
ਵਾਤਾਵਰਨ ਪ੍ਰਦੂਸ਼ਣ ਅਤੇ ਪਲਾਸਟਿਕ ਕਚਰੇ ਦੀ ਸਮਸਿਅਾ ਡਾ ਅਜੀਤਪਾਲ ਸਿੰਘ ਐੱਮ ਡੀ
Thu 6 May, 2021 0
ਵਾਤਾਵਰਨ ਪ੍ਰਦੂਸ਼ਣ ਅਤੇ ਪਲਾਸਟਿਕ ਕਚਰੇ ਦੀ ਸਮਸਿਅਾ
ਡਾ ਅਜੀਤਪਾਲ ਸਿੰਘ ਐੱਮ ਡੀ
ਆਮ ਤੌਰ ਤੇ ਹਵਾ, ਪਾਣੀ, ਬਨਸਪਤੀ ,ਪਸ਼ੂ,ਪੇੜ-ਪੌਦੇ ਅਤੇ ਮਨੁੱਖ ਸਭ ਮਿਲ ਕੇ ਵਾਤਾਵਰਨ ਸਿਰਜਦੇ ਹਨ। ਕੁਦਰਤ ਵਿੱਚ ਇਨ੍ਹਾਂ ਦੀ ਮਾਤਰਾ ਤੇ ਇਨ੍ਹਾਂ ਦੀ ਰਚਨਾ ਕੁਝ ਇਸ ਤਰ੍ਹਾਂ ਹੈ ਕਿ ਧਰਤੀ ਉਪਰ ਇੱਕ ਸੰਤੁਲਤ ਜੀਵਨ ਚਲਦਾ ਰਹੇ। ਇਹ ਕਹਿਣਾ ਕੁਥਾਂਵੇਂ ਨਹੀਂ ਹੋਵੇਗਾ ਇਹ ਪਿਛਲੇ ਕਰੋੜਾਂ ਸਾਲਾਂ ਤੋਂ ਜਦੋਂ ਤੋਂ ਧਰਤੀ ਤੇ ਮਾਨਵ ਪਸ਼ੂ,ਪੰਛੀ ਤੇ ਹੋਰ ਜੀਵ ਜੰਤੂ ਖਪਤਕਾਰ ਬਣ ਕੇ ਆਏ ਉਦੋਂ ਤੋਂ ਹੁਣ ਤੱਕ ਕੁਦਰਤ ਦਾ ਇੱਕ ਚੱਕਰ ਬੇਰੋਕ ਰਫ਼ਤਾਰ ਨਾਲ ਚਲਿਆ ਆ ਰਿਹਾ ਹੈ। ਪਿਛਲੇ ਕਰੀਬ ਸੌ ਸਾਲਾਂ ਤੋਂ ਵਿਗਿਆਨ ਦੀਆਂ ਨਵੀਆਂ ਨਵੀਆਂ ਖੋਜਾਂ ਦੇ ਨਾਲ ਮਨੁੱਖ ਨੇ ਵਿਕਾਸ ਦੇ ਨਵੇਂ ਤਰੀਕੇ ਅਪਣਾਏ। ਉਸ ਨਾਲ ਜਿੱਥੇ ਸੁੱਖ ਸਹੂਲਤਾਂ ਚ ਵਾਧਾ ਹੋਇਆ, ਉਥੇ ਕਈ ਸਮੱਸਿਆਵਾਂ ਵੀ ਪੈਦਾ ਹੋਈਆਂ। ਇਸ ਨਾਲ ਮਨੁੱਖ ਨੂੰ ਨਹੀਂ ਸਾਰੇ ਵਾਤਾਵਰਣ ਨੂੰ ਹੀ ਸੰਕਟ ਵਿੱਚ ਪਾ ਦਿੱਤਾ ਹੈ। ਇਸ ਸੰਕਟ ਤੇ ਸਮੱਸਿਆਵਾਂ ਇਸ ਇਕ ਪ੍ਰਕਾਰ ਦੀਆਂ ਨਹੀਂ ਬਲਕਿ ਕਈ ਪ੍ਰਕਾਰ ਦੀਆਂ ਹਨ। ਇਨ੍ਹਾਂ ਚ ਰੋਜ਼ਮੱਰਾ ਦੀ ਜ਼ਿੰਦਗੀ ਤੇ ਕਾਰਖਾਨਿਆਂ ਤੋਂ ਨਿਕਲਣ ਵਾਲੀ ਕਚਰੇ ਨਾਲ ਵਧਦਾ ਸੰਕਟ ਤੇ ਸਮੱਸਿਆਵਾਂ ਪ੍ਰਮੁੱਖ ਹਨ। ਕਚਰੇ ਦੀ ਸਮਸਿਆ ਸਿਰਫ਼ ਭਾਰਤ ਤਕ ਹੀ ਸੀਮਤ ਨਹੀਂ ਹੈ ਬਲਕਿ ਵਿਕਸਤ ਤੇ ਵਿਕਾਸਸ਼ੀਲ ਦੋਨੋਂ ਕਿਸਮ ਦੇ ਦੇਸ਼ਾਂ ਦੀ ਹੈ। ਇਹ ਕਚਰੇ ਵਾਤਾਵਰਨ ਦੇ ਕਈ ਰੂਪਾਂ ਤੇ ਅਸਰ ਪਾਉਂਦੇ ਹਨ। ਇਸ ਲਈ ਇਨ੍ਹਾਂ ਨੂੰ ਸਮੁੱਚੇ ਤੌਰ ਤੇ ਸਮਝਣਾ ਜ਼ਰੂਰੀ ਹੈ। ਸੰਸਾਰ ਦੇ ਬਹੁਤੇ ਦੇਸ਼ਾਂ ਵਿੱਚ ਅਣਵਿਕ, ਕਾਰਬਨਿਕ ਤੇ ਪਲਾਸਟਿਕ ਦੇ ਕਚਰੇ ਦੀ ਸਮੱਸਿਆ ਸਭ ਤੋਂ ਵੱਧ ਵਿਸ਼ਾਲ ਹੈ। ਵਿਕਸਿਤ ਦੇਸ਼ਾਂ ਤੋਂ ਇਲੈਕਟ੍ਰੋਨਿਕ ਕਚਰਾ ਵਿਕਾਸਸ਼ੀਲ ਦੇਸ਼ਾਂ ਵਿੱਚ ਜਿੱਥੇ ਖਪਾਉਣ ਦੀਆਂ ਸਕੀਮਾਂ ਵੱਡੇ ਪੱਧਰ ਤੇ ਚੱਲ ਰਹੀਆਂ ਹਨ, ਉੱਥੇ ਪਲਾਸਟਿਕ ਦਾ ਕਰੋੜਾਂ ਟਨ ਕਚਰਾ ਵੀ ਲਗਾਤਾਰ ਖਪਾਇਆ ਜਾ ਰਿਹਾ ਹੈ। ਜ਼ਿਆਦਾਤਰ ਦੇਸ਼ਾਂ ਚ ਵਿਗਿਆਨ ਵਿਧੀਆਂ ਨਾਲ ਕਚਰਾ ਖਪਾਉਣ ਦੀ ਬਜਾਏ ਸਿਰਫ਼ ਰਸਮ ਅਦਾਇਗੀ ਵਜੋਂ ਇਹ ਕੰਮ ਕੀਤਾ ਜਾ ਰਿਹਾ ਹੈ। ਕਹਿਣ ਨੂੰ ਤਾਂ ਨਵੀਂ ਤਕਨੀਕ ਨਾਲ ਕਚਰੇ ਦੀ ਵਰਤੋਂ ਕੀਤੀ ਜਾਣ ਲੱਗੀ ਹੈ ਪਰ ਹਕੀਕਤ ਕੁਝ ਹੋਰ ਹੀ ਹੈ। ਅੱਜ ਪਲਾਸਟਿਕ ਮਨੁੱਖੀ ਜੀਵਨ ਦੀ ਇੱਕ ਅਟੁੱਟ ਜਰੂਰਤ ਬਣ ਗਈ ਹੈ। ਅਜਿਹਾ ਲੱਗਦਾ ਹੈ ਕਿ ਇਸ ਬਿਨਾਂ ਸੌਖ ਨਾਲ ਜ਼ਿੰਦਗੀ ਗੁਜ਼ਾਰੀ ਨਹੀਂ ਜਾ ਸਕਦੀ। ਯਾਨੀ ਜ਼ਿੰਦਗੀ ਦੀ ਜਰੂਰਤ ਦੇ ਹਰ ਪੱਖ ਤੇ ਅੱਜ ਪਲਾਸਟਿਕ ਸਭ ਤੋਂ ਵੱਡੀ ਲੋੜ ਬਣ ਗਈ ਹੈ। ਪਰ ਬੇਕਾਰ ਪਲਾਸਟਿਕ ਨੂੰ ਖਪਾਉਂਣ ਦੀ ਜੋ ਸਮਸਿਅਾ ਸਾਡੇ ਸਾਹਮਣੇ ਹੈ, ਉਹ ਕੋਈ ਘੱਟ ਚਿੰਤਾ ਦਾ ਵਿਸ਼ਾ ਨਹੀਂ ਹੈ। ਕਿਉਂਕਿ ਪਲਾਸਟਿਕ ਦੇ ਇਸ ਕਚਰੇ ਨਾਲ ਪਾਣੀ, ਹਵਾ, ਮਿੱਟੀ ਦੇ ਪ੍ਰਦੂਸ਼ਣ ਦੀ ਸਮੱਸਿਆ ਤਾਂ ਵੱਧ ਹੀ ਰਹੀ ਹੈ ਬਲਕਿ ਕਈ ਤਰ੍ਹਾਂ ਦੇ ਰੋਗਾਂ ਦਾ ਕਾਰਨ ਵੀ ਬਣਦੀ ਜਾ ਰਹੀ ਹੈ। ਆਣਵਿਕ ਕਚਰੇ ਨੂੰ ਛੱਡ ਵੀ ਦਿੱਤਾ ਜਾਏ ਤਾਂ ਵੀ ਪਲਾਸਟਿਕ ਕਚਰੇ ਤੋਂ ਮਨੁੱਖੀ ਸਭਿਅਤਾ ਲਈ ਹੀ ਸੰਕਟ ਪੈਦਾ ਹੋਣ ਲੱਗਿਆ ਹੈ। ਇਹ ਚਿੰਤਾ ਦੀ ਗੱਲ ਹੈ। ਭਾਰਤ ਵਿੱਚ ਸਭ ਤੋਂ ਵੱਧ ਕਚਰਾ ਪਲਾਸਟਿਕ ਤੋਂ ਬਣੀਆਂ ਵਸਤੂਆਂ (ਘਰੇਲੂ ਚੀਜ਼ਾਂ) ਤੋਂ ਪੈਦਾ ਹੁੰਦਾ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਪਿੱਛੇ ਜਿਹੇ ਕਰਵਾਏ ਇੱਕ ਸਰਵੇਖਣ ਮੁਤਾਬਕ ਦੇਸ਼ ਭਰ ਚ ਹਰ ਚਾਲ ਸਿਰਫ਼ ਪਲਾਸਟਿਕ ਦਾ ਹੀ 2.2 ਕਰੋੜ ਟਨ ਕਚਰਾ ਨਿਕਲਦਾ ਹੈ। ਜੇ ਅੰਕੜੇ ਵੇਖੀਏ ਤਾਂ 15 ਕਰੋੜ 34 ਲੱਖ 2 ਹਜ਼ਾਰ,46 ਟਨ ਕਚਰਾ ਰੋਜ਼ਾਨਾ ਨਿਕਲਦਾ ਹੈ। ਇਸ ਵਿੱਚੋਂ ਸਿਰਫ਼ ਨੌੰ ਹਜਾਰ ਦੋ ਸੌ ਪੰਜ ਟਨ ਕਚਰਾ ਹੀ ਵੱਖ ਵੱਖ ਕੰਮਾਂ ਚ ਵਰਤਿਆ ਜਾਂਦਾ ਹੈ ਬਾਕੀ ਛੇ ਹਜਾਰ ਇੱਕ ਸੌ ਸੈਂਤੀ ਟਨ ਇੱਧਰ ਉਧਰ ਖਿੰਡਿਆ ਪਿਆ ਰਹਿੰਦਾ ਹੈ। ਦਿੱਲੀ ਵਿੱਚ ਹੀ 689.5 ਪਲਾਸਟਿਕ ਦਾ ਕਚਰਾ ਨਿਕਲਦਾ ਹੈ, ਜਿਸ ਵਿੱਚੋਂ 275.5 ਟਨ ਰੀਸਾਇਕਲ ਨਹੀਂ ਹੋ ਸਕਦਾ ਹੈ। ਇਸ ਤਰ੍ਹਾਂ ਚੇਨਈ ਵਿੱਚੋਂ 429.4 ਟਨ ਕਚਰਾ ਰੋਜ਼ਾਨਾ ਨਿਕਲਦਾ ਹੈ ਜਿਸ ਵਿੱਚੋਂ 176.6 ਟਨ ਰੀਸਾਇਕਲ ਨਹੀਂ ਹੋ ਪਾਂਦਾ। ਮੁੰਬਈ ਚ 425.7 ਟਨ ਕਚਰਾ ਰੋਜ਼ਾਨਾ ਨਿਕਲਦਾ ਹੈ, ਜਿਸ ਵਿੱਚੋਂ 163.3 ਟਨ ਰੀਸਾਇਕਲ ਨਹੀਂ ਹੋ ਪਾਉਂਦਾ। ਇਸ ਤਰ੍ਹਾਂ ਕੋਲਕਾਤਾ ਤੋਂ 408.3 ਟਨ ਕਚਰਾ ਨਿਕਲਦਾ ਹੈ ਜਿਸ ਵਿੱਚੋਂ ਕੇਵਲ 170 ਟਨ ਨੂੰ ਹੀ ਵਰਤੋਂ ਚ ਲਿਅਾਂਦਾ ਜਾਂਦਾ ਹੈ। ਬਾਕੀ ਇਧਰ ਉਧਰ ਖਿੰਡਿਅਾ ਪਿਅਾ ਰਹਿੰਦਾ ਹੈ। ਇਸ ਤੋਂ ਇਹ ਮੰਨਿਆ ਜਾ ਸਕਦਾ ਹੈ ਕਿ ਵਾਤਾਵਰਨ ਪ੍ਰਦੂਸ਼ਨ ਵਿੱਚ ਪਲਾਸਟਿਕ ਦਾ ਕਚਰਾ ਕਿੰਨਾ ਅਹਿਮ ਪ੍ਰਦੂਸ਼ਕ ਕਾਰਕ ਹੈ। ਇਸ ਦੇ ਬਾਵਜੂਦ ਪਲਾਸਟਿਕ ਦੀ ਵਰਤੋਂ ਰੋਜ਼ਾਨਾ ਜ਼ਿੰਦਗੀ ਚ ਘਟਣ ਦੀ ਥਾਂ ਨਿਰੰਤਰ ਵਧ ਰਹੀ ਹੈ। ਪਲਾਸਟਿਕ ਦੀ ਵਧਦੀ ਵਰਤੋਂ ਅਤੇ ਇਸ ਦੀ ਰਹਿੰਦ ਖੂੰਹਦ ਦੀ ਵਰਤੋਂ ਲਈ ਕੇਂਦਰ ਸਰਕਾਰ ਨੇ ਦੇਸ਼ ਦੀਆਂ ਕਈ ਥਾਵਾਂ ਤੇ ਕਾਰਖਾਨੇ ਲਾਏ ਹਨ ਪਰ ਇਸ ਦੇ ਬਾਵਜੂਦ ਪਲਾਸਟਿਕ ਕਚਰੇ ਤੇ ਵਾਤਾਵਰਨ ਉਪਰ ਜੋ ਡੂੰਘਾ ਅਸਰ ਪੈ ਰਿਹਾ ਹੈ, ਉਹ ਬੇਹੱਦ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਦਿੱਲੀ ਸਮੇਤ ਦੇਸ਼ ਦੇ ਮਹਾਂਨਗਰਾਂ ਵਿੱਚ ਵਾਤਾਵਰਨ ਅਤੇ ਸਿਹਤ ਦੀਆਂ ਵਧਦੀਆਂ ਸਮਸਿਆਵਾਂ ਨੂੰ ਵੇਖੀਏ ਤਾਂ ਪਤਾ ਲੱਗ ਜਾਵੇਗਾ ਕਿ ਕਿਸ ਹੱਦ ਤੱਕ ਅਸੀਂ ਪਲਾਸਟਿਕ ਕਚਰੇ ਦੀ ਮਾਰ ਹੇਠ ਆ ਚੁੱਕੇ ਹਾਂ। ਵਿਗਿਆਨ ਮੁਤਾਬਕ ਪਲਾਸਟਿਕ ਦੇ ਕਚਰੇ ਦੀਆਂ ਕਈ ਕਿਸਮਾਂ ਹਨ ਜੋ ਸਿਹਤ ਅਤੇ ਡੂੰਘਾ ਅਸਰ ਪਾਉਂਦੀਆਂ ਹਨ। ਰੋਜ਼ਮਰਾ ਦੀ ਜਿੰਦਗੀ ਵਿੱਚ ਪੀਣ ਵਾਲੇ ਪਾਣੀ ਦੀ ਬੋਤਲ ਨੂੰ ਹੀ ਲਓ। ਇਸ ਨੂੰ ਪੋਲੀਕਾਰਬੋਨੇਟ ਵਿਦ ਬਿਸਫੇਨਲ ਦੇ ਤਹਿਤ ਰੱਖਿਅਾ ਗਿਅਾ ਹੈ। ਰੇਲਵੇ ਜਾਂ ਸੜਕੀ ਸਫ਼ਰ ਦੌਰਾਨ ਅਸੀਂ ਇਸ ਨੂੰ ਵਰਤ ਕੇ ਇਉਂ ਹੀ ਸੁੱਟ ਦਿੰਦੇ ਹਾਂ। ਇਹ ਹੌਲੀ ਹੌਲੀ ਨਦੀਆਂ, ਤਲਾਬਾਂ ਤੇ ਨਹਿਰਾਂ ਵਿੱਚ ਪਹੁੰਚ ਜਾਂਦੀ ਹੈ, ਜਿਸ ਨਾਲ ਜੋ ਪ੍ਦੂਸ਼ਣ ਹੁੰਦਾ ਹੈ ਉਸ ਨਾਲ ਕੈਂਸਰ ਸਮੇਤ ਹੋਰ ਅਨੇਕਾਂ ਰੋਗ ਹੋਣ ਦੀ ਸੰਭਾਵਨਾ ਕਈ ਗੁਣਾ ਵੱਧ ਜਾਂਦੀ ਹੈ। ਕਿਸ ਹੱਦ ਤੱਕ ਪਲਾਸਟਿਕ ਦਾ ਕਚਰਾ ਸਾਡੇ ਵਿਨਾਸ਼ ਤੇ ਸੰਕਟ ਬਣ ਸਕਦਾ ਹੈ, ਉਸ ਨੂੰ ਇਸ ਮਿਸਾਲ ਨਾਲ ਸਮਝਿਅਾ ਜਾ ਸਕਦਾ ਹੈ ਕਿ ਸਿਰਫ਼ ਪਲਾਸਟਿਕ ਦੀਆਂ ਚੀਜ਼ਾਂ ਦੀ ਵਰਤੋਂ ਨਾਲ ਹੀ ਕਈ ਭਿਅੰਕਰ ਰੋਗ ਪੈਦਾ ਹੋਣ ਲੱਗੇ ਹਨ ਕਿਵੇਂ ਪਲਾਸਟਿਕ ਪੋਲੀਵਿਨਾਇਲ ਕਲੋਰਾਈਡ ਵਾਲੀਆਂ ਚੀਜ਼ਾਂ ਜਾਂ ਇਸ ਦੇ ਕਚਰੇ ਨਾਲ ਬੋਲਾਪਣ,ਜਿਗਰ ਖਰਾਬ ਹੋਣਾ,ਕੈਂਸਰ ਅਾਦਿ ਦਾ ਖਤਰਾ ਵਧ ਜਾਂਦਾ ਹੈ। ਇਸ ਤਰ੍ਹਾਂ ਪਾਲੀਯੂਰੇਥੇਨ ਫੋਮ ਜਾਂ ਇਸ ਦੇ ਕਚਰੇ ਨਾਲ ਬਰੌਂਕਾਇਟਿਸ (ਨਿਰੰਤਰ ਖਾਂਸੀ), ਚਮੜੀ ਰੋਗ ਤੇ ਅੱਖਾਂ ਦੀਆਂ ਬਿਮਾਰੀਆਂ ਹੋ ਜਾਂਦੀਆਂ ਹਨ। ਜਿਸ ਵਿੱਚ ਇੰਮਲਸ਼ਨ ਪੇਂਟ, ਫੁੱਟ ਵੀਅਰ, ਬੱਚਿਆਂ ਦੀਆਂ ਵਸਤਾਂ, ਬਲੱਡ ਬੈਗ ਤੇ ਮੈਡੀਕਲ ਦਾ ਸਾਜ਼ੋ ਸਾਮਾਨ ਆਉਂਦੇ ਹਨ, ਦੀ ਵਰਤੋਂ ਨਾਲ ਦਮੇ ਦੀ ਬੀਮਾਰੀ, ਹਾਰਮੋਨਲ ਤਬਦੀਲੀਆਂ ਤੇ ਤਣਾਅ ਦੇ ਰੋਗ ਵਧ ਜਾਂਦੇ ਹਨ। ਇਹ ਕੁਝ ਮਿਸਾਲਾਂ ਹਨ ਜੋ ਪਲਾਸਟਿਕ ਦੇ ਕਚਰੇ ਜਾਂ ਪਲਾਸਟਿਕ ਨਾਲ ਹੋਣ ਵਾਲੀਆਂ ਸਿਹਤ ਸਬੰਧੀ ਗੱਲਾਂ ਤੇ ਅਧਾਰਤ ਹਨ। ਦਿੱਲੀ ਵਿੱਚ ਪਲਾਸਟਿਕ ਦੇ ਕਚਰੇ ਤੇ ਹੋਰ ਕਿਸਮ ਦੇ ਕਚਰਿਅਾਂ ਨਾਲ ਹੋਣ ਵਾਲੇ ਪ੍ਦੂਸ਼ਣ ਸਬੰਧੀ ਸੁਪਰੀਮ ਕੋਰਟ, ਲੋਕ ਨਿਰਮਾਣ ਵਿਭਾਗ, ਐਮਸੀਡੀ ਤੇ ਸੀਪੀਸੀਡੀ ਹਦਾਇਤਾਂ ਜਾਰੀ ਕਰ ਚੁੱਕੇ ਹਨ ਪਰ ਇਨ੍ਹਾਂ ਦੀ ਪਾਲਣਾ ਕਿੰਨੀ ਹੋ ਰਹੀ ਹੈ ਇਹ ਆਪਾਂ ਸਾਰੇ ਜਾਣਦੇ ਹਾ। 2011ਵਿੱਚ ਪਲਾਸਟਿਕ ਦੇ ਕਚਰੇ ਬਾਰੇ ਕੁਝ ਨਿਯਮ ਬਣਾਏ ਗਏ ਸਨ। ਪਲਾਸਟਿਕ ਦੇ ਕਾਰਖਨਿਅਾਂ ਲਈ ਵੀ ਨਿਯਮ ਬਣਾਏ ਗਏ। ਕਚਰੇ ਤੋਂ ਬਿਜਲੀ ਪੈਦਾ ਕਰਨ ਦੇ ਵਿਕਲਪ ਸਮੇਤ ਕਈ ਉਪਾਵਾਂ ਤੇ ਵਿਚਾਰ ਕੀਤਾ ਗਿਆ ਪਰ ਅਜੇ ਤਕ ਇਹ ਉਨੇ ਕਾਰਗਰ ਨਹੀਂ ਜਿੰਨੇ ਹੋਣੇ ਚਾਹੀਦੇ ਸਨ। ਪਲਾਸਟਿਕ ਦੇ ਕਚਰੇ ਨਾਲ ਪੈਦਾ ਹੋਣ ਵਾਲੇ ਰੋਗਾਂ ਨੂੰ ਵੇਖਦਿਆਂ 'ਕੈਗ" ਨੇ ਵੀ ਕੁਝ ਸੁਝਾਅ ਦਿੱਤੇ ਹਨ ਇਨ੍ਹਾਂ ਸੁਝਾਵਾਂ ਮੁਤਾਬਿਕ ਪਲਾਸਟਿਕ ਦੀਆਂ ਕਿਸਮਾਂ, ਗੁਣਵੱਤਾ, ਸੁਰੱਖਿਆ ਦੇ ਨਜ਼ਰੀਏ ਤੋਂ ਇਸ ਦਾ ਡਾਟਾ ਤਿਆਰ ਕਰਨਾ,ਨੀਤੀ ਤਹਿ ਕਰਨ, ਬੁਲੇਟਿਨ ਅਤੇ ਯੋਜਨਾ ਉੱਪਰ ਖੋਜ ਨੂੰ ਹੱਲਾਸ਼ੇਰੀ ਦੇਣ ਵਰਗੀਆਂ ਗੱਲਾਂ ਨੂੰ ਸ਼ਾਮਲ ਕੀਤਾ ਗਿਆ। ਇਸ ਨਾਲ ਪਲਾਸਟਿਕ ਦੇ ਕਚਰੇ ਕਰਕੇ ਪੈਦਾ ਸਮੱਸਿਆਵਾਂ ਨੂੰ ਵੀ ਕਾਫੀ ਹੱਦ ਤੱਕ ਦੂਰ ਕੀਤਾ ਜਾ ਸਕਦਾ ਹੈ। ਦਿੱਲੀ ਨਗਰ ਨਿਗਮ ਤੇ ਦੇਸ਼ ਦੇ ਹੋਰ ਵੱਡੇ ਸ਼ਹਿਰਾਂ ਦੇ ਨਗਰ ਨਿਗਮਾਂ ਨੇ ਵੀ ਪਲਾਸਟਿਕ ਦੇ ਕਚਰੇ ਨਾਲ ਨਿਪਟਣ ਲਈ ਕੁਝ ਕਾਰਜ ਯੋਜਨਾਵਾਂ ਬਣਾਈਆਂ ਹੋਈਆਂ ਹਨ। ਵਾਤਾਵਰਨ ਚ ਕਾਰਬਨ ਤੇ ਹੋਰ ਜ਼ਹਿਰੀਲੀਆਂ ਗੈਸਾਂ ਦੇ ਵਧ ਖਤਰੇ ਕਾਰਨ ਪਲਾਸਟਿਕ ਦੇ ਬੈਗਾਂ ਨੂੰ ਨਾ ਸਾੜਨ, ਜਨਤਕ ਥਾਵਾਂ ਤੋਂ ਪਲਾਸਟਿਕ ਕਚਰਾ ਇਕੱਠਾ ਕਰਨ, ਪਲਾਸਟਿਕ ਨਾਲ ਸੜਕਾਂ ਉਸਾਰਨੀਆਂ,ਸਨਅਤੀ ਕਚਰੇ ਦਾ ਸਹੀ ਪ੍ਰਬੰਧ ਕਰਨ ਤੇ ਜਾਗਰੂਕਤਾ ਮੁਹਿੰਮ ਚਲਾ ਕੇ ਉਸ ਦੇ ਖਤਰਿਅਾਂ ਬਾਰੇ ਲੋਕਾਂ ਨੂੰ ਸੁਚੇਤ ਕਰਨ ਵਰਗੇ ਕੰਮ ਕਰਕੇ ਵਾਤਾਵਰਣ ਨੂੰ ਹੋਣ ਵਾਲੇ ਕੁੱਝ ਨੁਕਸਾਨ ਨੂੰ ਬਚਾਇਆ ਜਾ ਸਕਦਾ ਹੈ। ਵਿਗਿਆਨੀਆਂ ਮੁਤਾਬਕ ਪਲਾਸਟਿਕ ਦੀਆਂ ਕੁਝ ਕਿਸਮਾਂ ਅਜੇਹੀਆਂ ਹਨ ਜੋ ਤਿੰਨ ਸੌ ਸਾਲਾਂ ਤਕ ਆਪਣੀ ਬੁਨਿਆਦੀ ਹਾਲਤ ਵਿਚ ਬਣੀਆਂ ਰਹਿੰਦੀਆਂ ਹਨ। ਉਦੋਂ ਤਕ ਇਹ ਵਾਤਾਵਰਨ ਦੂਸ਼ਿਤ ਕਰਨ ਦੇ ਨਾਲ ਨਾਲ ਅਨੇਕਾਂ ਰੋਗਾਂ ਨੂੰ ਪੈਦਾ ਕਰਨ ਦਾ ਕਾਰਕ ਵੀ ਬਣਦੀਆਂ ਹਨ। ਪ੍ਰਦੂਸ਼ਣ ਰੋਕਣ ਦਾ ਸਭ ਤੋਂ ਕਾਰਗਰ ਤਰੀਕਾ ਇਹ ਹੈ ਕਿ ਪਲਾਸਟਿਕ ਦੀ ਵਰਤੋਂ ਘੱਟੋ ਘੱਟ ਕੀਤੀ ਜਾਵੇ। ਇਸ ਨਾਲ ਵਾਤਾਵਰਨ ਦੀ ਰਾਖੀ ਹੋਵੇਗੀ ਤੇ ਇਸ ਦੀ ਵਰਤੋਂ ਨਾਲ ਹੋਣ ਵਾਲੇ ਰੋਗਾਂ ਤੋਂ ਬਚਿਆ ਜਾ ਸਕਦਾ ਹੈ।
*ਸਾਬਕਾ ਡਿਪਟੀ ਮੈਡੀਕਲ ਕਮਿਸ਼ਨਰ
9815629301
Comments (0)
Facebook Comments (0)