ਯਾਤਰਾ ਲਈ ਵਾਰਾਣਸੀ ਦਾ ਤੁਲਸੀ ਮਾਨਸ ਮੰਦਿਰ ਕਿਉਂ ਹੈ ਬੇਹੱਦ ਖ਼ਾਸ

ਯਾਤਰਾ ਲਈ ਵਾਰਾਣਸੀ ਦਾ ਤੁਲਸੀ ਮਾਨਸ ਮੰਦਿਰ ਕਿਉਂ ਹੈ ਬੇਹੱਦ ਖ਼ਾਸ

ਨਵੀਂ ਦਿੱਲੀ :

ਦੁਨੀਆ ਦੇ ਸਭ ਤੋਂ ਪ੍ਰਾਚੀਨ ਨਗਰ ਕਾਸ਼ੀ ਨੂੰ ਮੰਦਿਰਾਂ ਦਾ ਸ਼ਹਿਰ ਕਿਹਾ ਜਾਂਦਾ ਹੈ। ਇਸ ਸ਼ਹਿਰ ਦਾ ਸਭ ਤੋਂ ਜ਼ਿਆਦਾ ਮਹੱਤਵ ਕਾਸ਼ੀ ਵਿਸ਼ਵਨਾਥ ਮੰਦਿਰ ਨੂੰ ਲੈ ਕੇ ਹੈ ਪਰ ਇਸ ਮੰਦਿਰ ਤੋਂ ਇਲਾਵਾ ਇੱਥੇ ਹੋਰ ਬਹੁਤ ਸਾਰੇ ਮੰਦਿਰ ਵੀ ਦੇਖਣਯੋਗ ਹਨ। ਇਸ ਮੰਦਿਰ ਦੀ ਅਪਣੀ ਅਲੱਗ ਹੀ ਖ਼ਾਸੀਅਤ ਹੈ। ਇੱਥੇ ਇਕ ਖ਼ਾਸ ਮੰਦਿਰ ਹੈ ਤੁਲਸੀ ਮਾਨਸ ਮੰਦਿਰ। ਇਸ ਮੰਦਿਰ ਦੀਆਂ ਦੀਵਾਰਾਂ 'ਤੇ ਰਾਮਚਰਿਤਮਾਨਸ ਦੇ ਦੋਹੇ ਅਤੇ ਚੌਪਾਈਆਂ ਲਿਖੀਆਂ ਹੋਈਆਂ ਹਨ।

ਲੋਕਾਂ ਦਾ ਕਹਿਣਾ ਹੈ ਕਿ ਪਹਿਲਾਂ ਇੱਥੇ ਛੋਟਾ ਜਿਹਾ ਮੰਦਿਰ ਹੁੰਦਾ ਸੀ। ਸੰਨ 1964 ਵਿਚ ਕਲਕੱਤਾ ਦੇ ਇਕ ਵਪਾਰੀ ਸੇਠ ਰਤਨਲਾਲ ਸੁਰੇਕਾ ਨੇ ਤੁਲਸੀ ਮਾਨਸ ਮੰਦਿਰ ਦਾ ਨਿਰਮਾਣ ਕਰਵਾਇਆ ਸੀ। ਮੰਦਿਰ ਦਾ ਉਦਘਾਟਨ ਭਾਰਤ ਦੇ ਤਤਕਾਲੀਨ ਰਾਸ਼ਟਰਪਤੀ ਡਾ. ਸਰਵਪੱਲੀ ਰਾਧਾਕ੍ਰਿਸ਼ਣ ਨੇ ਕੀਤਾ ਸੀ। ਇੱਥੇ ਮਿੱਠੇ ਸੁਰ ਵਿਚ ਸੰਗੀਤਮਈ ਰਾਮਚਰਿਤਮਾਨਸ ਕੀਰਤਨ ਗੂੰਜਦਾ ਰਹਿੰਦਾ ਹੈ। ਇੱਥੇ ਭਗਵਾਨ ਸ਼੍ਰੀਰਾਮ, ਮਾਤਾ ਸੀਤਾ, ਲਛਮਣ ਅਤੇ ਹਨੂੰਮਾਨ ਦੀਆਂ ਮੂਰਤੀਆਂ ਹਨ।

ਇਸ ਤੋਂ ਇਲਾਵਾ ਇੱਥੇ ਇਕ ਪਾਸੇ ਮਾਤਾ ਅੰਨਪੂਰਣਾ ਅਤੇ ਸ਼ਿਵਜੀ ਅਤੇ ਦੂਜੇ ਪਾਸੇ ਭਗਵਾਨ ਸੱਤਿਆਨਾਰਾਇਣ ਦਾ ਮੰਦਿਰ ਵੀ ਹੈ। ਇਸ ਮੰਦਿਰ ਬਾਰੇ ਕਿਹਾ ਜਾਂਦਾ ਹੈ ਕਿ ਇਸ ਸਥਾਨ 'ਤੇ ਤੁਲਸੀਦਾਸ ਜੀ ਨੇ ਰਾਮਚਰਿਤਮਾਨਸ ਦੀ ਰਚਨਾ ਕੀਤੀ ਸੀ ਇਸ ਲਈ ਇਸ ਨੂੰ ਤੁਲਸੀ ਮਾਨਸ ਮੰਦਿਰ ਕਿਹਾ ਜਾਂਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਇਸ ਮੰਦਿਰ ਦੀ ਤਾਰੀਫ਼ ਕਰ ਚੁੱਕੇ ਹਨ।

ਤੁਲਸੀ ਮਾਨਸ ਮੰਦਿਰ ਜਾਣ ਲਈ ਵਾਰਾਣਸੀ ਕੈਂਟ ਰੇਲਵੇ ਸਟੇਸ਼ਨ ਪਹੁੰਚ ਕੇ ਦੁਰਗਾਕੁੰਡ ਜਾਣਾ ਪਵੇਗਾ। ਸਟੇਸ਼ਨ ਤੋਂ ਸੱਤ ਕਿਮੀ ਦੀ ਦੂਰੀ 'ਤੇ ਸਥਿਤ ਦੁਰਗਾਕੁੰਡ ਕੋਲ ਇਹ ਮੰਦਿਰ ਹੈ। ਇਸ ਪ੍ਰਕਾਰ ਆਰਾਮ ਨਾਲ ਮੰਦਿਰ ਪਹੁੰਚਿਆ ਜਾ ਸਕਦਾ ਹੈ।