ਦਿਲਜੀਤ ਦੋਸਾਂਝ ਦੀ ਫ਼ਿਲਮ ਸੂਰਮਾ ਦਾ ਟਰੇਲਰ ਜਾਰੀ, ਭਾਰਤੀ ਹਾਕੀ ਟੀਮ ਦੇ ਕਪਤਾਨ ਸਨਦੀਪ ਸਿੰਘ ਦੀ ਜੀਵਨੀ ਤੇ ਅਧਾਰਿਤ
Thu 14 Jun, 2018 0ਭਾਰਤ ਦੀ ਹਾਕੀ ਟੀਮ ਦੀ ਹਮੇਸ਼ਾਂ ਤੋਂ ਹੀ ਦੁਨੀਆ ਦੀਆਂ ਚੰਗੀਆਂ ਟੀਮਾਂ ਵਿਚ ਗਿਣਤੀ ਹੁੰਦੀ ਰਹੀ ਹੈ, ਭਾਵੇਂ ਹਾਕੀ ਨਾਲ ਸਰਕਾਰਾਂ ਅਤੇ ਜਨਤਾ ਦਾ ਸਲੂਕ ਜਿਆਦਾਤਰ ਮਤਰੇਈ ਮਾਂ ਵਾਲਾ ਹੀ ਰਿਹਾ ਹੈ ਪਰ ਫ਼ਿਰ ਵੀ ਹਾਕੀ ਦੀ ਆਪਣੀ ਇਕ ਦੁਨੀਆ ਹੈ ਅਤੇ ਇਸਨੂੰ ਪਿਆਰ ਕਰਨ ਵਾਲੇ ਦਿਲ ਦੀਆਂ ਗਹਿਰਾਈਆਂ ਤੋਂ ਇਸ ਨਾਲ ਜੁੜੇ ਹੋਏ ਹਨ। ਭਾਰਤ ਵਿੱਚ ਇਕ-ਤੋਂ-ਇਕ ਉੱਚ ਚੋਟੀ ਦੇ ਖਿਡਾਰੀ ਹਨ ਜਿੰਨਾਂ ਦੀ ਖੇਡ ਦਾ ਲੋਹਾ ਪੂਰੀ ਦੁਨੀਆ ਮੰਨਦੀ ਹੈ। ਸਮੇਂ-ਸਮੇਂ ਤੇ ਇਹਨਾਂ ਖਿਡਾਰੀਆਂ ਦੀ ਜ਼ਿੰਦਗੀ ਤੇ ਫ਼ਿਲਮਾਂ ਵੀ ਬਣਦੀਆਂ ਹਨ ਤਾਂ ਓਹਨਾ ਦੇ ਫਰਸ਼ਾਂ ਤੋਂ ਅਰਸ਼ਾਂ ਤੱਕ ਦੇ ਸਫ਼ਰ ਨੂੰ ਲੋਕਾਂ ਤੱਕ ਪਹੁੰਚਾ ਕੇ ਜਿਥੇ ਉਨ੍ਹਾਂ ਖਿਡਾਰੀਆਂ ਨੂੰ ਮਾਣ ਦਿੱਤਾ ਜਾਂਦਾ ਹੈ ਓਥੇ ਆਮ ਲੋਕਾਂ ਵਿੱਚ ਕੁਝ ਕਰਨ ਅਤੇ ਅੱਗੇ ਵਧਣ ਦਾ ਜਜ਼ਬਾ ਭਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।
ਬਾਲੀਵੁੱਡ ਦੀ ਮਸ਼ਹੂਰ ਫਿਲਮ ਨਿਰਮਾਤਾ ਕੰਪਨੀ ਸੋਨੀ ਪ੍ਰੋਡਕਸ਼ਨ ਨੇ ਥੋੜ੍ਹੇ ਦਿਨ ਪਹਿਲਾਂ ਹੀ ਫ਼ਿਲਮ ਸੂਰਮਾ ਦਾ ਟਰੇਲਰ ਜਾਰੀ ਕੀਤਾ ਹੈ। ਇਹ ਫ਼ਿਲਮ ਮਸ਼ਹੂਰ ਹਾਕੀ ਖਿਡਾਰੀ ਸਨਦੀਪ ਸਿੰਘ ਦੀ ਜ਼ਿੰਦਗੀ ਅਤੇ ਓਹਨਾ ਦੇ ਹਾਕੀ ਜੀਵਨ ਉਤੇ ਆਧਾਰਿਤ ਹੈ। ਜਿਕਰਯੋਗ ਹੈ ਕਿ ਇਸ ਫ਼ਿਲਮ ਦੇ ਜ਼ਰੀਏ ਅਸੀਂ ਸਨਦੀਪ ਸਿੰਘ ਦੀ ਜ਼ਿੰਦਗੀ ਬਾਰੇ ਉਹ ਸਭ ਜਾਣ ਸਕਾਂਗੇ ਜਿਸ ਬਾਰੇ ਸ਼ਾਇਦ ਹਾਕੀ ਪ੍ਰੇਮੀਆਂ ਨੂੰ ਵੀ ਨਹੀਂ ਪਤਾ ਹੋਣਾ। ਸਨਦੀਪ ਸਿੰਘ ਦੀ ਜ਼ਿੰਦਗੀ ਬਹੁਤ ਸੰਘਰਸ਼ ਭਰੇ ਰਾਹਾਂ ਵਿੱਚੋ ਹੁੰਦੀ ਹੋਈ ਬੁਲੰਦੀਆਂ ਤੱਕ ਪਹੁੰਚੀ ਹੈ, ਕਿਵੇਂ ਹਾਕੀ ਦੀ ਸ਼ੁਰੂਵਤ ਹੋਈ ਅਤੇ ਕਿਵੇਂ ਇਕ ਆਮ ਇਨਸਾਨ ਕੌਮੀ ਟੀਮ ਦਾ ਕਪਤਾਨ ਬਣਿਆ, ਕਿਵੇਂ 2006 ਓਹਨਾ ਨੂੰ ਗੋਲੀ ਲੱਗਣ ਨਾਲ ਉਹਨਾਂ ਦਾ ਸਰੀਰ ਨਕਾਰਾ ਹੋ ਗਿਆ ਪਰ ਫ਼ਿਰ ਕਿਵੇਂ ਉਹਨਾਂ ਨੇ ਆਪਣੇ ਦ੍ਰਿੜ ਇਰਾਦੇ ਅਤੇ ਹਿੰਮਤ ਨਾਲ ਦੋਬਾਰਾ ਜ਼ਿੰਦਗੀ ਦੀ ਸ਼ੁਰੂਵਤ ਕੀਤੀ ਅਤੇ ਭਾਰਤੀ ਟੀਮ ਵਿੱਚ ਜਬਰਦਸਤ ਵਾਪਸੀ ਕੀਤੀ ਅਤੇ 2009 ਵਿਚ ਅਜ਼ਲਾਨ ਸ਼ਾਹ ਕੱਪ ਭਾਰਤ ਦੀ ਝੋਲੀ ਪਾਇਆ, ਕਿਵੇਂ ਹਰਿਆਣਾ ਦੇ ਛੋਟੇ ਜਿਹੇ ਪਿੰਡ ਦਾ ਮੁੰਡਾ ਦੁਨੀਆ ਦੇ ਵੱਡੇ ਦੇਸ਼ਾਂ ਦੇ ਕਲੱਬਾਂ ਦੀ ਜਾਨ ਬਣਿਆ, ਇਹ ਸਭ ਵੇਖਣ ਯੋਗ ਹੋਵੇਗਾ। ਟਰੇਲਰ ਵੇਖਣ ਤੋਂ ਬਾਅਦ ਬਹੁਤ ਬੇਸਬਰੀ ਨਾਲ ਫਿਲਮ ਰਲੀਜ਼ ਹੋਣ ਦਾ ਇੰਤਜ਼ਾਰ ਹੈ। ਸੂਰਮਾ ਵਿੱਚ ਪੰਜਾਬ ਦੇ ਮਸ਼ਹੂਰ ਅਤੇ ਹਰਮਨ ਪਿਆਰੇ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਮੁੱਖ ਭੂਮਿਕਾ ਨਿਭਾ ਰਹੇ ਹਨ, ਦਿਲਜੀਤ ਦਾ ਕਹਿਣਾ ਹੈ ਕੇ ਇਸ ਫ਼ਿਲਮ ਵਿੱਚ ਕੰਮ ਕਰਨਾ ਅਤੇ ਬਤੌਰ ਸਨਦੀਪ ਸਿੰਘ ਪਰਦੇ ਤੇ ਪੇਸ਼ ਹੋਣਾ ਉਹਨਾਂ ਦੀ ਜ਼ਿੰਦਗੀ ਦੀ ਸਭ ਤੋਂ ਵੱਡੀ ਉਪਲੱਭਦੀ ਹੈ। ਫ਼ਿਲਮ ਵਿੱਚ ਦਿਲਜੀਤ ਨਾਲ ਤਾਪਸੀ ਪਨੂੰ ਮੁੱਖ ਭੂਮਿਕਾ ਵਿੱਚ ਨਜ਼ਰ ਆਊਗੀ ਜੋ ਕਿ ਸਨਦੀਪ ਸਿੰਘ ਦੀ ਪਤਨੀ ਅਤੇ ਪੂਰਵ ਹਾਕੀ ਖਿਡਾਰੀ ਹਰਜੀਤ ਕੌਰ ਦੀ ਭੂਮਿਕਾ ਨਿਭਾ ਰਹੀ ਹੈ। ਅੰਗਦ ਬੇਦੀ ਸਨਦੀਪ ਸਿੰਘ ਦੇ ਵੱਡੇ ਭਰਾ ਬਿਕਰਮਜੀਤ ਸਿੰਘ ਦੀ ਭੂਮਿਕਾ ਨਿਭਾ ਰਹੇ ਹਨ ਜਿੰਨ੍ਹਾਂ ਨੇ ਸਨਦੀਪ ਦੇ ਸਫਰ ਨੂੰ ਹਮੇਸ਼ਾ ਸੁਖਾਵਾਂ ਬਣਾਉਣ ਲਈ ਯੋਗਦਾਨ ਪਾਇਆ। ਫ਼ਿਲਮ ਨਿਰਦੇਸ਼ਨ ਟੀਮ ਵਿੱਚ ਦੀਪਕ ਸਿੰਘ ਅਤੇ ਚਿਤਰੰਗੜਾ ਸਿੰਘ ਨੇ ਸਲਾਹੁਣ ਯੋਗ ਕੰਮ ਕੀਤਾ ਨਜ਼ਰ ਆਉਂਦਾ ਹੈ। ਸੂਰਮਾ ਦੇ ਗੀਤ ਬਹੁਤ ਹੀ ਸੀਨੀਅਰ ਅਤੇ ਸ਼ਾਇਰੀ ਦੇ ਬਾਬਾ ਬੋਹੜ ਗੁਲਜਾਰ ਸਾਹਿਬ ਨੇ ਲਿਖੇ ਹਨ ਅਤੇ ਫ਼ਿਲਮ ਦਾ ਮਿਊਜ਼ਿਕ ਦਿੱਤਾ ਹੈ ਬਾਲੀਵੁੱਡ ਦੀ ਮਸ਼ਹੂਰ ਤਿੱਕੜੀ ਸ਼ੰਕਰ,ਅਹਿਸਾਨ, ਲੌਏ ਨੇ, ਜਿੰਨ੍ਹਾਂ ਨੂੰ ਕਿਸੇ ਵੀ ਜਾਣ ਪਛਾਣ ਦੀ ਲੋੜ ਨਹੀਂ।
ਸੂਰਮਾ ਦੇਸ਼-ਵਿਦੇਸ਼ ਦੇ ਸਿਨੇਮਾਂ ਘਰਾਂ ਵਿੱਚ 13 ਜੁਲਾਈ 2018 ਨੂੰ ਰਿਲੀਜ਼ ਕੀਤੀ ਜਾਵੇਗੀ ਅਤੇ ਇਹ ਉਮੀਦ ਕੀਤੀ ਜਾ ਰਹੀ ਹੈ ਕਿ ਸੂਰਮਾ ਬਾਕਸ ਆਫ਼ਿਸ ਤੇ ਵਧੀਆ ਪ੍ਰਦਰਸ਼ਨ ਕਰੇਗੀ ਅਤੇ ਜਿੱਥੇ ਦਰਸ਼ਕਾਂ ਨੂੰ ਭਰਪੂਰ ਮਨੋਰੰਜਨ ਮਿਲੂਗਾ ਉਥੇ ਜ਼ਿੰਦਗੀ ਵਿੱਚ ਅੱਗੇ ਵਧਣ ਦੀ ਪ੍ਰੇਰਨਾ, ਦੇਸ਼ ਪ੍ਰੇਮ ਅਤੇ ਮੁਸ਼ਕਿਲਾਂ ਉੱਤੇ ਜਿੱਤ ਪਾਉਣ ਲਈ ਮਾਰਗਦਰਸ਼ਨ ਵੀ ਮਿਲੂਗਾ।
ਰਲੀਜ਼ ਹੋਣ ਦੀ ਤਰੀਕ- 13 ਜੁਲਾਈ 2018
ਸੂਰਮਾ ਫ਼ਿਲਮ ਦੀ ਅਦਾਕਾਰੀ ਟੀਮ
ਦਿਲਜੀਤ ਦੋਸਾਂਝ ਬਤੌਰ ਸਨਦੀਪ ਸਿੰਘ
ਤਾਪਸੀ ਪੰਨੂ ਬਤੌਰ ਹਰਪ੍ਰੀਤ ਕੌਰ(ਪ੍ਰੀਤੋ)
ਅੰਗਦ ਬੇਦੀ ਬਤੌਰ ਬਿਕਰਮਜੀਤ ਸਿੰਘ
ਦਾਨਿਸ਼ ਹੁਸੈਨ ਬਤੌਰ ਕੋਚ ਕਰਤਾਰ ਸਿੰਘ
ਡਾਇਰੈਕਟਰ- ਸ਼ਾਦ ਅਲੀ
ਪ੍ਰੋਡਿਊਸਰ- ਸੋਨੀ ਪ੍ਰੋਡਕਸ਼ਨ, ਦੀਪਕ ਸਿੰਘ, ਚਿਤਰੰਗੜਾ ਸਿੰਘ
ਸੰਗੀਤ- ਸ਼ੰਕਰ, ਅਹਿਸਾਨ, ਲੌਏ
ਗੀਤਕਾਰ- ਗੁਲਜ਼ਾਰ
Comments (0)
Facebook Comments (0)