'ਆਉ ਕਰਾਵਾਂ ਸੈਰ ਸਾਊਦੀ ਅਰਬ ਦੀ'

'ਆਉ ਕਰਾਵਾਂ ਸੈਰ ਸਾਊਦੀ ਅਰਬ ਦੀ'

ਸਾਊਦੀ ਅਰਬ ਦੀ ਕਰੰਸੀ ਨੂੰ ਰਿਆਲ ਕਿਹਾ ਜਾਂਦਾ ਹੈ। ਸਥਾਨਕ ਲੋਕ ਬਹੁਤ ਘੱਟ ਅੰਗਰੇਜ਼ੀ ਜਾਣਦੇ ਹਨ। ਹਰ ਖੇਤਰ ਵਿਚ ਗੱਲਬਾਤ ਅਤੇ ਦਫ਼ਤਰੀ ਕੰਮ-ਕਾਜ ਅਰਬੀ ਭਾਸ਼ਾ ਵਿਚ ਹੀ ਕੀਤਾ ਜਾਂਦਾ ਹੈ। ਬਾਕੀ ਦੇਸ਼ਾਂ ਨਾਲੋਂ ਪਾਕਿਸਤਾਨੀ ਅਤੇ ਹਿੰਦੁਸਤਾਨੀ ਲੋਕ ਹੀ ਇਥੇ ਵਧੇਰੇ ਹਨ, ਜੋ ਬਹੁਤੇ ਕਾਰੋਬਾਰੀ ਜਾਂ ਨੌਕਰੀ ਪੇਸ਼ਾ ਹਨ। ਇਹ ਹਿੰਦੀ, ਪੰਜਾਬੀ ਜਾਂ ਉਰਦੂ ਸਮਝ ਕੇ ਬੋਲ ਲੈਂਦੇ ਹਨ। ਇਥੇ ਭਾਰਤ ਵਾਂਗ  ਲੋਕਤੰਤਰ ਨਹੀਂ ਸਗੋਂ ਰਾਜ ਤੰਤਰ (ਰਾਜੇ ਦਾ ਸ਼ਾਸਨ) ਹੈ।

Saudi Arabia

ਇਸ ਵੇਲੇ ਕਿੰਗ ਅਬਦੁੱਲਾ ਅਜ਼ੀਜ ਹੀ ਇਥੋਂ ਦਾ ਰਾਜਾ ਤੇ ਪ੍ਰਧਾਨ ਮੰਤਰੀ ਹੈ। ਹੈਰਾਨੀਜਨਕ ਗੱਲ ਹੈ ਕਿ ਇਥੇ ਪਾਣੀ ਮਹਿੰਗਾ ਤੇ ਪਟਰੌਲ ਸਸਤਾ ਹੈ, ਇਸ ਲਈ ਹਰ ਇਕ ਕੋਲ ਆਵਾਜਾਈ ਲਈ ਘਰੇਲੂ ਕਾਰ ਹੈ। ਖਜੂਰਾਂ ਦੇ ਦਰੱਖ਼ਤ ਵੀ ਇਥੇ ਬਹੁਤ ਵੱਡੀ ਗਿਣਤੀ ਵਿਚ ਵੇਖਣ ਨੂੰ ਮਿਲੇ, ਜਿਨ੍ਹਾਂ ਦੀਆਂ ਬਹੁਤ ਕਿਸਮਾਂ ਸਨ। ਇਸ ਕਾਰੋਬਾਰ ਨੂੰ ਵੀ ਲੋਕਾਂ ਨੇ ਅਪਣਾਇਆ ਹੋਇਆ ਹੈ। ਪਟਰੌਲ ਦੇ ਨਾਲ-ਨਾਲ ਇਥੇ ਸਿਨੇਮੇ 'ਤੇ ਪੂਰਨ ਰੂਪ ਵਿਚ ਪਾਬੰਦੀ ਹੈ। ਤੁਹਾਨੂੰ ਇਥੇ ਕੋਈ ਸਿਨੇਮਾ ਹਾਲ ਨਹੀਂ ਮਿਲੇਗਾ। ਇਸ ਦੇਸ਼ ਵਿਚ ਕਿਸੇ ਚੀਜ਼ ਤੇ ਕੋਈ ਟੈਕਸ ਨਾ ਹੋਣ ਕਰ ਕੇ ਸਾਰੀਆਂ ਘਰੇਲੂ ਵਸਤਾਂ ਬਹੁਤ ਸਸਤੀਆਂ ਹਨ ਅਤੇ ਜਨ-ਸਾਧਾਰਣ ਦੀ ਪਹੁੰਚ ਵਿਚ ਹਨ।

Saudi Arabia Saudi Arabia

ਹਰ ਹੋਟਲ ਵਿਚ ਦੋ ਵੱਖ-ਵੱਖ ਡਾਈਨਿੰਗ ਹਾਲ ਜ਼ਰੂਰ ਹਨ, ਜਿਨ੍ਹਾਂ ਵਿਚੋਂ ਇਕ ਫ਼ੈਮਲੀ ਤੇ ਦੂਜਾ ਬੈਚਲਰ ਸੈਕਸ਼ਨ ਹੁੰਦਾ ਹੈ। ਸਾਰੇ ਸਰਕਾਰੀ ਦਫ਼ਤਰਾਂ ਤੇ ਸਰਕਾਰੀ ਇਮਾਰਤਾਂ ਦੀ ਫ਼ੋਟੋ ਖਿਚਣਾ ਸਖ਼ਤ ਮਨ੍ਹਾ ਹੈ। ਦਿਨ ਵੇਲੇ ਨਮਾਜ਼ ਦਾ ਸਮਾਂ ਹੁੰਦੇ ਹੀ ਸਾਰੀਆਂ ਦੁਕਾਨਾਂ ਤੇ ਕਾਰੋਬਾਰੀ ਅਦਾਰੇ 30-35 ਮਿੰਟਾਂ ਲਈ ਪੂਰਨ ਤੌਰ 'ਤੇ ਬੰਦ ਹੋ ਜਾਂਦੇ ਹਨ, ਜੋ ਨਮਾਜ਼ ਤੋਂ ਤੁਰਤ ਬਾਅਦ ਹੀ ਫੇਰ ਖੁਲ੍ਹ ਜਾਂਦੇ ਹਨ। ਇਥੋਂ ਦੀ ਮੈਨੂੰ ਸੱਭ ਤੋਂ ਵਧੀਆ ਗੱਲ ਇਹ ਜਾਪੀ ਕਿ ਜ਼ਿਆਦਾਤਰ ਲੋਕ ਮਿਹਨਤੀ ਅਤੇ ਈਮਾਨਦਾਰ ਹਨ। ਇਥੋਂ ਦੇ ਕਾਨੂੰਨ ਬਹੁਤ ਸਖ਼ਤ ਹੋਣ ਕਰ ਕੇ ਕਰਾਈਮ ਬਹੁਤ ਹੀ ਘੱਟ ਹੁੰਦੇ ਹਨ। ਗ਼ਲਤ ਅਨਸਰਾਂ ਵਿਚ ਕਾਨੂੰਨ ਦਾ ਡਰ ਹੈ।

Saudi Arabia Saudi Arabia

ਮਰਦਾਂ ਦੇ ਮੁਕਾਬਲੇ ਔਰਤਾਂ ਦੀ ਜ਼ਿੰਦਗੀ ਜ਼ਿਆਦਾ ਸੰਘਰਸ਼ਸ਼ੀਲ ਹੈ। ਔਰਤ ਘਰੋਂ ਬਾਹਰ ਇਕੱਲੀ ਕਿਧਰੇ ਵੀ ਨਹੀਂ ਜਾ ਸਕਦੀ ਤੇ ਨਾ ਹੀ ਡਰਾਈਵਿੰਗ ਕਰ ਸਕਦੀ ਹੈ। ਉਹ ਪੂਰੀ ਤਰ੍ਹਾਂ ਮਰਦ ਉਤੇ ਹੀ ਨਿਰਭਰ ਹੈ। ਪਤੀ-ਪਤਨੀ ਦਾ ਰਿਸ਼ਤਾ ਬਹੁਤ ਨਾਜ਼ੁਕ ਹੈ। ਇਥੋਂ ਦੇ ਅੰਕੜਿਆਂ ਮੁਤਾਬਕ ਹਰ ਘੰਟੇ ਵਿਚ ਤਿੰਨ ਤਲਾਕ ਹੁੰਦੇ ਹਨ। ਮਰਦ ਲਈ ਤਲਾਕ ਲੈਣਾ ਜਿੰਨਾ ਸੌਖਾ ਹੈ, ਔਰਤ ਲਈ ਉਨਾ ਹੀ ਔਖਾ ਹੈ। ਤਲਾਕਸ਼ੁਦਾ ਔਰਤ ਦੀ ਜ਼ਿੰਦਗੀ ਵਿਚ ਤਾਂ ਕੇਵਲ ਮੁਸ਼ਕਲਾਂ ਹੀ ਮੁਸ਼ਕਲਾਂ ਹਨ।

ਇਸ ਹਾਲਤ ਨੂੰ ਬਦਲਣ ਵਿਚ ਸ਼ਾਇਦ ਬਹੁਤ ਹੀ ਜ਼ਿਆਦਾ ਸਮਾਂ ਲੱਗੇਗਾ ਕਿਉਂਕਿ ਉਥੇ ਰਹਿੰਦਿਆਂ ਮੈਂ ਅਜਿਹਾ ਕੁੱਝ ਨਹੀਂ ਪੜ੍ਹਿਆ-ਸੁਣਿਆ ਜੋ ਔਰਤਾਂ ਦੇ ਹੱਕ ਦੀ ਗੱਲ ਕਰਦਾ ਹੋਵੇ। ਇਹ ਆਵਾਜ਼ ਤਾਂ ਉਥੋਂ ਦੀਆਂ ਔਰਤਾਂ ਨੂੰ ਹੀ ਬੁਲੰਦ ਕਰਨੀ ਪਵੇਗੀ। ਮੈਂ ਕੁਰਾਨ-ਸਰੀਫ਼ ਦੇ ਲਿਖੇ ਬਚਨ ਕਿਸੇ ਥਾਂ ਪੜ੍ਹੇ ਸਨ ਕਿ ''ਅੱਲਾ ਉਨ੍ਹਾਂ ਦੇ ਹਾਲਾਤ ਨਹੀਂ ਬਦਲਦਾ ਜੋ ਅਪਣੇ ਅੰਦਰ ਨੂੰ ਨਹੀਂ ਬਦਲਦੇ।''
ਪਿੰਡ: ਘਨੌਲੀ, ਜ਼ਿਲ੍ਹਾ: ਰੋਪੜ।
ਮੋਬਾਈਲ : 99301-75374
ਪਰਦੀਪ ਸਿੰਘ