤ ਸਮੇਂ ਚੱਲੀ ਤੇਜ਼ ਹਵਾ ਨੇ ਉਨ੍ਹਾਂ ਦੀ ਕਣਕ ਦੀ ਫਸਲ ਵਿਛਾ ਦਿੱਤੀ ਹੈ, ਜਿਸ ਕਾਰਨ ਝਾੜ ਘੱਟ ਨਿਕਲਣ ਦੀ ਸੰਭਾਵਨਾ ਹੈ।
ਇਸ ਦੌਰਾਨ ਪਿੰਡ ਕਾਠ ਦੇ ਮਨਜੀਤ ਸਿੰਘ ਮਾਹਲ, ਸੁਖਜੀਤ ਸਿੰਘ ਬਕਰਾਹਾ, ਬਲਵੀਰ ਸਿੰਘ ਸ਼ੁਤਰਾਣਾ ਆਦਿ ਨੇ ਕਿਹਾ ਕਿ ਕਿਸਾਨਾਂ ਨੂੰ ਕੁਝ ਸਮੇਂ ਤੋਂ ਲਗਾਤਾਰ ਕੁਦਰਤੀ ਮਾਰ ਪੈ ਰਹੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਭਾਜਪਾ ਨੇ ਪਿਛਲੀਆਂ ਚੋਣਾ ਦੌਰਾਨ ਵਾਅਦਾ ਕੀਤਾ ਸੀ ਕਿ ਉਨ੍ਹਾਂ ਦੀ ਸਰਕਾਰ ਬਣਨ ਉਤੇ ਸਵਾਮੀਨਾਥਨ ਦੀ ਰਿਪੋਰਟ ਲਾਗੂ ਕਰਕੇ ਕਿਸਾਨੀ ਨੂੰ ਬਚਾਉਣ ਦੇ ਉਪਰਾਲੇ ਕੀਤੇ ਜਾਣਗੇ, ਪਰ ਹੋਇਆ ਕੁਝ ਵੀ ਨਹੀਂ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਆਏ ਹੜ੍ਹ ਕਾਰਨ ਉਨ੍ਹਾਂ ਦੀਆਂ ਫ਼ਸਲਾ ਮਾਰੀਆਂ ਗਈਆਂ ਸਨ, ਉਨ੍ਹਾਂ ਦਾ ਅਜੇ ਤੱਕ ਪੀੜਤ ਲੋਕਾਂ ਨੂੰ ਮੁਆਵਜ਼ਾ ਨਹੀਂ ਮਿਲਿਆ, ਹੁਣ ਹੋਏ ਨੁਕਸਾਨ ਦੀ ਕੀ ਉਮੀਦ ਕੀਤੀ ਜਾ ਸਕਦੀ ਹੈ। ਇਸ ਦੌਰਾਨ ਸ਼ੁੱਕਰਵਾਰ ਦਿਨ ਵੇਲੇ ਬੱਦਲ ਏਨੇ ਸੰਘਣੇ ਹੋ ਗਏ ਕਿ ਦਿਨ ਵੇਲੇ ਹੀ ਹਨੇਰਾ ਹੋ ਗਿਆ ਤੇ ਰਾਹਗੀਰਾਂ ਨੂੰ ਆਪਣੇ ਵਾਹਨਾਂ ਦੀਆਂ ਬੱਤੀਆਂ ਜਗਾਉਣੀਆਂ ਪਈਆਂ। ਪੀ ਏ ਯੂ ਦੇ ਮੌਸਮ ਵਿਭਾਗ ਦੇ ਮਾਹਰਾਂ ਦਾ ਕਹਿਣਾ ਹੈ ਕਿ ਮੀਂਹ ਕਣਕ ਅਤੇ ਸਰ੍ਹੋਂ ਦੀ ਫ਼ਸਲ ਨੂੰ ਤਾਪਮਾਨ ਵਧਣ ਨਾਲ ਲੱਗਦੇ ਚੇਪਾ ਰੋਗ ਤੋਂ ਬਚਾਏਗਾ।
ਮਾਨਸਾ (ਰੀਤਵਾਲ) : ਜ਼ਿਲ੍ਹੇ 'ਚ ਕਈ ਥਾਈਂ ਹੋਈ ਬਾਰਿਸ਼, ਤੇਜ਼ ਹਵਾ ਅਤੇ ਹੋਈ ਭਾਰੀ ਗੜੇਮਾਰੀ ਨਾਲ ਕਣਕ ਦੀ ਫ਼ਸਲ ਨੂੰ ਕਾਫੀ ਨੁਕਸਾਨ ਪਹੁੰਚਿਆ ਹੈ। ਕਿਸਾਨ ਲਾਲ ਚੰਦ ਅਤੇ ਅਜੈਬ ਸਿੰਘ ਨੇ ਦੱਸਿਆ ਕਿ ਮੀਂਹ ਤੇ ਗੜੇਮਾਰੀ ਕਾਰਨ ਬਹੁਤੇ ਖੇਤਾਂ 'ਚ ਕਣਕ ਨੂੰ ਨੁਕਸਾਨ ਪਹੁੰਚਿਆ ਅਤੇ ਧਰਤੀ 'ਤੇ ਡਿੱਗਣ ਕਾਰਨ ਜਿੱਥੇ ਕਣਕ ਦਾ ਦਾਣਾ ਹਲਕਾ ਪੈ ਜਾਵੇਗਾ, ਉੱਥੇ ਝਾੜ ਘੱਟ ਨਿਕਲਣ ਦਾ ਖਦਸ਼ਾ ਹੈ। ਮੀਂਹ ਨੇ ਇੱਕ ਵਾਰ ਫਿਰ ਠੰਢ ਵਿੱਚ ਵਾਧਾ ਕਰ ਦਿੱਤਾ ਹੈ। ਸਹਿਯੋਗ ਕਲੱਬ ਦੇ ਮੈਂਬਰਾਂ ਨੇ ਦੱਸਿਆ ਕਿ ਪਈ ਬਾਰਿਸ਼ ਕਾਰਨ ਨੀਵੇਂ ਘਰਾਂ ਅਤੇ ਦੁਕਾਨਾਂ ਵਿੱਚ ਪਾਣੀ ਦਾਖਲ ਹੋ ਗਿਆ ਅਤੇ ਬਹੁਤ ਸਾਰੇ ਆਮ ਲੋਕਾਂ ਦੇ ਘਰ ਚੋ ਰਹੇ ਹਨ। ਕੁਝ ਕੱਚੇ ਘਰਾਂ ਦੀਆਂ ਛੱਤਾਂ ਵੀ ਇਸ ਬਾਰਿਸ਼ ਕਾਰਨ ਗਿਰ ਜਾਣ ਕਾਰਨ ਭਾਰੀ ਨੁਕਸਾਨ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਪਈ ਬਾਰਿਸ਼ ਕਾਰਨ ਮਾਰਚ ਮਹੀਨੇ 'ਚ ਜਨਵਰੀ ਮਹੀਨੇ ਵਾਂਗ ਠੰਢ ਹੋ ਗਈ ਹੈ।
ਫ਼ਿਰੋਜ਼ਪੁਰ (ਸਤਬੀਰ ਬਰਾੜ ਮਨੀਸ਼) : ਪੰਜਾਬ ਭਰ ਵਿੱਚ ਮੀਂਹ, ਝੱਖੜ ਤੇ ਗੜੇਮਾਰੀ ਨਾਲ ਸੈਂਕੜੇ ਏਕੜ ਫ਼ਸਲ ਨੁਕਸਾਨੀ ਗਈ ਹੈ। ਬਹੁਤਾ ਨੁਕਸਾਨ ਕਣਕ ਦੀ ਫਸਲ ਦਾ ਹੋਇਆ ਹੈ, ਕਿਉਂਕਿ ਜ਼ਿਆਦਾਤਰ ਇਲਾਕਿਆਂ ਵਿੱਚ ਫਸਲ ਨਿੱਸਰ ਰਹੀ ਸੀ। ਫਸਲ ਡਿੱਗਣ ਨਾਲ ਝਾੜ 'ਤੇ ਵੱਡਾ ਫਰਕ ਪੈਣ ਦਾ ਖਦਸ਼ਾ ਹੈ। ਇਸ ਤੋਂ ਇਲਾਵਾ ਆਲੂਆਂ ਦੀ ਫਸਲ ਦਾ ਵੀ ਕਾਫੀ ਨੁਕਸਾਨ ਹੋਇਆ ਹੈ। ਉਂਝ ਖੇਤੀਬਾੜੀ ਵਿਭਾਗ ਅਨੁਸਾਰ ਮੀਂਹ ਕਣਕਾਂ ਲਈ ਲਾਹੇਵੰਦ ਹੈ, ਪਰ ਝੱਖੜ ਨਾਲ ਜਿਹੜੀ ਫਸਲ ਡਿੱਗੀ ਹੈ, ਉਸ ਦਾ ਨੁਕਸਾਨ ਹੋਏਗਾ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਇੱਕ-ਦੋ ਦਿਨ ਅਜਿਹਾ ਹੀ ਮੌਸਮ ਰਹਿਣ ਦੀ ਚਿਤਾਵਨੀ ਦਿੱਤੀ ਹੈ। ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਉਹ ਕਣਕ ਦੀ ਫ਼ਸਲ ਨੂੰ ਅਗਲੇ ਪੂਰੇ ਹਫ਼ਤੇ ਤੱਕ ਪਾਣੀ ਦੇਣ ਤੋਂ ਗੁਰੇਜ਼ ਕਰਨ। ਕਿਸਾਨ ਜਗਤਾਰ ਸਿੰਘ ਕੁੱਲਗੜ੍ਹੀ, ਜਸਪਾਲ ਸਿੰਘ, ਕਿਸਾਨ ਯੂਨੀਅਨ ਆਗੂ ਪੁਸ਼ਪਿੰਦਰ ਸਿੰਘ, ਸੁਰਜੀਤ ਸਿੰਘ, ਸਰਬਜੀਤ ਸਿੰਘ ਗਿੱਲ ਦੱਸਿਆ ਕਿ ਇਹ ਬਾਰਿਸ਼ ਤਾਂ ਕਣਕਾਂ ਲਈ ਚੰਗੀ ਹੈ, ਪਰ ਜੋ ਝੱਖੜ ਅਤੇ ਹਨੇਰੀ ਚੱਲ ਰਹੀ ਹੈ, ਉਸ ਨਾਲ ਸਾਡੀ ਪੁੱਤਾਂ ਵਾਂਗੂ ਪਾਲੀ ਹੋਈ ਫ਼ਸਲ ਵਿਛ ਗਈ ਹੈ, ਜਿਸ ਕਾਰਨ ਝਾੜ ਵਿੱਚ ਕਾਫੀ ਫਰਕ ਪਏਗਾ ਅਤੇ ਸਾਨੂੰ ਕਾਫੀ ਨੁਕਸਾਨ ਭੁਗਤਣਾ ਪਵੇਗਾ। ਉਕਤ ਕਿਸਾਨ ਆਗੂਆਂ ਨੇ ਸਰਕਾਰ ਪਾਸੋਂ ਮੰਗ ਕੀਤੀ ਕਿ ਉਹ ਤਾਂ ਪਹਿਲਾਂ ਹੀ ਕਰਜ਼ੇ ਦੀ ਮਾਰ ਝੱਲ ਰਹੇ ਹਨ, ਉਨ੍ਹਾਂ ਨੂੰ ਤਬਾਹ ਹੋਈ ਫ਼ਸਲ ਦਾ ਮੁਆਵਜ਼ਾ ਦਿੱਤਾ ਜਾਵੇ।
ਤਪਾ ਮੰਡੀ (ਅਰੁਣ ਗੋਇਲ, ਮੁਨੀਸ਼ ਬਾਂਸਲ) : ਕਿਸਾਨ ਭੋਲਾ ਸਿੰਘ ਚੱਠਾ, ਤੇਜਵੰਤ ਸਿੰਘ ਧਾਲੀਵਾਲ, ਜੀਵਨ ਸਿੰਘ ਔਜਲਾ, ਹਰਦੀਪ ਸਿੰਘ ਸੇਖੋਂ ਤੇ ਰਾਜਿੰਦਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਫ਼ਸਲ ਜੋ ਬੱਲੀਆਂ ਕੱਢ ਚੁੱਕੀ ਹੈ ਅਤੇ ਰੁੱਤ ਮੁਤਾਬਕ ਇਸ ਦੇ ਬੂਟਿਆਂ ਦੀ ਲੰਬਾਈ ਵੀ ਕਾਫ਼ੀ ਹੋ ਚੁੱਕੀ ਹੈ, ਦਾ ਚੰਗਾ ਝਾੜ ਲੈਣ ਲਈ ਇਸ ਸਮੇਂ ਉਸ ਦਾ ਖੜ੍ਹਾ ਰਹਿਣਾ ਬਹੁਤ ਜ਼ਰੂਰੀ ਹੈ, ਪਰ ਮੀਂਹ ਦੇ ਨਾਲ ਚੱਲ ਰਹੀਆਂ ਤੇਜ਼ ਹਵਾਵਾਂ ਨੇ ਫ਼ਸਲ ਨੂੰ ਧਰਤੀ ਉੱਪਰ ਵਿਛਾ ਦਿੱਤਾ ਹੈ, ਜਿਸ ਨਾਲ ਇਸ ਦੀਆਂ ਜੜ੍ਹਾਂ ਹਿੱਲ ਜਾਣ ਦੇ ਨਾਲ-ਨਾਲ ਬੱਲੀਆਂ ਦਾ ਇਕ ਪਾਸਾ ਧਰਤੀ 'ਤੇ ਲੱਗਣ ਕਾਰਨ ਫਸਲ ਖਰਾਬ ਹੋ ਜਾਂਦੀ ਹੈ ਅਤੇ ਦਾਣਿਆਂ ਤੱਕ ਜਾਣ ਲਈ ਬੂਟੇ ਵਿੱਚੋਂ ਭਰਪੂਰ ਖ਼ੁਰਾਕ ਨਹੀਂ ਮਿਲ ਸਕਦੀ। ਇਸ ਕਾਰਨ ਫਸਲ ਦੇ ਝਾੜ 'ਤੇ ਕਾਫੀ ਅਸਰ ਦਿਖਾਈ ਦਿੰਦਾ ਹੈ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਹੀ ਪੱਕ ਰਹੀ ਸਰ੍ਹੋਂ ਦੀ ਫ਼ਸਲ ਨੂੰ ਵੀ ਬੇਸ਼ੱਕ ਤੇਜ਼ ਹਵਾਵਾਂ ਅਤੇ ਮੀਂਹ ਕਾਰਨ ਕੋਈ ਜ਼ਿਆਦਾ ਨੁਕਸਾਨ ਤਾਂ ਨਹੀਂ ਹੋਵੇਗਾ, ਪਰ ਛੋਲਿਆਂ ਦੀ ਫ਼ਸਲ ਅਤੇ ਸਬਜ਼ੀਆਂ ਉੱਤੇ ਬੁਰਾ ਪ੍ਰਭਾਵ ਜ਼ਰੂਰ ਵੇਖਣ ਨੂੰ ਮਿਲੇਗਾ। ਆਲੂਆਂ ਬਾਰੇ ਗੱਲ ਕਰਦਿਆਂ ਉਹਨਾਂ ਦੱਸਿਆ ਕਿ ਆਲੂਆਂ ਦੀ ਚੱਲ ਰਹੀ ਪੁਟਾਈ 'ਤੇ ਕੁਝ ਦਿਨਾਂ ਲਈ ਰੁਕਾਵਟ ਪਵੇਗੀ ਅਤੇ ਪੁੱਟੇ ਹੋਏ ਆਲੂਆਂ ਦਾ ਵੀ ਖਰਾਬ ਹੋਣ ਦਾ ਡਰ ਬਣਿਆ ਰਹੇਗਾ। ਇਸ ਤੋਂ ਇਲਾਵਾ ਨਾਮਦੇਵ ਮਾਰਗ ਦੇ ਹੋ ਰਹੇ ਨਵ-ਨਿਰਮਾਣ ਦੌਰਾਨ ਮੀਂਹ ਦਾ ਪਾਣੀ ਖੜ੍ਹਾ ਹੋਣ ਕਾਰਨ ਆਵਾਜਾਈ ਪ੍ਰਭਾਵਤ ਹੋਣ ਦੇ ਨਾਲ-ਨਾਲ ਰਾਹਗੀਰਾਂ ਨੂੰ ਵੀ ਆਉਣ-ਜਾਣ 'ਚ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।