
ਖੂਬਸੂਰਤ ਕਾਰੀਗਰੀ ਦੇ ਕਦਰਦਾਨਾਂ ਦੀ ਕਮੀ ਕਰਕੇ ਹੁਨਰਮੰਦ ਲੋਕ ਮੁਸ਼ਕਿਲ ਵਿੱਚ। ਡਾ: ਅਜੀਤਪਾਲ ਸਿੰਘ ਐਮ ਡੀ
Sun 26 May, 2019 0
ਖੂਬਸੂਰਤ ਕਾਰੀਗਰੀ ਦੇ ਕਦਰਦਾਨਾਂ ਦੀ ਕਮੀ ਕਰਕੇ ਹੁਨਰਮੰਦ ਲੋਕ ਮੁਸ਼ਕਿਲ ਵਿੱਚ---- ਡਾ: ਅਜੀਤਪਾਲ ਸਿੰਘ ਐਮ ਡੀ
ਪੁਰਾਣੇ ਲਖਨਊ ਦੇ ਭੀੜ ਵਾਲੇ ਇਲਾਕੇ ਦੇ ਚੌਕ ਤੋਂ ਕਰੀਬ ਦੋ ਕਿਲੋਮੀਟਰ ਅੰਦਰ ਗੰਦਗੀ ਅਤੇ ਬਦਬੂ ਨਾਲ ਭਰਪੂਰ ਨਾਲੇ ਦੇ ਉੱਪਰ ਬਣੀਆਂ ਪੱਟੜੀਆਂ ਤੇ ਬਣੇ ਛੋਟੇ ਮਕਾਨਾਂ ਅਤੇ ਕਮਰਿਆਂ ਵਿੱਚ ਦਾਖਲ ਹੋਣ ਤੋਂ ਪਹਿਲਾਂ ਕੋਈ ਇਹ ਕਲਪਨਾ ਵੀ ਮੁਸ਼ਕਿਲ ਨਾਲ ਹੀ ਕਰ ਸਕਦਾ ਹੈ ਕਿ ਇੰਨੇ ਗੰਦੇ ਮਾਹੌਲ ਨੂੰ ਪਾਰ ਕਰਕੇ ਇਨ੍ਹਾਂ ਤੰਗ ਕਮਰਿਆਂ ਵਿੱਚ ਤੁਹਾਨੂੰ ਨਾਯਾਬ ਕਸੀਦਾਕਾਰੀ ਦੇਖਣ ਨੂੰ ਮਿਲੇਗੀ। ਇੱਥੇ ਕਾਰੀਗਰਾਂ ਦੇ ਅੱਧਬਣੇ ਅਤੇ ਤਿਆਰ ਵਸਤਰਾਂ ਤੇ ਆਲਾ ਦਰਖੇ ਦੀ ਜ਼ਰਦੋਜੀ/ਕਸ਼ੀਦਕਾਰੀ ਦੇਖਣ ਹੀ ਵਾਲੀ ਹੈ। ਤੁਸੀਂ ਖੂਬਸੂਰਤ ਜਰਦੋਜੀ (ਕਸ਼ੀਦਕਾਰੀ) ਨਾਲ ਸਜੇ ਖੂਬਸੂਰਤ ਵਸਤਰਾਂ ਨੂੰ ਤੁਸੀਂ ਦੇਖਦੇ ਹੀ ਰਹਿ ਜਾਓਗੇ ਅਤੇ ਸੋਚਣ ਲੱਗੋਗੇ ਕਿ ਨਿੱਸ਼ਚੇ ਹੀ ਜਰਦੋਜੀ ਦੇ ਕਾਰੀਗਰ ਖ਼ੁਸ਼ਹਾਲ ਹੋਣਗੇ ਅਤੇ ਉਨ੍ਹਾਂ ਨੂੰ ਆਪਣੇ ਹੁਨਰ ਨਾਲ ਖੂਬ ਪੈਸਾ ਮਿਲਦਾ ਹੋਵੇਗਾ, ਪਰ ਮਾੜੀ ਗੱਲ ਹੈ ਕਿ ਇਹ ਅਨੁਮਾਨ ਸਹੀ ਸਾਬਤ ਨਹੀਂ ਹੋਵੇਗਾ। ਭਲੇ ਹੀ ਇਨ੍ਹਾਂ ਕਾਰੀਗਰਾਂ ਦੇ ਹੱਥਾਂ ਦਾ ਹੁਨਰ ਬੇਮਿਸਾਲ ਹੈ, ਪਰ ਉਨ੍ਹਾਂ ਦੀ ਮਾਲੀ ਹਾਲਤ ਇੰਨੀ ਖੂਬਸੂਰਤ ਨਹੀਂ ਹੈ। ਅਹਾਤਾ ਸੂਰਤ ਸਿੰਘ ਚੌਪੱਟੀਆ ਦੇ ਦਸ ਫੁੱਟ ਲੰਬੇ ਅਤੇ ਅੱਠ ਫੁੱਟ ਚੌੜੀ ਤੰਗ ਕਮਰੇ ਚ ਬੈਠੇ ਕਾਰੀਗਰ ਜਾਂ ਤਾਂ ਗੱਪਸ਼ੱਪ ਕਰਦੇ ਖੁਸ਼ ਨਜ਼ਰ ਆ ਰਹੇ ਹਨ ਪਰ ਉਨ੍ਹਾਂ ਦੇ ਚਿਹਰਿਆਂ ਦੀ ਇਹ ਖੁਸ਼ੀ ਚੰਦ ਮਿੰਟ ਦੀ ਹੀ ਹੈ। ਪਲ ਭਰ ਵਿੱਚ ਹੀ ਉਨ੍ਹਾਂ ਦੇ ਚਿਹਰੇ ਪੀਲੇ ਪੈ ਜਾਂਦੇ ਹਨ ਅਤੇ ਉਨ੍ਹਾਂ ਦੀ ਦੁਰਦਸ਼ਾ ਝਲਕਣ ਲਗਦੀ ਹੈ, ਕਸ਼ੀਦਕਾਰੀ ਦੇ ਕੰਮ ਵਿਚ ਕਰੀਬ ਅੱਠ ਦਹਾਕਿਆਂ ਤੋਂ ਲੱਗੇ ਪਚੰਨਵੇਂ ਸਾਲਾ ਮਸ਼ੂਕ ਅਲੀ ਪੁਰਾਣੀਆਂ ਯਾਦਾਂ ਵਿੱਚ ਖੋ ਜਾਂਦੇ ਹਨ, ਉਹ ਦਸਦੇ ਹਨ ਕਿ ਸੋਲ੍ਹਾਂ ਦੀ ਉਮਰ ਵਿੱਚ ਜਦ ਉਨ੍ਹਾਂ ਨੇ ਕਾਰੀਗਰੀ ਸ਼ੁਰੂ ਕੀਤੀ ਸੀ ਤਾਂ ਕਸ਼ੀਦਕਾਰੀ ਦੇ ਕੰਮ ਵਿੱਚ ਲੱਗਣ ਵਾਲੇ ਮਟੀਰੀਅਲ ਦੀ ਕੀਮਤ ਬਹੁਤ ਘੱਟ ਸੀ, ਜਦ ਕਿ ਤਿਆਰ ਵਸਤਾਂ ਦੀ ਕੀਮਤ ਅੱਛੀ ਮਿਲ ਜਾਂਦੀ ਸੀ, ਅਜਿਹੇ ਵਿੱਚ ਘਰ ਦਾ ਖਰਚਾ ਚੱਲ ਜਾਂਦਾ ਸੀ ਪਰ ਬਾਅਦ ਵਿੱਚ ਹੌਲੀ ਹੌਲੀ ਹਾਲਾਤ ਖਰਾਬ ਹੋਣ ਲੱਗੇ। ਕਸ਼ੀਦਕਾਰੀ ਦਾ ਕੰਮ ਫਾਇਫੇਮੰਦ ਨਾ ਰਹਿਣ ਕਾਰਨ ਕਾਰੀਗਰਾਂ ਨੂੰ ਦੂਸਰੇ ਕੰਮਾਂ ਵੱਲ ਰੁੱਖ ਕਰਨਾ ਪਿਆ। ਮਸ਼ੂਕ ਅਲੀ ਦੇ ਚਾਰ ਲੜਕੇ ਹਨ ਪਰ ਸਿਰਫ਼ ਇੱਕ ਲੜਕੇ ਮੁਹੰਮਦ ਨਸੀਮ ਨੇ ਹੀ ਕਸ਼ੀਦਕਾਰੀ ਦਾ ਕੰਮ ਸੁਰੂ ਕੀਤਾ। ਆਮਦਨੀ ਘੱਟ ਹੋਣ ਕਾਰਨ ਅਨੀਸ ਵੀ ਬਹੁਤ ਖੁਸ਼ ਨਹੀਂ। 65 ਸਾਲ ਦੇ ਅਨੀਸ਼ ਦਸਦੇ ਹਨ ਕਿ ਉਹ ਬਿਨਾਂ ਮਸ਼ੀਨ ਦੀ ਮਦਦ ਨਾਲ ਹੱਥਾਂ ਨਾਲ ਹੀ ਜ਼ਰੀ ਦਾ ਕੰਮ ਕਰਕੇ ਵਸਤਰ ਤਿਆਰ ਕਰਦੇ ਹਨ ਪਰ ਉਹਨਾਂ ਨੂੰ ਇਹਨਾਂ ਦੀ ਪੂਰੀ ਕੀਮਤ ਨਾਲ ਨਹੀਂ ਮਿਲ ਪਾਉਂਦੀ, ਇਸੇ ਤਰ੍ਹਾਂ ਨਾਲ ਉਹ ਹੁਣ ਇਹ ਕੰਮ ਨਹੀਂ ਕਰਦੇ ਹਨ। ਉਨ੍ਹਾਂ ਨੇ ਸਾਊਦੀ ਅਰਬ ਵਿੱਚ ਵੀ ਆਰੀ ਜਰਦੋਜੀ/ ਕਸ਼ੀਦਕਾਰੀ ਦਾ ਕੰਮ ਕੀਤਾ। ਪਿੱਛੋਂ ਉਨ੍ਹਾਂ ਨੇ ਘਰ ਵਾਪਸ ਅਾ ਕੇ ਕਾਰਖਾਨਾ ਲਾਇਆ ਪਰ ਲੋੜੀਂਦਾ ਕੰਮ ਅਤੇ ਕੀਮਤ ਨਾ ਮਿਲਣ ਕਰਕੇ ਉਨ੍ਹਾਂ ਨੂੰ ਕਾਰਖਾਨਾ ਬੰਦ ਕਰਨਾ ਪਿਆ। ਹੁਣ ਉਨ੍ਹਾਂ ਨੂੰ ਛੋਟੀ ਜਿਹੀ ਦੁਕਾਨ ਖੋਹ ਲਈ ਹੈ। ਆਰੀ ਜਰਦੋਜੀ ਦੀ ਬਦਹਾਲੀ ਤੇ ਮਰੀਅਮ ਜਰੀ ਆਰਟ ਦੇ ਮਾਸਟਰ ਮੋਹੰਮਦ ਉਸਮਾਨ ਦੱਸਦੇ ਹਨ ਕਿ ਰਾਜੇ ਮਹਾਰਾਜਿਆਂ ਦੇ ਜ਼ਮਾਨੇ ਤੋਂ ਕਸ਼ੀਦਕਾਰੀ ਦਾ ਕੰਮ ਹੋ ਰਿਹਾ ਹੈ। ਇੱਕ ਦੌਰ ਅਜਿਹਾ ਸੀ ਜਦ ਕਾਰੀਗਰਾਂ ਨੇ ਆਪਣੇ ਹੁਨਰ ਦਾ ਲੋਹਾ ਮਨਵਾਇਆ, ਇਸ ਦੌਰ ਵਿੱਚ ਕਮਾਈ ਵੀ ਖੂਬ ਹੋਈ, ਪਰ ਹੁਣ ਗਾਹਕਾਂ ਦੀ ਕਮੀ ਹੋਣ ਕਾਰਨ ਕੰਮ ਨਹੀਂ ਮਿਲਦਾ, ਪੂਰੀ ਕੀਮਤ ਨਾ ਮਿਲਣ ਕਾਰਨ ਕਾਰੀਗਰਾਂ ਦਾ ਮੋਹ ਭੰਗ ਹੋ ਰਿਹਾ ਹੈ, ਇਹੀ ਵਜ੍ਹਾ ਹੈ ਕਿ ਨਵੇਂ ਕਸ਼ੀਦਕਾਰੀ ਕਾਰੀਗਰ ਦੂਸਰੇ ਕਾਰੋਬਾਰ ਕਰਨ ਲੱਗੇ ਜਾਂ ਮਜ਼ਦੂਰੀ ਕਰਨ ਲੱਗੇ। ਉਹ ਦੱਸਦੇ ਹਨ ਕਿ ਇਕ ਸਾੜੀ ਤਿਆਰ ਕਰਨ ਵਿੱਚ ਦਸ ਦਿਨ ਲੱਗ ਜਾਂਦੇ ਹਨ,ਆਪਣਾ ਮਟੀਰੀਅਲ ਲਾਉਣ ਤੇ ਵੀ ਇਸ ਦੀ ਕੀਮਤ ਮੁਸ਼ਕਲ ਪੱਚੀ ਸੌ ਰੁਪਏ ਮਿਲ ਪਾਉਂਦੀ ਹੈ। ਇਸ ਕੀਮਤ ਨਾਲ ਤਾਂ ਖਰਚਾ ਵੀ ਨਹੀਂ ਨਿਕਲ ਪਾਉਂਦਾ। ਮਟੀਰੀਅਲ ਦੀ ਕੀਮਤ ਤੋਂ ਇਲਾਵਾ ਦੁਕਾਨ ਦਾ ਕਿਰਾਇਆ, ਬਿਜਲੀ ਦੇ ਬਿੱਲ,ਮਜ਼ਦੂਰੀ ਦਾ ਖਰਚਾ ਹੁੰਦਾ ਹੈ। ਚੋਣਾਂ ਦੇ ਸਮੇਂ ਨੇਤਾ ਵੋਟ ਮੰਗਣ ਆਉਂਦੇ ਹਨ ਪਰ ਕਿਸੇ ਸਰਕਾਰ ਨੇ ਸਾਡੇ ਬਾਰੇ ਨਹੀਂ ਸੋਚਿਆ। 28 ਸਾਲਾ ਮੁਹੰਮਦ ਸ਼ਾਰਿਕ ਨੇ ਕਰੀਬ ਬਾਰਾਂ ਸਾਲ ਕਸ਼ੀਦਕਾਰੀ ਦਾ ਕੰਮ ਕੀਤਾ ਪਰ ਅਾਮਦਨੀ ਘੱਟ ਹੋਣ ਕਾਰਨ ਡੇਢ ਸਾਲ ਪਹਿਲਾਂ ਪੰਜਾਬ ਚਲੇ ਗਏ। ਲਖਨਊ ਵਿੱਚ ਆਪਣੇ ਘਰ ਆਏ ਸ਼ਾਰਿਕ ਦਾ ਕਹਿਣਾ ਹੈ ਕਿ ਕਸ਼ੀਦਕਾਰੀ ਵਿੱਚ ਤੇਰਾਂ ਘੰਟੇ ਕੰਮ ਕਰਨ ਤੇ 300 ਰੁਪਏ ਹੀ ਮਿਲਦੇ ਸਨ, ਅਜੇਹੀ ਹਾਲਤ ਚ ਕੋਈ ਦੂਜਾ ਕੰਮ ਕਰਨਾ ਬਿਹਤਰ ਲੱਗਿਆ।
ਇਸ ਵਜ੍ਹਾ ਕਰਕੇ ਇਹ ਕਸ਼ੀਦਕਾਰੀ ਦਾ ਕੰਮ ਛੱਡ ਕੇ ਪੰਜਾਬ ਚਲੇ ਗਏ। ਸਮਾਂ ਬਦਲਦੇ ਹੀ ਕਸ਼ੀਦਕਾਰੀ ਦੇ ਸਾਹਮਣੇ ਵੀ ਨਵੀਆਂ ਨਵੀਆਂ ਦਿੱਕਤਾਂ ਪੈਦਾ ਹੋ ਗਈਆਂ। 60 ਸਾਲਾ ਮੁਹੰਮਦ ਅਸ਼ਫਾਕ ਕੁਰੈਸ਼ੀ ਦਾ ਕਹਿਣਾ ਹੈ ਕਿ ਪਹਿਲਾਂ ਕਸ਼ੀਦਕਾਰੀ ਦੇ ਕੱਪੜਿਆਂ ਦਾ ਕੋਈ ਬਦਲ ਨਹੀਂ ਹੁੰਦਾ ਸੀ ਪਰ ਅੱਜ ਮਸ਼ੀਨਾਂ ਨੇ ਉਨ੍ਹਾਂ ਦੇ ਹੁਨਰ ਤੇ ਗਹਿਰਾ ਹਮਲਾ ਕੀਤਾ ਹੈ। ਅੱਜ ਕੰਪਿਊਟਰ ਨਾਲ ਡਿਜ਼ਾਈਨ ਤਿਆਰ ਕਰਕੇ ਮਸ਼ੀਨਾਂ ਨਾਲ ਡਿਜ਼ਾਈਨਰ ਵਸਤਰ ਤਿਆਰ ਕਰ ਦਿੱਤੇ ਜਾਂਦੇ ਹਨ।ਇਸ ਵਿੱਚ ਵਕਤ ਘੱਟ ਲੱਗਦਾ ਹੈ ਅਤੇ ਲਾਗਤ ਵੀ ਘੱਟ ਜਾਂਦੀ ਹੈ। ਸਭ ਤੋਂ ਗਲਤ ਗੱਲ ਹੋਈ ਕਿ ਗਾਹਕਾ ਨੂੰ ਮਸ਼ੀਨਾਂ ਨਾਲ ਬਣੇ ਡਿਜ਼ਾਈਨਰ ਵਸਤਾਂ ਨੂੰ ਹੱਥ ਨਾਲ ਕੀਤੀ ਕਸ਼ੀਦਕਾਰੀ ਦੱਸ ਕੇ ਠੱਗਿਆ ਜਾ ਰਿਹਾ ਹੈ। ਕੀਮਤ ਘੱਟ ਹੋਣ ਕਾਰਨ ਉਹ ਆਸਾਨੀ ਨਾਲ ਖਰੀਦ ਲੈਂਦੇ ਹਨ ਅਤੇ ਉਤਪਾਦਕ ਤੇ ਵਪਾਰੀ ਫਾਇਦਾ ਉਠਾ ਲੈਂਦੇ ਹਨ। ਝੂਠੇ ਦੇ ਇਸ ਕਾਰੋਬਾਰ ਵਿੱਚ ਨੁਕਸਾਨ ਸਿਰਫ ਕਾਰੀਗਰਾਂ ਨੂੰ ਹੀ ਉਠਾਉਣਾ ਪੈਂਦਾ ਹੈ। ਉਹ ਹੱਥਾਂ ਨਾਲ ਹੀ ਜ਼ਰੀ ਦਾ ਕੰਮ ਕਰਦੇ ਹਨ। ਇਨ੍ਹਾਂ ਹੁਨਰਮੰਦਾਂ ਦੇ ਨਾਂਅ ਤੇ ਦੂਸਰੇ ਲੋਕ ਫ਼ਾਇਦਾ ਉਠਾ ਰਹੇ ਹਨ। ਕਸ਼ੀਦਕਾਰੀ ਨਾਲ ਰੋਜ਼ੀ ਰੋਟੀ ਦਾ ਜੁਗਾੜ ਨਾ ਹੋਣ ਕਰਕੇ ਕੁਰੈਸ਼ੀ ਨੇ ਦੋ ਸਾਲ ਪਹਿਲਾਂ ਕੰਮ ਛੱਡ ਦਿੱਤਾ ਸੀ, ਜਦ ਕਿ ਬਚਪਨ ਵਿੱਚ ਹੀ ਕੰਮ ਸ਼ੁਰੂ ਕਰਨ ਵਾਲੇ ਕੁਰੈਸ਼ੀ ਨੇ ਕਈ ਦਹਾਕਿਆਂ ਤੱਕ ਕੰਮ ਕੀਤਾ ਉਨ੍ਹਾਂ ਦੇ ਬੇਟੇ ਮੁਹੰਮਦ ਆਤਿਫ ਨੇ ਵੀ ਇਹ ਕੰਮ ਛੱਡ ਕੇ ਬਰਗਰ ਦੀ ਦੁਕਾਨ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਕੁਰੈਸ਼ੀ ਕਹਿੰਦੇ ਹਨ ਕਿ ਇੱਕ ਸੂਟ ਤਿਆਰ ਕਰਨ ਵਿੱਚ ਦੋ ਕਾਰੀਗਰਾਂ ਨੂੰ ਦੱਸ ਦਿਨ ਲੱਗਦੇ ਹਨ ਇਸ ਦੀ ਵਿਕਰੀ ਮੁਸ਼ਕਿਲ ਨਾਲ ਪੰਜ ਹਜ਼ਾਰ ਰੁਪਏ ਵਿੱਚ ਹੀ ਹੁੰਦੀ ਹੈ। ਦਰਅਸਲ ਕੰਪਿਊਟਰ ਅਤੇ ਮਸ਼ੀਨਾਂ ਦੇ ਦੌਰ ਵਿੱਚ ਕਾਰੀਗਰ ਹਾਰ ਗਏ ਹਨ। ਇੱਕ ਅਨੁਮਾਨ ਅਨੁਸਾਰ ਮਸ਼ੀਨਾਂ ਨਾਲ ਬਣੇ ਡਿਜ਼ਾਈਨ ਵਸਤਾਂ ਦੀ ਲਾਗਤ ਕਸ਼ੀਦਕਾਰੀ ਵਸਤਰਾਂ ਦੇ ਮੁਕਾਬਲੇ ਇਕ ਚੌਥਾਈ ਹੀ ਰਹਿੰਦੀ ਹੈ। ਘਰੇਲੂ ਬਾਜ਼ਾਰ ਵਿੱਚ ਮਸ਼ੀਨ ਨਾਲ ਬਣੇ ਇਨ੍ਹਾਂ ਕੱਪੜਿਆਂ ਦੀ ਵਿਕਰੀ ਜਿਅਾਦਾ ਹੈ। ਵਿਦੇਸ਼ਾਂ ਵਿੱਚ ਵੀ ਕੁਝ ਬਰਾਮਦਕਾਰ ਇਨ੍ਹਾਂ ਵਸਤਾਂ ਦੀ ਸਪਲਾਈ ਕਰਦੇ ਹਨ। ਅਜਿਹੇ ਵਿੱਚ ਕਾਰੀਗਰਾਂ ਤੇ ਲਾਗਤ ਘਟਾਉਣ ਦਾ ਲਗਾਤਾਰ ਦਬਾਅ ਰਹਿੰਦਾ ਹੈ। ਤਾਂ ਕਸ਼ੀਦਕਾਰੀ ਵਿੱਚ ਇਸਤੇਮਾਲ ਹੋਣ ਵਾਲੇ ਮਟੀਰੀਅਲ ਦੀ ਕੀਮਤ ਘਟਾਉਣ ਦਾ ਹੀ ਵਿਕਲਪ ਬਚਦਾ ਹੈ। ਪਹਿਲਾਂ ਸੋਨਾ ਚਾਂਦੀ ਦੀਆਂ ਤਾਰਾਂ ਨਾਲ ਵੀ ਕੰਮ ਕੀਤਾ ਜਾਂਦਾ ਸੀ, ਪਰ ਹੁਣ ਜਰਕਨ,ਕਰਦਾਨਾ, ਸ਼ਾਦੀ, ਨਕਸ਼ੀ,ਰੇਸ਼ਮ ਅਤੇ ਕੋਰਾ ਅਾਦਿ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਦੇ ਬਾਵਜੂਦ ਹਾਲ ਦੇ ਸਾਲਾਂ ਵਿੱਚ ਇਨ੍ਹਾਂ ਦੀ ਵੀ ਕੀਮਤ ਵਧੀ ਗੲੀ। ਪਹਿਲਾਂ ਪੱਚੀ ਸੌ ਰੁਪਏ ਕੀਮਤ ਵਾਲੇ ਕਸ਼ੀਦਕਾਰੀ ਬਸਤਰ ਵਿੱਚ ਪੰਜਾਹ ਰੁਪਏ ਦਾ ਮਟੀਰਿਅਲ ਲੱਗਦਾ ਸੀ ਪਰ ਹੁਣ ਕਰੀਬ ਢਾਈ ਸੌ ਰੁਪਏ ਇਸ ਵਿੱਚ ਖਰਚ ਹੋ ਜਾਂਦੇ ਹਨ।
ਵੈਸੇ ਮੰਗ ਹੋਣ ਅਤੇ ਕਾਰੀਗਰ ਸੋਨੇ ਤੇ ਚਾਂਦੀ ਦੀਆਂ ਤਾਰਾਂ ਦਾ ਕੰਮ ਵੀ ਕਰਦੇ ਹਨ ਪਰ ਇਨ੍ਹਾਂ ਦੀ ਮੰਗ ਬੇਹੱਦ ਘੱਟ ਰਹਿੰਦੀ ਹੈ। ਕੀਮਤ ਘੱਟ ਮਿਲਣ ਕਾਰਨ ਮਹੀਨ ਤੇ ਦਰਮਿਆਨੀ ਕਸ਼ੀਦਕਾਰੀ ਦਾ ਮਿਹਨਤਾਨਾ ਲਗਾਤਾਰ ਘੱਟ ਰਿਹਾ ਹੈ,ਇਹੀ ਵਜ੍ਹਾ ਹੈ ਕਿ ਕਾਰੀਗਰਾਂ ਨੂੰ ਦੂਸਰੇ ਕੰਮ ਧੰਦਿਆਂ ਵੱਲ ਰੁੱਖ ਕਰਨਾ ਪੈ ਰਿਹਾ ਹੈ। ਕਸ਼ੀਦਕਾਰੀ ਦੇ ਕੰਮ ਵਿੱਚ ਰੋਟੀ ਰੋਜ਼ੀ ਚਲਾਉਣੀ ਵੀ ਅਸੰਭਵ ਹੋ ਗਈ ਹੈ। ਕਸ਼ੀਦਕਾਰੀ ਦੇ ਕੰਮ ਤੋਂ ਜ਼ਿਆਦਾਤਰ ਭਾਰਤੀ ਵਿਅਰ ਹੀ ਤਿਆਰ ਹੁੰਦੇ ਹਨ ਜਿੰਨ੍ਹਾਂ ਦੇ ਖਰੀਦਦਾਰ ਅਮੀਰ ਅਤੇ ਮੱਧ ਵਰਗ ਦੇ ਹੁੰਦੇ ਹਨ। ਆਮ ਤੌਰ ਤੇ ਲੇਡੀਜ਼ ਸੂਟ ਗਰਾਰੇ,ਲਹਿੰਗੇ,ਸਾੜ੍ਹੀ ਗਾਉੂਨ ਅਤੇ ਸ਼ੇਰਵਾਨੀ ਤੇ ਕਸ਼ੀਦਕਾਰੀ ਕੀਤੀ ਜਾਂਦੀ ਹੈ। ਇੱਕ ਸਮੱਸਿਆ ਇਹ ਵੀ ਹੈ ਕਿ ਕਾਰੀਗਰਾਂ ਨੂੰ ਉਨ੍ਹਾਂ ਦੀ ਮਿਹਨਤ ਦਾ ਪੂਰਾ ਪੈਸਾ ਇਸ ਲਈ ਨਹੀਂ ਮਿਲਦਾ ਹੈ ਕਿਉਂਕਿ ਗ੍ਰਾਹਕਾਂ ਤੱਕ ਬਸਤਰ ਪਹੁੰਚਾਉਣ ਵਾਲੇ ਥੋਕ ਅਤੇ ਪ੍ਚੂਨ ਵਪਾਰੀਆਂ ਦਾ ਮਾਰਜਨ ਕਾਫੀ ਜ਼ਿਆਦਾ ਰਹਿੰਦਾ ਹੈ। ਮੁਹੰਮਦ ਉਸਮਾਨ ਕਹਿੰਦੇ ਹਨ ਕਿ ਗਾਹਕ ਨੂੰ ਜੇ ਕੋਈ ਕਸ਼ੀਦਕਾਰੀ ਵਸਤਰ ਪੰਜ ਹਜ਼ਾਰ ਰੁਪਏ ਵਿੱਚ ਵਿਕ ਰਿਹਾ ਹੈ ਤਾਂ ਕਾਰੀਗਰ ਨੂੰ ਮੁਸ਼ਕਿਲ ਪੱਚੀ ਸੌ ਰੁਪਏ ਹੀ ਮਿਲਦੇ ਹਨ, 30 ਫੀਸਦੀ ਮੁਨਾਫਾ ਥੋਕ ਵਿਕੇ੍ਤਾ ਲੈਂਦਾ ਹੈ ਜਦਕਿ ਬਾਕੀ ਸੱਤਰ ਫੀਸਦੀ ਮੁਨਾਫਾ ਫੁਟਕਲ ਵਿਕਰੇਤਾ ਲੈਂਦਾ ਹੈ। ਕਿਉਂਕਿ ਕਾਰੀਗਰਾਂ ਨੂੰ ਤੁਰੰਤ ਭੁਗਤਾਨ ਦੀ ਲੋੜ ਰਹਿੰਦੀ ਹੈ ਇਸ ਆਧਾਰ ਤੇ ਥੋਕ ਅਤੇ ਫੁਟਕਲ ਵਪਾਰੀ ਜ਼ਿਆਦਾ ਮਾਰਜਨ ਨੂੰ ਵਾਜਬ ਠਹਿਰਾਉਣ ਦੀ ਕੋਸ਼ਿਸ਼ ਕਰਦੇ ਹਨ। ਜ਼ਰੀ ਦੇ ਵਸਤਰਾਂ ਦਾ ਕਾਰੋਬਾਰ ਕਰਨ ਵਾਲੀ ਫਰਮ ਸੋਨੀ ਡਿਜਾਇਨਰ ਸਟੂਡੀਓ ਦੇ ਸੁਮਿਤ ਗੁਪਤਾ ਦਸਦੇ ਹਨ ਕਿ ਭਾਰਤੀ ਹਸਤ ਸ਼ਿਲਪ ਦੀ ਕੌਮਾਂਤਰੀ ਪੱਧਰ ਤੇ ਮੰਗ ਐਨੀ ਘੱਟ ਨਹੀਂ ਹੈ, ਪਰ ਕਾਰੀਗਰਾਂ ਦੇ ਦਿਲਕਸ਼ ਉਤਪਾਦਾਂ ਦੀ ਪਹੁੰਚ ਉੱਥੋਂ ਤੱਕ ਨਹੀਂ ਹੁੰਦੀ। ਵਿਦੇਸ਼ੀ ਬਾਜ਼ਾਰਾਂ ਵਿੱਚ ਪਹੁੰਚ ਬਣਾਉਣ ਲਈ ਕਾਰੀਗਰਾਂ ਨੂੰ ਸਰਕਾਰ ਦੀ ਤਰਫੋਂ ਕੋਈ ਸਹਾਇਤਾ ਨਹੀਂ ਮਿਲਦੀ ਹੈ। ਸਰਕਾਰ ਦੀ ਤਰਫੋਂ ਨਾ ਤਾਂ ਕਸ਼ੀਦਕਾਰੀ ਕਾਰੀਗਰਾਂ ਲਈ ਕਲੱਸਟਰ ਵਿਕਸਿਤ ਕੀਤਾ ਗਿਆ ਹੈ ਤੇ ਨਾ ਹੀ ਕੋਈ ਕਾਮਨ ਫੈਸਿਲਟੀ ਸੈਂਟਰ (ਸੀਐੱਫਸੀ) ਬਣਾਇਆ ਗਿਆ। ਕੀ ਸਰਕਾਰ ਦੀ ਤਰਫੋਂ ਕੋਈ ਮਦਦ ਨਾ ਮਿਲਣ ਕਾਰਨ ਕਾਰੀਗਰਾਂ ਦੇ ਨਾਲ ਕਸ਼ੀਦਕਾਰੀ ਨਾਲ ਜੁੜੇ ਕਾਰੋਬਾਰ ਵੀ ਪ੍ਰਭਾਵਤ ਹੋ ਰਹੇ ਹਨ। ਜਾਣਕਾਰਾਂ ਦਾ ਕਹਿਣਾ ਹੈ ਕਸ਼ਿੁਦਕਾਰੀ ਦੀ ਬਰਾਮਦ ਤੇ ਵੀ ਇਸ ਦਾ ਮਾੜਾ ਅਸਰ ਪੈ ਰਿਹਾ ਹੈ, ਉਹ ਦੱਸਦੇ ਹਨ ਕਿ ਵਾਜਬ ਪੈਸਾ ਨਾ ਮਿਲਣ ਅਤੇ ਰੋਟੀ ਰੋਜ਼ੀ ਚਲਾ ਪਾਉਣ ਚ ਦਿੱਕਤ ਆਉਣ ਦੇ ਕਾਰਨ ਕਸ਼ੀਦਕਾਰੀ ਦੇ ਕਾਰੀਗਰਾਂ ਦੀ ਗਿਣਤੀ ਲਗਾਤਾਰ ਘੱਟ ਹੋ ਰਹੀ ਹੈ। ਕੁਝ ਸਾਲਾਂ ਵਿੱਚ ਇਨ੍ਹਾਂ ਦੀ ਗਿਣਤੀ ਘੱਟ ਕੇ ਸਿਰਫ਼ ਇੱਕ ਤਿਹਾਈ ਰਹਿ ਗਈ ਹੈ। ਚਿਕਨ ਅਤੇ ਜਰਦੋਜੀ ਦੇ ਕਾਰੋਬਾਰੀ ਮੁਹੰਮਦ ਨਦੀਮ ਕਹਿੰਦੇ ਹਨ ਕਿ ਕਸ਼ੀਦਕਾਰੀ ਦਾ ਕੰਮ ਸੂਬੇ ਵਿੱਚ ਲਖਨਊ,ਬਰੇਲੀ, ਬਦਾਉੰ,ਚੰਦੋਲੀ,ਉਨਾਵ, ਖਾਸਗੰਜ,ਲਲਿਤਪੁਰ,ਸ਼ਾਹਜਹਾਂਪੁਰ ਤੱਕ ਫੈਲਿਆਂ ਹੋਇਆ ਹੈ, ਜਦ ਕਿ ਇੱਕ ਧਾਗੇ ਨਾਲ ਹੋਣ ਵਾਲੀ ਚਿਕਨਕਾਰੀ ਤੇ ਕਾਰੀਗਰ ਲਖਨਊ,ਲਖੀਮਪੁਰ,ਸੀਤਾਪੁਰ, ਬਾਰਾਬੰਕੀ,ਉਨਾਵ,ਫੈਜ਼ਾਬਾਦ ਅਤੇ ਰਾਏਬਰੇਲੀ ਵਿੱਚ ਹਨ। ਇਨ੍ਹਾਂ ਦੋਨਾਂ ਦੇ ਕਾਰੀਗਰਾਂ ਵਿੱਚ ਔਰਤਾਂ ਦੀ ਵੀ ਵੱਡੀ ਗਿਣਤੀ ਹੈ। ਔਰਤਾਂ ਨੂੰ ਪ੍ਰਤੀ ਪੀਸ ਦੇ ਹਿਸਾਬ ਨਾਲ ਮਿਹਨਤਾਨਾ ਮਿਲਦਾ ਹੈ। ਉਨ੍ਹਾਂ ਨੂੰ ਮਹੀਨੇ ਵਿੱਚ ਬੜੀ ਮੁਸ਼ਕਿਲ ਨਾਲ ਢਾਈ ਤੋਂ ਤਿੰਨ ਹਜ਼ਾਰ ਰੁਪਏ ਦੀ ਕਮਾਈ ਹੁੰਦੀ ਹੈ। ਕਸ਼ੀਦਕਾਰੀ ਕਾਰੀਗਰਾਂ ਬਾਰੇ ਸਰਕਾਰ ਦੀ ਨੀਤੀ ਬਿਅਾਨ ਕਰਦਿਆਂ ਉਦਯੋਗ ਵਿਭਾਗ ਭਾਰਤ ਦੇ ਸੰਯੁਕਤ ਨਿਦੇਸ਼ਕ ਸੁਨੀਲ ਕਪੂਰ ਦੱਸਦੇ ਹਨ ਕਿ " ਕਾਰੀਗਰਾਂ ਲਈ ਅੱਠ ਚੋਂ ਦੋ ਜਿਲ੍ਹਾਅਾਂ ਉਨਾਵ ਤੇ ਬਰੇਲੀ ਵਿੱਚ ਕਾਮਨ ਫੈਸਿਲਟੀ ਸੈਂਟਰ ਸਥਾਪਿਤ ਕੀਤੇ ਜਾ ਰਹੇ ਹਨ। ਇਨ੍ਹਾਂ ਦੀਆਂ ਇਮਾਰਤਾਂ ਬਣ ਗਈਆਂ ਹਨ, ਮਸ਼ੀਨਾਂ ਦਾ ਟੈਂਡਰ ਚੋਣਾਂ ਤੋਂ ਬਾਅਦ ਹੋਵੇਗਾ, ਬਾਕੀ ਛੇ ਜ਼ਿਲ੍ਹਿਆਂ ਵਿੱਚ ਵੀ ਸੀ ਐਫ ਸੀ ਸਥਾਪਤ ਹੋਣਗੇ। ਪਿਛਲੇ ਚੌਵੀ ਸਤੰਬਰ ਤੋਂ ਇਸ ਸਾਲ ਮਾਰਚ ਤੱਕ 30 ਕਰੋੜ ਰੁਪਏ ਦੇ ਕਰਜ਼ੇ ਦਿੱਤੇ ਗਏ ਹਨ, ਇਸ ਵਿੱਚ ਉਨ੍ਹਾਂ ਨੂੰ ਸਾਢੇ ਚਾਰ ਕਰੋੜ ਰੁਪਏ ਸਬਸਿਡੀ ਦਿੱਤੀ ਗਈ ਹੈ। ਕੈਂਪ ਲਾ ਕੇ ਮੁਦਰਾ ਯੋਜਨਾ ਦੇ ਤਹਿਤ ਵੀ ਕਰਜ਼ੇ ਦੀ ਵਿਵਸਥਾ ਕਰਾਈ ਗਈ। ਇਸ ਸਾਰੇ ਦਾ ਫਾਇਦਾ ਕਾਰੀਗਰਾਂ ਨੂੰ ਮਿਲੇਗਾ। ਇਸ ਤੋਂ ਇਲਾਵਾ ਦੇਸ਼ ਵਿਦੇਸ਼ ਵਿੱਚ ਲੱਗਣ ਵਾਲੇ ਮੇਲਿਆਂ ਵਿੱਚ ਕਾਰੀਗਰਾਂ ਨੂੰ ਆਪਣੇ ਉਤਪਾਦ ਦਿਖਾਉਣ ਅਤੇ ਵੇਚਣ ਲਈ ਸਬਸਿਡੀ ਦਿੱਤੀ ਜਾ ਰਹੀ ਹੈ।"
ਪਰ ਜੋ ਅਸਲ ਨੁਕਤਾ ਹੈ ਉਸ ਬਾਰੇ ਸਰਕਾਰ ਕਾਰਵਾਈ ਕਰੇ ਤਾਂ ਹੀ ਕੁਝ ਫਾਇਦਾ ਹੋਣ ਦੀ ਸੰਭਾਵਨਾ ਹੈ, ਕਹਿਣ ਦਾ ਭਾਵ ਕਿ ਕੰਪਿਊਟਰ ਡਿਜ਼ਾਈਨਰਾਂ ਵੱਲੋਂ ਤਿਆਰ ਮਾਲ ਨੂੰ ਹੱਥ ਨਾਲ ਕੀਤੀ ਕਸ਼ੀਦਕਾਰੀ ਦਾ ਮਾਲ ਦਸ ਕੇ ਮਹਿੰਗੇ ਭਾਅ ਬਾਜ਼ਾਰ ਵਿੱਚ ਵੇਚਣ ਨਾਲ ਕਾਰੀਗਰਾਂ ਨਾਲ ਧੋਖਾ ਹੁੰਦਾ ਹੈ, ਕਸ਼ੀਦਕਾਰੀ ਦੇ ਹੁਨਰਮੰਦਾਂ ਨਾਲ ਹੁੰਦੀ ਇਸ ਚਾਰ ਸੌ ਵੀਹ ਨੂੰ ਤਾਂ ਸਰਕਾਰ ਹੀ ਨੱਥ ਪਾ ਸਕਦੀ ਹੈ।ਹੋਰ ਕੋਈ ਇਹ ਕੰਮ ਨਹੀਂ ਕਰ ਸਕਦਾ।
ਡਾ: ਅਜੀਤਪਾਲ ਸਿੰਘ ਐਮ ਡੀ
ਸਾਬਕਾ ਡਿਪਟੀ ਮੈਡੀਕਲ ਕਮਿਸ਼ਨਰ।
9815629301
Comments (0)
Facebook Comments (0)