ਆਖਾਂ ਵੀ ਤਾਂ ਕੀ ਕਹਾਂ, ਆਖਣ ਖੇਡ ਬੁਰੀ

ਆਖਾਂ ਵੀ ਤਾਂ ਕੀ ਕਹਾਂ, ਆਖਣ ਖੇਡ ਬੁਰੀ

ਸ਼ਹਰਯਾਰ ਦੇ ਕੁਝ ਦੋਹੇ
-- ਪੇਸ਼ਕਸ਼ : ਜਸਪਾਲ ਘਈ

--------------------------

ਆਖਾਂ ਵੀ ਤਾਂ ਕੀ ਕਹਾਂ, ਆਖਣ ਖੇਡ ਬੁਰੀ ।
ਇਰਦ ਗਿਰਦ ਸ਼ੀਸ਼ੇ ਖੜ੍ਹੇ, ਸੀਨੇ ਕੋਲ ਛੁਰੀ ।

ਜਿੱਤਣਾ ਤੇ ਹਰ ਜਾਵਣਾ, ਬਣੀ ਬਣਾਈ ਖੇਡ ।
ਤਖ਼ਤ ਨਾ ਆਪਣੇ ਹਾਣ ਦਾ, ਵਕਤ ਨਾ ਆਪਣੇ ਜੇਡ ।

ਇਹ ਬੇਜੋੜ ਅਲਾਮਤਾਂ, ਪੁੱਛੀਆਂ ਦੱਸੀਆਂ ਵਾਂਗ ।
ਚੰਨ ਪਰਛਾਵੇਂ ਛਾਣਦਾ, ਬੱਸ ਬੇਵਸੀਆਂ ਵਾਂਗ ।

ਸਮਝ ਸਕੇ ਨਾ ਅਜੇ ਤਕ, ਬੇਸਮਝੇ ਅਖ਼ਬਾਰ ।
ਜਿੱਧਰ ਤੁਰੀਆਂ ਰੌਣਕਾਂ, ਓਧਰ ਨਹੀਂ ਬਜ਼ਾਰ ।

ਲਿਸ਼ ਲਿਸ਼ ਕਰਦੇ ਲਿਸ਼ਕਦੇ, ਨਿੱਤ ਨਵੇਂ ਕਾਨੂੰਨ ।
ਸਰਕਾਰਾਂ ਬਾਘੀ ਪਾਉਂਦੀਆਂ, ਸੜਕਾਂ ਖੂਨੋ ਖੂਨ ।

ਕਿਤੇ ਕਿਤੇ ਬੇਗਾਨਗੀ, ਕਿਤੇ ਬੇਸਬਰੀ ਭੀੜ ।
ਸੜਕਾਂ ਨੇ ਰਾਹ ਰੋਕ ਲਏ, ਦੂਰ ਖਲੋਤੀ ਪੀੜ ।

ਨਾ ਪਤੰਗ ਤੇ ਨਾ ਹਵਾ, ਤੇ ਨਾ ਸ਼ਹਿਰ ਲਹੌਰ ।
ਬੱਚਾ ਲੈ ਕੇ ਖੜ੍ਹਾ ਹੈ, ਪੰਜ ਸੱਤ ਗਜ਼ ਦੀ ਡੋਰ ।

ਉਮਰ ਧਰੂ ਕੇ ਲੈ ਗਈ, ਸ਼ਕਲਾਂ, ਵਕਤ, ਅਤੀਤ ।
ਇਹ ਖਬਰੇ ਕਿੰਜ ਬਚ ਗਏ, ਕੁਝ ਯਾਦਾਂ, ਕੁਝ ਗੀਤ ।

ਅਰਧ - ਸੁਹਾਣੀ ਚਾਨਣੀ, ਅਰਧ ਡਰਾਉਣੀ ਰਾਤ ।
ਸਮਝ ਨਾ ਆਈ ਅਜੇ ਤਕ, ਕੌਣ ਸੁਣਾਵੇ ਬਾਤ ।

ਬਾਰੂਦਾਂ ਦੀ ਸੁਰੰਗ ਚੋਂ, ਲੰਘ ਲੰਘ ਜਾਵਣ ਦੇਸ਼ ।
ਪਾਣੀਆਂ ਨਾਲ ਮੁਕੱਦਮੇ, ਧਰਤੀਆਂ ਨਾਲ ਕਲੇਸ਼ ।

ਵੇਖ ਲਏ ਹਟਵਾਣੀਏਂ, ਚੱਲ ਜਰਵਾਣੇ ਵੇਖ ।
ਜੇ ਐਨਕ ਕੁਝ ਵੱਲ ਹੈ , ਅੰਨ੍ਹੇ ਕਾਣੇ ਵੇਖ ।

ਨਾ ਮੈਂ ਜਾਣਾ ਕੌਣ ਹਾਂ, ਨਾ ਸਮਝਾਂ ਮੈਂ ਕੌਣ ।
ਬਸ ਅੱਥਰੂ ਕਿਰਦੇ ਰਹਿਣ, ਮੈਂ ਰੋਂਦੇ ਦਾ ਗੌਣ ।

ਸਖਤ ਪੁਲਾਂਘਾਂ ਦਿਨ ਦੀਆਂ, ਰਾਤ ਬੜੀ ਮੂੰਹ ਜ਼ੋਰ ।
ਸੁਪਨਾ ਸੁਪਨਾ ਕਰਦਿਆਂ, ਸੁਪਨੇ ਲੈ ਗਿਆ ਚੋਰ ।

ਕੁੱਲੀ ਬਲੇ ਫ਼ਕੀਰ ਦੀ, ਮੁੱਲਾਂ ਦਏ ਅਜ਼ਾਨ ।
'ਸ਼ਹਰਯਾਰ' ਕਿੰਝ ਸਮਝਦਾ, ਕੌਣ ਕਿਹਦਾ ਮਹਿਮਾਨ ।
------- ਸ਼ਹਰਯਾਰ