ਕੌਮੀ ਨਵਜਾਤ ਸਿ਼ਸ਼ੂ ਹਫ਼ਤੇ ਤਹਿਤ ਸੀਐੱਚਸੀ ਸਰਹਾਲੀ ਵਿਖੇ ਸੈਮੀਨਾਰ
Sat 23 Nov, 2019 0ਸਬ ਸੈਂਟਰਾਂ ਉੱਤੇ ਵੀ ਛੋਟੇ ਬੱਚੇ ਵਾਲੀਆਂ ਮਾਵਾਂ ਨੂੰ ਵੀ ਦਿੱਤੀ ਜਾਣਕਾਰੀ
ਰਾਕੇਸ਼ ਬਾਵਾ,ਪਰਮਿੰਦਰ ਚੋਹਲਾ
ਸਰਹਾਲੀ ਕਲਾਂ 23 ਨਵੰਬਰ 2019
: ਸਿਵਲ ਸਰਜਨ ਤਰਨ ਤਾਰਨ ਡਾ ਅਨੂਪ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ , ਸੀਨੀਅਰ ਮੈਡੀਕਲ ਅਫ਼ਸਰ ਡਾ ਜਤਿੰਦਰ ਸਿੰਘ ਗਿੱਲ ਦੀ ਰਹਿਨੁਮਾਈ ਅਤੇ ਹਰਦੀਪ ਸਿੰਘ ਸੰਧੂ ਬਲਾਕ ਐਕਸਟੈਂਸ਼ਨ ਐਜੂਕੇਟਰ ਦੀ ਅਗਵਾਈ ਹੇਠ ਮਿਤੀ 15 ਨਵੰਬਰ ਤੋਂ 21 ਨਵੰਬਰ ਤਕ ਚੱਲਣ ਵਾਲੇ ਕੌਮੀ ਨਵਜਾਤ ਸਿ਼ਸ਼ੂ ਹਫ਼ਤੇ ਤਹਿਤ ਸੀਐੱਚਸੀ ਸਰਹਾਲੀ ਵਿਖੇ ਬਲਾਕ ਪੱਧਰੀ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਵਿੱਚ ਸ਼ਾਮਲ ਹੋਈਆਂ ਨਿੱਕੇ ਬੱਚੇ ਵਾਲੀਆਂ ਮਾਵਾਂ ਨੂੰ ਬੱਚਿਆਂ ਦੀ ਦੇਖਭਾਲ ਦੀ ਜਾਣਕਾਰੀ ਤਕਸੀਮ ਕੀਤੀ ਗਈ।ਇਸ ਮੌਕੇ ਸੰਬੋਧਨ ਕਰਦਿਆਂ ਸੀਨੀਅਰ ਮੈਡੀਕਲ ਅਫ਼ਸਰ ਡਾ ਜਤਿੰਦਰ ਸਿੰਘ ਗਿੱਲ ਨੇ ਕਿਹਾ ਕਿ ਕੌਮੀ ਨਵਜਾਤ ਸਿ਼ਸ਼ੂ ਹਫ਼ਤਾ ਛੋਟੇ ਬੱਚਿਆਂ ਦੀ ਕਿਸ ਤਰ੍ਹਾਂ ਦੇਖਭਾਲ ਕਰਨੀ ਹੈ , ਇਸ ਸਬੰਧੀ ਮਾਵਾਂ ਨੂੰ ਜਾਣਕਾਰੀ ਦੇਣ ਲਈ ਮਨਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਬੱਚੇ ਨੂੰ ਜਨਮ ਤੋਂ 6 ਮਹੀਨਿਆਂ ਤਕ ਸਿਰਫ਼ ਮਾਂ ਦਾ ਦੁੱਧ ਹੀ ਪਿਆਇਆ ਜਾਵੇ ਅਤੇ ਇਸ ਨੂੰ ਅੱਗੇ 2 ਸਾਲ ਤਕ ਲਗਾਤਾਰ ਬੱਚੇ ਦੀ ਖੁਰਾਕ ਵਿੱਚ ਸ਼ਾਮਲ ਕੀਤਾ ਜਾਵੇ। 6 ਮਹੀਨਿਆਂ ਤੋਂ ਬਾਅਦ ਬੱਚੇ ਨੂੰ ਮਸਲਿਆ ਹੋਇਆ ਦਲੀਆ, ਮਸਲੀਆਂ ਹੋਈਆਂ ਦਾਲਾਂ ਦਿਨ ਵਿੱਚ ਤਿੰਨ ਵਾਰ ਥੋੜੀਆਂ ਥੋੜੀਆਂ ਦਿੱਤੀਆਂ ਜਾਣ ਤੇ ਮਾਂ ਦਾ ਦੁੱਧ ਵੀ ਪਿਆਇਆ ਜਾਵੇ। ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਜੇਕਰ ਬੱਚਾ ਦੁੱਧ ਨਹੀ ਪੀਂਦਾ, ਜਿ਼ਆਦਾ ਸੌਂਦਾ ਹੈ , ਮਰੋੜ ਲੱਗਦੇ ਹਨ , ਸਾਹ ਲੈਣ ਵਿੱਚ ਔਖ ਮਹਿਸੂਸ ਹੁੰਦੀ ਹੈ , ਸਾਹ ਤੇਜ਼ ਚੱਲਦਾ ਹੈ , ਲਗਾਤਾਰ ਉਲਟੀਆਂ ਆਉਂਦੀਆਂ ਹਨ , ਚਮੜੀ ਦਾ ਰੰਗ ਪੀਲਾ ਪੈਂਦਾ ਹੈ , ਛੂਹਣ ਉੱਤੇ ਠੰਢਾ ਲੱਗਦਾ ਹੈ , ਤੇਜ਼ ਬੁਖਾਰ ਹੁੰਦਾ ਹੈ ਜਾਂ ਪੇਟ ਆਫ਼ਰਦਾ ਹੈ ਤਾਂ ਇਹ ਸਾਰੇ ਖਤਰੇ ਦੇ ਚਿੰਨ੍ਹ ਹਨ। ਜੇਕਰ ਮਾਵਾਂ ਨੂੰ ਬੱਚੇ ਵਿੱਚ ਇਹ ਖਤਰੇ ਦੇ ਚਿੰਨ ਮਹਿਸੂਸ ਹੁੰਦੇ ਹਨ ਤਾਂ ਤੁਰੰਤ ਡਾਕਟਰ ਨੂੰ ਦਿਖਾਉਣਾ ਚਾਹੀਦਾ ਹੈ।ਇਸ ਮੌਕੇ ਸੰਬੋਧਨ ਕਰਦਿਆਂ ਹਰਦੀਪ ਸਿੰਘ ਬਲਾਕ ਐਕਸਟੈਂਸ਼ਨ ਐਜੂਕੇਟਰ ਨੇ ਕਿਹਾ ਕਿ ਬੱਚੇ ਨੂੰ ਗੁੜਤੀ ਨਹੀ ਦੇਣੀ ਚਾਹੀਦੀ ਕਿਉਂਕਿ ਇਸ ਨਾਲ ਨਵ ਜੰਮੇ ਬੱਚੇ ਨੂੰ ਇਨਫੈਕਸ਼ਨ ਹੋਣ ਦਾ ਖਤਰਾ ਹੁੰਦਾ ਹੈ। ਜਿੰਨੀ ਜਲਦੀ ਹੋ ਸਕੇ ਬੱਚੇ ਨੂੰ ਪੋਲੀਓ ਬੂੰਦਾਂ ਪਿਆਈਆਂ ਜਾਣੀਆਂ ਚਾਹੀਦੀਆਂ ਹਨ ਤੇ ਡਾਕਟਰ ਦੀ ਸਲਾਹ ਨਾਲ ਹੀ ਬੱਚੇ ਨੂੰ ਘਰ ਲਿਜਾਣਾ ਚਾਹੀਦਾ ਹੈ। ਇਸ ਤੋਂ ਇਲਾਵਾ ਸੀਐੱਚਸੀ ਸਰਹਾਲੀ ਅਧੀਨ ਆਉਂਦੇ ਸਬ ਸੈਂਟਰ ਦਦੇਹਰ ਸਾਹਿਬ , ਗੰਡੀਵਿੰਡ ਧੱਤਲ , ਖਾਰਾ , ਮੁੰਡਾਪਿੰਡ , ਚੰਬਾ ਕਲਾਂ , ਚੋਹਲਾ ਸਾਹਿਬ , ਜਾਮਾਰਾਏ , ਫਤਿਆਬਾਦ ਵਿਖੇ ਵੀ ਐੱਲ ਐੱਚ ਵੀ ਅਤੇ ਏਐੱਨਐੱਮ ਮੈਡਮਾਂ ਨੇ ਨਵ ਜੰਮੇ ਬੱਚੇ ਵਾਲੀਆਂ ਮਾਵਾਂ ਨੂੰ ਬੱਚਿਆਂ ਦੀ ਦੇਖਭਾਲ ਸਬੰਧੀ ਜਾਣਕਾਰੀ ਦਿੱਤੀ।
Comments (0)
Facebook Comments (0)