ਸਾਨੀਆ ਮਿਰਜ਼ਾ ਦੀ ਮਾਂ ਬਣਨ ਮਗਰੋਂ ਪਹਿਲੀ ਜਿੱਤ, ਹੋਰ ਖਿਡਾਰਨਾਂ ਜਿਨ੍ਹਾਂ ਨੇ ਕੀਤੀ ਸੀ ਵਾਪਸੀ

ਸਾਨੀਆ ਮਿਰਜ਼ਾ ਦੀ ਮਾਂ ਬਣਨ ਮਗਰੋਂ ਪਹਿਲੀ ਜਿੱਤ, ਹੋਰ ਖਿਡਾਰਨਾਂ ਜਿਨ੍ਹਾਂ ਨੇ ਕੀਤੀ ਸੀ ਵਾਪਸੀ

Getty Images ਸਾਲ 2017 ਵਿੱਚ ਮੈਟਰਨਿਟੀ ਛੁੱਟੀ ’ਤੇ ਜਾਣ ਤੋਂ ਬਾਅਦ ਇਹ ਉਨ੍ਹਾਂ ਦਾ ਪਹਿਲਾ ਟੂਰਨਾਮੈਂਟ ਸੀ।

ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਨੇ 2 ਸਾਲ ਤੋਂ ਵਧੇਰੇ ਸਮੇਂ ਦੀ ਮੈਟਰਨਿਟੀ ਛੁੱਟੀ ਤੋਂ ਬਾਅਦ ਕੌਮਾਂਤਰੀ ਟੈਨਿਸ ਵਿੱਚ ਜਿੱਤ ਨਾਲ ਵਾਪਸੀ ਕੀਤੀ ਹੈ।

ਛੁੱਟੀ ਤੋਂ ਬਾਅਦ ਆਪਣਾ ਪਲੇਠਾ ਟੂਰਨਾਮੈਂਟ, ਹੋਬਰਟ ਇੰਟਰਨੈਸ਼ਨਲ ਟਾਈਟਲ, ਉਨ੍ਹਾਂ ਨੇ ਨਾਦੀਆ ਕਿਚਨੋਕ ਦੇ ਨਾਲ 6-4, 6-4 ਨਾਲ ਜਿੱਤਿਆ।

ਸਾਨੀਆਂ ਨੇ ਇਸ ਬਾਰੇ ਆਪਣੇ ਦੋ ਸਾਲਾ ਬੇਟੇ ਨਾਲ ਇੱਕ ਭਾਵੁਕ ਤਸਵੀਰ ਟਵੀਟ ਕੀਤੀ ਤੇ ਲਿਖਿਆ, "ਅੱਜ ਮੇਰੀ ਜ਼ਿੰਦਗੀ ਦਾਂ ਸਭ ਤੋਂ ਖ਼ਾਸ ਦਿਨ ਸੀ। ਜਦੋਂ ਮੇਰੇ ਮਾਪੇ ਤੇ ਮੇਰਾ ਛੋਟਾ ਜਿਹਾ ਬੇਟਾ ਕਾਫ਼ੀ ਲੰਬੇ ਸਮੇਂ ਬਾਅਦ ਖੇਡੇ ਗਏ ਮੈਚ ਦੌਰਾਨ ਮੇਰੇ ਨਾਲ ਸਨ। ਅਸੀਂ ਆਪਣਾ ਪਹਿਲਾ ਰਾਊਂਡ ਜਿੱਤ ਲਿਆ। ਮੈਂ ਖ਼ੁਦ ਨੂੰ ਮਿਲ ਰਹੇ ਪਿਆਰ ਲਈ ਸ਼ੁਕਰਗੁਜ਼ਾਰ ਹਾਂ।"

ਸਾਨੀਆ ਮਿਰਜ਼ਾ ਤੇ ਉਨ੍ਹਾਂ ਦੇ ਪਤੀ ਪਾਕਿਸਤਾਨੀ ਕ੍ਰਿਕਟਰ ਸ਼ੋਇਬ ਮਲਿਕ ਦੇ ਘਰ ਸਾਲ 2018 ਵਿੱਚ ਬੇਟੇ ਇਜ਼ਹਾਨ ਮਿਰਜ਼ਾ-ਮਲਿਕ ਦਾ ਜਨਮ ਹੋਇਆ।

ਸਾਨੀਆ ਨੇ ਹਾਲੀਆ ਜਿੱਤ ਆਪਣੀ ਜੋੜੀਦਾਰ ਨਾਦੀਆ ਕਿਸ਼ਨੌਕ ਨਾਲ ਮਿਲ ਕੇ ਹਾਸਲ ਕੀਤੀ। ਸਾਲ 2017 ਵਿੱਚ ਮੈਟਰਨਿਟੀ ਛੁੱਟੀ ’ਤੇ ਜਾਣ ਤੋਂ ਬਾਅਦ ਇਹ ਉਨ੍ਹਾਂ ਦਾ ਪਹਿਲਾ ਟੂਰਨਾਮੈਂਟ ਸੀ। ਜੋੜੀ ਨੇ ਸ਼ਾਉਈ ਪੈਂਗ ਤੇ ਸ਼ਾਉਈ ਜ਼ੈਂਗ ਦੀ ਜੋੜੀ ਨੂੰ ਹਰਾਇਆ।

ਹੋਰ ਕਿਹੜੀਆਂ ਖਿਡਾਰਨਾ ਨੇ ਕੀਤੀ ਸੀ ਵਾਪਸੀ

ਭਾਰਤੀ ਬੌਕਸਰ ਮੈਰੀ ਕੌਮ ਨੇ ਵੀ ਆਪਣੇ ਦੋਹਾਂ ਬੱਚਿਆਂ ਤੋਂ ਬਾਅਦ ਰਿੰਗ ਵਿੱਚ ਵਾਪਸੀ ਕੀਤੀ ਸੀ ਤੇ ਕੌਮਾਂਤਰੀ ਮੁਕਾਬਲਿਆਂ ਵਿੱਚ ਜਿੱਤ ਦਰਜ ਕੀਤੀ ਸੀ।

ਭਾਰਤੀ ਟਰੈਕ ਦੀ ਰਾਣੀ ਪੀਟੀ ਊਸ਼ਾ ਨੇ ਵੀ 1990 ਦੇ ਦਹਾਕੇ ਵਿੱਚ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਖੇਡਾਂ ਵਿੱਚ ਵਾਪਸੀ ਕੀਤੀ ਸੀ।

ਤੇਈ ਵਾਰ ਵਿੰਬਲਡਨ ਗਰੈਂਡ ਸਲੈਮ ਜੇਤੂ ਰਹੀ ਸਰੀਨਾ ਵਿਲੀਅਮਜ਼ ਨੇ ਵੀ ਛੇ ਮਹੀਨਿਆਂ ਦੀ ਮੈਟਰਨਿਟੀ ਛੁੱਟੀ ਤੋਂ ਬਾਅਦ ਸਾਲ 2018 ਵਿੱਚ ਧਮਾਕੇਦਾਰ ਵਾਪਸੀ ਕੀਤੀ ਸੀ।

ਅਤੀਤ ਵਿੱਚ ਮਾਂ ਬਣਨ ਨੂੰ ਖਿਡਾਰਨਾਂ ਲਈ ਇੱਕ ਰੁਕਾਵਟ ਸਮਝਿਆ ਜਾਂਦਾ ਸੀ।

ਇਹ ਵੀ ਪੜ੍ਹੋ:

ਬੀਬੀਸੀ ਨੂੰ ਦਿੱਤੇ ਇੱਕ ਇੰਟਰਵਿਊ ਦੌਰਾਨ ਸਰੀਨਾ ਨੇ ਕਿਹਾ ਸੀ, "ਮੈਂ ਅਕਸਰ ਹੈਰਾਨ ਹੁੰਦੀ ਕਿ ਪਹਿਲੇ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਮੈਂ ਪ੍ਰੈਕਟਿਸ ਕੋਰਟ ਜਾਣਾ ਕਿਵੇਂ ਜਾਰੀ ਰੱਖਾਂਗੀ।“

“ਇਹ ਬਹੁਤ ਮੁਸ਼ਕਲ ਰਿਹਾ ਹੈ ਪਰ ਮੈਂ ਜਾਂਦੀ ਰਹਿੰਦੀ ਹਾਂ ਮੈਨੂੰ ਪਤਾ ਹੈ ਕਿ ਹਾਲੇ ਸ਼ਾਇਦ ਮੈਂ ਆਪਣਾ ਸਰਬੋਤਮ ਨਾ ਦੇ ਸਕਾਂ ਪਰ ਮੈਂ ਹਰ ਦਿਨ ਨਵਾਂ ਦਿਨ ਹੈ ਤੇ ਮੈਂ ਬਹਿਤਰ ਹੁੰਦੀ ਜਾਵਾਂਗੀ। ਜਦੋਂ ਤੱਕ ਮੈਂ ਅਗਾਂਹ ਵਧ ਰਹੀ ਹਾਂ ਭਾਵੇਂ ਕਛੂ ਕੁੰਮੇ ਦੀ ਚਾਲ ਹੀ ਸਹੀ ਮੈਂ ਇਸ ਨਾਲ ਸੰਤੁਸ਼ਟ ਹਾਂ।"

ਪਿਛਲੇ ਸਾਲਾਂ ਦੌਰਾਨ ਕਈ ਖਿਡਾਰਨਾਂ ਨੇ ਇਸ ਧਾਰਨਾ ਨੂੰ ਤੋੜਿਆ ਹੈ। ਸਰੀਨਾ ਨੇ ਇਸ ਦਾ ਸਧਾਰਨੀਕਰਨ ਕਰ ਦਿੱਤਾ ਹੈ। ਉਹ ਅਕਸਰ ਮੈਦਾਨ ਵਿੱਚ ਤੇ ਪ੍ਰੈਕਟਿਸ ਦੌਰਾਨ ਆਪਣੀ ਬੇਟੀ ਨਾਲ ਦੇਖੇ ਜਾਂਦੇ ਹਨ।

ਪਿਛਲੇ ਸਾਲ 32 ਸਾਲਾ ਸ਼ੈਲੀਆਨ ਫਰੇਜ਼ਰ ਪ੍ਰਾਈਸ ਨੇ ਵਿਸ਼ਵ ਅਥਲੈਟਿਕ ਚੈਂਪੀਅਨਸ਼ਿਪਸ ਵਿੱਚ ਸੋਨਾ ਜਿੱਤਿਆ। ਮੈਡਲ ਲੈਣ ਸਮੇਂ ਉਨ੍ਹਾਂ ਨੇ ਆਪਣੇ ਪੁੱਤਰ ਨੂੰ ਗੋਦੀ ਚੁੱਕਿਆ ਹੋਇਆ ਸੀ। ਇਹ ਉਨ੍ਹਾਂ ਦਾ ਅੱਠਵਾਂ ਟਾਈਟਲ ਸੀ।

ਇਸ ਮਗਰੋਂ ਉਨ੍ਹਾਂ ਨੇ ਆਪਣੇ ਭਾਵ ਕੁਝ ਇਸ ਤਰ੍ਹਾਂ ਪ੍ਰਗਟਾਏ, "ਬੇਟਾ ਹੋਣਾ ਤੇ ਵਾਪਸੀ ਕਰਨਾ ਤੇ ਉਸ ਮਗਰੋਂ ਜਿਵੇਂ ਮੈਂ ਖੇਡੀ। ਮੈਨੂੰ ਉਮੀਦ ਹੈ ਕਿ ਮੈਂ ਪਰਿਵਾਰ ਸ਼ੁਰੂ ਕਰਨ ਬਾਰੇ ਸੋਚਣ ਵਾਲੀਆਂ ਔਰਤਾਂ ਨੂੰ ਪ੍ਰੇਰਿਤ ਕਰ ਸਕਦੀ ਹਾਂ। ਤੁਸੀਂ ਕੁਝ ਵੀ ਕਰ ਸਕਦੀਆਂ ਹੋ।"

ਕਿੰਮ ਕਾਸਟਰਸ, ਵਿਸ਼ਵ ਦੀ ਸਾਬਕਾ ਪਹਿਲੇ ਨੰਬਰ ਦੀ ਖਿਡਾਰਨ ਨੇ 36 ਸਾਲਾਂ ਦੀ ਉਮਰ ਵਿੱਚ ਇਸੇ ਸਾਲ ਹੋਣ ਵਾਲੇ ਡਬਲਿਊ.ਟੀ.ਏ. ਟੂਅਰ ਨਾਲ ਖੇਡ ਵਿੱਚ ਵਾਪਸੀ ਕਰਨੀ ਹੈ।

ਪੁਰਸ਼ਾਂ ਲਈ ਵਾਪਸੀ ਦਾ ਮਤਲਬ ਆਮ ਤੌਰ ਤੇ ਕਿਸੇ ਸੱਟ ਜਾਂ ਪਾਬੰਦੀ ਤੋਂ ਬਾਅਦ ਮੈਦਾਨ ਵਿੱਚ ਵਾਪਸ ਆਉਣ ਤੋਂ ਹੁੰਦਾ ਹੈ।

ਜਦਕਿ ਔਰਤਾਂ ਲਈ ਬੱਚੇ ਦੀ ਪੈਦਾਇਸ਼ ਤੋਂ ਬਾਅਦ ਮੈਦਾਨ ਵਿੱਚ ਆਉਣਾ ਨਵੀਂ ਗੱਲ ਹੈ। ਇਸ ਤੋਂ ਕਿਹਾ ਜਾ ਸਕਦਾ ਹੈ ਕਿ ਸਮਾਂ ਬਦਲ ਰਿਹਾ ਹੈ।

ਕਿੰਮ ਕਾਸਟਰਸ ਨੇ ਕਿਹਾ ਸੀ, "ਮਾਂਵਾਂ ਅੱਜ-ਕੱਲ੍ਹ ਸਿਖਰਲੇ ਪੱਧਰ 'ਤੇ ਮੁਕਾਬਲਾ ਕਰ ਰਹੀਆਂ ਹਨ- ਇਹੀ ਮੇਰੀ ਪ੍ਰੇਰਣਾ ਹੈ।"