ਅਧਿਆਪਕਾਂ ਦੀ ਸਾਹਿਤਕ ਸੋਚ ਦਾ ਕੁਚਲਣ----ਅਧਿਆਪਕ ਵਰਗ ਦੇ ਵਿਚਾਰਾ ਨੂੰ ਕੈਦ

ਅਧਿਆਪਕਾਂ ਦੀ ਸਾਹਿਤਕ ਸੋਚ ਦਾ ਕੁਚਲਣ----ਅਧਿਆਪਕ ਵਰਗ ਦੇ ਵਿਚਾਰਾ ਨੂੰ ਕੈਦ

ਪਿਛਲੇ ਦਿਨੀਂ ਸਿੱਖਿਆ ਵਿਭਾਗ ਵੱਲੋਂ ਇੱਕ ਪੱਤਰ ਜਾਰੀ ਕਰਕੇ ਇਹ ਲਿਖਿਆ ਗਿਆ ਹੈ ਕਿ ਸਿੱਖਿਆ ਵਿਭਾਗ ਵਿੱਚ ਕੰਮ ਕਰਦਾ ਕੋਈ ਵੀ ਅਧਿਆਪਕ ਜਾਂ ਕਰਮਚਾਰੀ ਨਾ ਹੀ ਪੱਤਰਕਾਰੀ ਕਰ ਸਕੇਗਾ ਅਤੇ ਨਾ ਹੀ ਕੋਈ ਸਾਹਿਤਕ ਰਚਨਾਂ ਜਾਂ ਲੇਖ ਕਿਸੇ ਅਖ਼ਬਾਰ ਜਾਂ ਰਸਾਲੇ ਵਿੱਚ ਪ੍ਰਕਾਸ਼ਿਤ ਕਰ ਸਕੇਗਾ।ਏਥੋ ਤੱਕ ਕਿ ਅਧਿਆਪਕ ਕਿਸੇ ਵੀ ਇਲੈਕਟਾ੍ਰਨਿਕ ਮੀਡੀਆ ਵਿੱਚ ਆਪਣੇ ਵਿਚਾਰ ਪ੍ਰਸਾਰਿਤ ਨਹੀਂ ਕਰ ਸਕੇਗਾ।ਏਥੇ ਇੱਕ ਤਾਨਾਸ਼ਾਹੀ ਫੁਰਮਾਨ ਦੇ ਕੇ ਅਧਿਆਪਕ ਵਰਗ ਦੇ ਵਿਚਾਰਾ ਨੂੰ ਕੈਦ ਕਰ ਲਿਆ ਗਿਆ ਹੈ।ਜਿਸ ਨਾਲ ਉਹ ਆਪਣੇ ਵਿਚਾਰ ਤੇ ਤਜ਼ਰਬਾ ਵੱਖ-ਵੱਖ ਕਿਤਾਬਾਂ `ਚ ਪੜ ਕੇ ਵੀ ਅੱਗੇ ਦਸ ਨਹੀਂ ਸਕੇਗਾ।ਦੂਜੇ ਸ਼ਬਦਾ ਵਿੱਚ ਜੇ ਕਹੀਏ ਤਾਂ ਅਧਿਆਪਕ ਨੂੰ ਗੂੰਗਾ ਬਣਾ ਦਿੱਤਾ ਗਿਆ ਹੈ।
ਡਿਊਟੀ ਦੌਰਾਨ ਅਧਿਆਪਕਾਂ ਦੇ ਪੱਤਰਕਾਰੀ ਕਰਨ, ਦੂਸ਼ਣਬਾਜ਼ੀ ਕਰਨ, ਭੜਕਾਊ ਵਿਚਾਰਾਂ ਅਤੇ ਦੇਸ਼ ਦੀ ਸੁਰੱਖਿਆ ਦੇ ਖ਼ਤਰੇ ਲਈ ਬੋਲਣ ਤੇ ਤਾਂ ਪਾਬੰਧੀ ਲਗਾਈ ਜਾ ਸਕਦੀ ਸੀ।ਪਰ ਸਾਹਿਤਕ ਵਿਚਾਰਾਂ ਦੀ ਅਜ਼ਾਦੀ ਤੇ ਨਹੀਂ।ਅਜਿਹਾ  ਕਰਨਾ ਤਾਂ ਕਿਸੇ ਵੀ ਨਾਗਰਿਕ ਨੂੰ ਆਗਿਆ ਨਹੀਂ ਹੈ।ਜਿਸ ਨਾਲ ਦੇਸ਼ ਦਾ ਮਹੌਲ ਖ਼ਰਾਬ ਹੋਵੇ ਪਰ ਇੱਕ ਪੜ੍ਹੇ ਲਿਖੇ ਵਰਗ ਦੇ ਵਿਚਾਰਾਂ ਤੇ ਪਾਬੰਧੀ ਲਗਾਉਣਾ ਸਮਝ ਤੋਂ ਬਾਹਰ ਹੈ।ਜਿਸ ਨੂੰ ਰਾਸ਼ਟਰ ਨਿਰਮਾਤਾ ਦਾ ਦਰਜ਼ਾ ਦਿੱਤਾ ਗਿਆ ਹੈ,ਜਿਸ ਤੋਂ ਨਵੀਂ ਪਨੀਰੀ ਦੇ ਸਿੱਖਣ ਦੀ ਆਸ ਹੁੰਦੀ ਹੈ,ਜਿਸ ਨੇ ਅਗਾਹ ਵਧੂ ਸੋਚ ਦੀ ਨੀਂਹ ਰੱਖਣੀ ਹੈ ਉਸ ਦੇ ਵਿਚਾਰਾਂ ਨੂੰ ਗੁਲਾਮ ਬਣਾਉਣਾ ਸ਼ੋਭਾ ਨਹੀਂ ਦਿੰਦਾ।ਪੱਤਰ ਵਿੱਚ ਸਾਹਿਤਕ ਰਚਨਾਂ ਲਈ ਕਿਸੇ ਸਮਰੱਥ ਅਧਿਕਾਰੀ ਤੋਂ ਮਨਜ਼ੂਰੀ ਲੈਣ ਲਈ ਕਿਹਾ ਗਿਆ ਹੈ ਪਰ ਉਹ ਸਮਰੱਥ ਅਧਿਕਾਰੀ ਹੈ ਕੌਣ? ਦੂਜੇ ਪਾਸੇ ਪੱਤਰ ਵਿੱਚ ਇਹ ਵੀ ਲਿਖਿਆ ਗਿਆ ਹੈ ਕਿ ਜੇਕਰ ਕਿਸੇ ਅਧਿਕਾਰੀ ਨੇ ਅਜਿਹੀ ਮਨਜ਼ੂਰੀ ਦੇ ਰੱਖੀ ਹੈ ਤਾਂ ਤੁਰੰਤ ਰੱਦ ਕੀਤੀ ਜਾਵੇ।ਇਸ ਤੋਂ ਬਿਲਕੁਲ ਸਾਫ  ਹੁੰਦਾ ਹੈ ਕਿ ਅਧਿਆਪਕ ਵਰਗ ਦੀ ਸਾਹਿਤਕ ਸੋਚ ਤੇ ਪੂਰਨ ਪਾਬੰਦੀ ਲਗਾ ਦਿੱਤੀ ਗਈ ਹੈ।ਫਿਰ ਇਕ ਨਵੀਂ ਸੋਚ ਦੇ ਚਾਨਣ ਮੁਨਾਰੇ ਦੀ ਰੋਸ਼ਨੀ ਕੋਈ ਨਹੀਂ ਲੈ ਸਕਦਾ।
ਅਧਿਆਪਕ ਵਰਗ ਤੋਂ ਉੱਪਰ ਕੋਈ ਵਰਗ ਨਹੀਂ ਕਿੳਂਕਿ ਜੋ ਵੀ ਅੱਜ ਮਹਾਨ ਜਾਂ ਅਫਸਰ ਬਣ ਹਨ ਇਹ ਸਭ ਅਧਿਆਪਕ ਦੀ ਦੇਣ ਹਨ।ਅਧਿਆਪਕ ਤੋਂ ਬਿਨ੍ਹਾਂ ਕੋਈ ਵੀ ਸਿੱਖਿਆ ਸੰਭਵ ਨਹੀਂ ਹੈ।ਜੇਕਰ ਨਵੀਂ ਸੋਚ ਹੈ ਤਾਂ ਇਹ ਅਧਿਆਪਕ ਗਿਆਨ ਸਦਕਾ ਹੀ ਹੈ।ਉਸਨੇ ਆਪਣੀ ਜਿੰਦਗੀ ਵਿੱਚ ਵੱਖ-ਵੱਖ ਸਰੋਤਾ ਤੋਂ ਪੜ੍ਹ ਕੇ ਅਤੇ ਵਿਵਹਾਰਿਕ ਗਿਆਨ ਇੱਕਠਾ ਕੀਤਾ ਹੁੰਦਾ ਹੈ।ਉਸੇ ਗਿਆਨ ਤੋਂ ਅੱਗੇ ਉਹ ਗਿਆਨ ਵੰਡਦਾ ਹੈ।ਜੋ ਘਟਦਾ ਨਹੀਂ ਸਗੋਂ ਪ੍ਰਫੁਲਤ ਹੰਦਾ ਹੈ।ਕਿਸੇ ਵੀ ਵਿਸ਼ੇ ਵਿੱਚ ਗਿਆਨ ਰੱਖਣ ਵਾਲਾ ਮਨੁੱਖ ਜਿੰਦਗੀ ਵਿੱਚ ਕਦੇ ਵੀ ਭੁੱਖਾ ਨਹੀਂ ਮਰਦਾ।ਅਧਿਆਪਕ ਵਰਗ ਹੀ ਸਭ ਤੋਂ ਵਿਦਵਾਨ ਵਰਗ ਹੈ ਕਿਉਂਕਿ ਉਹ ਹਰ ਦਿਨ ਕੁਝ ਨਵਾਂ ਸਿੱਖਦਾ ਹੈ ਅਤੇ ਬੱਚਿਆਂ ਨੂੰ ਵੀ ਕੁੱਝ ਨਵਾਂ ਕਰਨ ਲਈ ਪ੍ਰੇਰਿਤ ਕਰਦਾ ਹੈ।
ਜੇ ਉਹ ਬੱਚਿਆਂ ਨੂੰ ਸਿਖਿਆ ਦੇਵੇਗਾ ਕਿ ਬੱਚਿਉ ਪੜ ਲਿਖ ਕੇ ਸਮਾਜ ਵਿੱਚ ਆਪਣਾ ਯੋਗਦਾਨ ਪਾਉ ਤਾਂ ਬੱਚਿਆਂ ਦਾ ਸਵਾਲ ਵੀ ਇਹ ਹੀ ਹੋਵੇਗਾ ਕਿ ਤੁਸੀਂ ਆਪਣੇ ਵਿਚਾਰਾਂ ਨੂੰ ਅੱਗੇ ਦੱਸਕੇ ਸਮਾਜ ਸੇਵੀ ਕੰਮਾਂ ਵਿੱਚ ਲਿਖ ਕੇ ਜਾਂ ਬੋਲ ਕੇ ਕਿੰਨਾ ਯੋਗਦਾਨ ਪਾ ਸਕਦੇ ਹੋ ਤਾਂ ਅਧਿਆਪਕ ਕੋਲ ਕੋਈ ਜ਼ਵਾਬ ਨਹੀਂ ਹੋਵੇਗਾ।ਸਕੂਲਾਂ ਦੀਆਂ ਲਾਇਬ੍ਰੇਰੀਆਂ ਨੂੰ ਹਰ ਪੱਖੋ ਵਿਕਸਤ ਕਰਨ ਲਈ ਬਹੁਤ ਵੱਡੇ ਕਦਮ ਚੁੱਕੇ ਜਾ ਰਹੇ ਹਨ ਪਰ ਕੀ ਉਹਨਾਂ ਲਾਇਬ੍ਰੇਰੀਆਂ ਵਿੱਚੋਂ ਕਿਤਾਬਾਂ ਪੜ੍ਹ ਕੇ ਜੇ ਬੱਚੇ ਅਧਿਆਪਕ ਬਣਨਗੇ ਤਾਂ ਉਹਨਾਂ ਵਿਚਾਰਾਂ ਨੂੰ ਅੱਗੇ ਸਮਾਜਿਕ ਕੰਮਾਂ ਲਈ ਵਰਤ ਸਕਣਗੇ?ਫਿਰ ਲਾਇਬ੍ਰੇਰੀਆਂ ਨੂੰ ਇਨ੍ਹਾਂ ਵਿਕਸਤ ਕਰਨ ਦਾ ਕੀ ਫਾਇਦਾ।ਵਿਚਾਰਾਂ ਦੀ ਅਜ਼ਾਦੀ ਹੀ ਇੱਕ ਚੰਗੇ ਦੇਸ਼ ਦਾ ਨਿਰਮਾਣ ਹੈ।ਜੇ ਸਾਡੇ ਵੱਡ-ਵਡੇਰਿਆਂ ਨੇ ਆਪਣੇ ਵਿਚਾਰਾਂ ਨੂੰ ਕਲਮਬੱਧ ਨਾ ਕੀਤਾ ਹੁੰਦਾ ਤਾਂ ਅੱਜ ਦੇ ਯੁੱਗ ਵਿੱਚ ਅਸੀਂ ਕਦੀ ਵੀ ਸਾਹਿਤਕ ਰਚਨਾਵਾਂ,ਧਾਰਮਿਕ ਰਾਚਨਾਵਾਂ ਨਾ ਪੜ੍ਹ ਪਾਉਂਦੇ ਅਤੇ ਨਾ ਹੀ ਕੋਈ ਬਾਂਦਰ ਸੋਚ ਤੋਂ ਬੰਦਾ ਬਣਦਾ।ਚੰਗੇ ਵਿਚਾਰ ਖਜ਼ਾਨਾ ਹਨ।ਜਿਹਨਾਂ ਨੂੰ ਆਉਣ ਵਾਲੀਆਂ ਪੀੜੀਆਂ ਲਈ ਸਾਂਭ ਕੇ ਰੱਖਿਆ ਜਾਂਦਾ ਹੈ।ਮਨੁੱਖ ਭਾਵੇ ਚਲਾ ਜਾਂਦਾ ਹੈ ਪਰ ਉਹ ਸਾਹਿਤਕ ਰਚਨਾਵਾਂ ਦੇ ਰੂਪ ਵਿੱਚ ਆਪਣੇ ਵਿਚਾਰ ਪਿੱਛੇ ਸਮਾਜਿਕ ਸੇਧ ਲਈ ਛੱਡ ਜਾਂਦਾ ਹੈ।ਪੀੜੀ ਦਰ ਪੀੜੀ ਸਾਂਭਣਾ ਅਤੇ ਉਹਨਾਂ ਦੇ ਚੰਗੇ ਵਿਚਾਰਾਂ ਨੂੰ ਪ੍ਰਸਾਰਿਤ ਕਰਨਾ ਵਿਦਵਾਨਾਂ ਦਾ ਹੀ ਕੰਮ ਹੈ।ਜੇਕਰ ਅਜਿਹਾ ਨਾ ਹੁੰਦਾ ਤਾਂ ਅੱਜ ਸਾਨੂੰ ਸ਼ਿਵ ਕੁਮਾਰ ਬਟਾਲਵੀ,ਬੁਲ੍ਹੇ ਸ਼ਾਹ,ਵਾਰਸ ਸ਼ਾਹ,ਸਾਡੇ ਗੁਰੂ ਪੀਰ ਪੈਗੰਬਰ ਅਤੇ ਮਹਾਨ ਯੋਧਿਆਂ ਬਾਰੇ ਕੋਈ ਵੀ ਪਤਾ ਨਾ ਹੁੰਦਾ ਤੇ ਨਾ ਹੀ ਕੀਤੀਆਂ ਕੁਰਬਾਨੀਆਂ ਯਾਦ ਰਹਿੰਦੀਆਂ।ਇਹ ਸਭ ਸਾਹਿਤਕ ਰਚਨਾਂ ਨੂੰ ਕਲਮਬੱਧ ਕਰਨ ਦੀ ਹੀ ਦੇਣ ਹੈ।
ਜੇ ਏਦਾਂ ਹੀ ਰਿਹਾ ਤਾਂ ਨਵੀ ਸਾਹਿਤਕ ਸੋਚ,ਨਵੀਆਂ ਰਚਨਾਵਾਂ ਅਤੇ ਨਵੀਆਂ ਕਿਤਾਬਾਂ ਤੇ ਰੋਕ ਲੱਗ ਜਾਵੇਗੀ।ਵਿਚਾਰ ਦਿਮਾਗ ਵਿੱਚ ਤਾਂ ਘੁੰਮਣਗੇ ਪਰ ਕਲਮਬੱਧ ਨਹੀਂ ਕੀਤੇ ਜਾ ਸਕਣਗੇ।ਚਾਹੀਦਾ ਤਾਂ ਇਹ ਸੀ ਕਿ ਜਿਨ੍ਹਾਂ ਅਧਿਆਪਕਾਂ ਦੇ ਅੰਦਰ ਨਵੀਨ ਗਿਆਨ ਹੈ, ਜਿਹੜੇ ਕੁਝ ਸਾਹਿਤਕ ਰਚਨਾਂ ਦੀ ਚਾਹਤ ਰੱਖਦੇ ਹਨ ਉਹਨਾਂ ਦੇ ਵਿਚਾਰਾ ਨੂੰ ਕਿਤਾਬਾਂ ਛਾਪ ਕੇ ਪ੍ਰਕਾਸ਼ਿਤ ਕਰਨ ਵਿੱਚ ਮਦਦ ਕੀਤੀ ਜਾਵੇ ਜਾਂ ਕੋਈ ਸਟੇਟ ਲੈਵਲ ਦਾ ਅਧਿਆਪਕਾਂ ਦੀਆਂ ਰਚਨਾਵਾਂ ਦਾ ਮੈਗਜ਼ੀਨ ਕੱਢਿਆ ਜਾਵੇ ਤਾਂ ਜੋ ਬੱਚਿਆਂ ਨੂੰ ਕੁਝ ਨਵਾਂ ਸਿੱਖਣ ਨੂੰ ਮਿਲੇ ਅਤੇ ਉਹਨਾਂ ਵਿੱਚ ਕੁੱਝ ਨਵਾਂ ਕਰਨ ਦਾ ਉਤਸ਼ਾਹ ਵਧੇ।
ਪਹਿਲਾ ਹੀ ਸਾਡਾ ਦੇਸ਼ ਮਾਨਸਿਕ ਪੱਖੋਂ ਬਹੁਤਾ ਵਿਕਸਤ ਨਹੀਂ ਹੈ।ਕਈ ਤਰ੍ਹਾਂ ਦੀਆਂ ਬੰਦਿਸ਼ਾਂ ਹੋਣ ਕਰਕੇ ਨਵੀਂ ਸੋਚ ਨਵੀਂ ਪੀੜੀ ਵਿਦੇਸ਼ਾ ਵੱਲ ਰੁਖ ਕਰ ਰਹੀ ਹੈ।ਜਿਨ੍ਹਾਂ ਤੋਂ ਸਮਾਜ ਨੇ ਸੇਧ ਲੈਣੀ ਸੀ ਉਸ ਵਿਦਵਾਨ ਵਰਗ ਦੇ ਵਿਚਾਰਾਂ ਨੂੰ ਹੀ ਬੰਧਕ ਬਣਾਉਣਾ ਗਲਤ ਗੱਲ ਹੈੈ।ਜੇਕਰ ਗਿਆਨ ਦੇਣ ਵਾਲਾ ਹੀ ਗਿਆਨ ਨੂੰ ਲਿਖ ਕੇ ਜਾਂ ਬੋਲ ਕੇ ਦੱਸ ਨਹੀਂ ਸਕੇਗਾ ਤਾਂ ਕਦੇ ਵੀ ਸੋਚ ਪਰਿਵਰਤਨ ਨਹੀਂ ਹੋ ਸਕੇਗਾ ਅਤੇ ਪਰਿਵਰਤਨ ਤੋਂ ਬਿਨ੍ਹਾ ਅਗਲੇਰਾ ਵਿਕਾਸ ਅਸੰਭਵ ਹੈ।
ਸਿੱਖਿਆ ਵਿਭਾਗ ਨੂੰ ਚਾਹੀਦਾ ਹੈ ਕਿ ਉਹ ਇਸ ਫੈਸਲੇ ਤੇ ਜਲਦੀ ਹੀ ਵਿਚਾਰ ਕਰੇ ਅਤੇ ਕੋਈ ਉਸਾਰੂ ਫੈਸਲਾ ਅਧਿਆਪਕਾਂ ਦੀ ਝੋਲੀ ਪਾਵੇ।ਜਿਸ ਨਾਲ ਚੰਗੇ ਰਾਸ਼ਟਰ ਦਾ ਨਿਰਮਾਣ ਹੋਵੇ।ਨਵੀਨ ਸੋਚ ਨੂੰ ਰਾਹ ਮਿਲ ਸਕੇ।ਨਵੀਨ ਸੋਚ ਦਾ ਪ੍ਰਸਾਰ ਹੋ ਸਕੇ।ਵਿਚਾਰਾਂ ਦੀ ਸੁਤੰਤਰਤਾ ਬਹਾਲ ਹੋ ਸਕੇ।
ਸ਼ਿਨਾਗ ਸਿੰਘ ਸੰਧੂ    
ਸ਼ਮਿੰਦਰ ਕੌਰ ਰੰਧਾਵਾ
ਦਫਤਰ ਬਲਾਕ ਸਿੱਖਿਆ ਅਫਸਰ (ਐ.) 
ਚੋਹਲਾ ਸਾਹਿਬ ਜ਼ਿਲ੍ਹਾ ਤਰਨ ਤਾਰਨ।
ਮੋ:97816-93300