ਬਾਲੀਵੁੱਡ ਦੀ ਸਭ ਤੋਂ ਮਹਿੰਗੀ ਫਿਲਮ, ਜਿਸ ਨੂੰ ਬਣਨ 'ਚ ਲੱਗੇ 14 ਸਾਲ

ਬਾਲੀਵੁੱਡ ਦੀ ਸਭ ਤੋਂ ਮਹਿੰਗੀ ਫਿਲਮ, ਜਿਸ ਨੂੰ ਬਣਨ 'ਚ ਲੱਗੇ 14 ਸਾਲ

ਮੁੰਬਈ(ਬਿਊਰੋ)- ਅੱਜ ਦੇ ਸਮੇਂ 'ਚ ਚਾਹੇ ਹੀ ਫਿਲਮਾਂ ਨੂੰ ਬਣਨ 'ਚ ਸਿਰਫ ਕੁਝ ਦਿਨ ਲੱਗਦੇ ਹਨ ਪਰ ਇਕ ਸਮਾਂ ਅਜਿਹਾ ਸੀ, ਜਦੋਂ ਇਕ ਫਿਲਮ ਨੂੰ ਬਣਾਉਣ ਲਈ ਸਾਲਾਂ ਦਾ ਸਮਾਂ ਲੱਗ ਜਾਂਦਾ ਸੀ। ਅਜਿਹੀ ਹੀ ਇਕ ਬਾਲੀਵੁੱਡ ਫਿਲਮ 'ਮੁਗਲ-ਏ-ਆਜ਼ਮ' ਹੈ । ਇਹ ਫਿਲਮ ਉਸ ਸਮੇਂ ਦੀ ਸਭ ਤੋਂ ਮਹਿੰਗੀ ਤੇ ਲੰਬੀ ਫਿਲਮ ਸੀ । ਇਸ ਫਿਲਮ ਨੂੰ ਡਾਇਰੈਕਟਰ ਕੇ ਆਸਿਫ ਨੇ ਬਣਾਇਆ ਸੀ । ਬਾਲੀਵੁੱਡ 'ਚ ਉਨ੍ਹਾਂ ਨੂੰ ਪਾਗਲ ਡਾਇਰੈਕਟਰ ਦੇ ਤੌਰ ਤੇ ਜਾਣਿਆ ਜਾਂਦਾ ਹੈ । ਸ਼ਾਇਦ ਇਸ ਪਾਗਲ ਡਾਇਰੈਕਟਰ ਨੂੰ ਰੱਬ ਨੇ ਸਿਰਫ ਫਿਲਮ 'ਮੁਗਲ-ਏ-ਆਜ਼ਮ' ਬਣਾਉਣ ਲਈ ਹੀ ਭੇਜਿਆ ਸੀ ਕਿਉਂਕਿ ਇਸ ਫਿਲਮ ਨੂੰ ਲੈ ਕੇ ਉਨ੍ਹਾਂ ਦੀ ਦੀਵਾਨਗੀ ਦੇਖਦੇ ਹੀ ਬਣਦੀ ਸੀ।


ਇਹ ਫਿਲਮ 14 ਸਾਲਾਂ 'ਚ ਬਣ ਕੇ ਤਿਆਰ ਹੋਈ ਸੀ ਅਤੇ ਇਸ ਫਿਲਮ ਲਈ ਉਨ੍ਹਾਂ ਨੇ ਪੈਸਾ ਪਾਣੀ ਵਾਂਗ ਵਹਾਇਆ ਸੀ । ਉਸ ਜ਼ਮਾਨੇ 'ਚ ਕੋਈ ਵੀ ਫਿਲਮ 10-15 ਲੱਖ 'ਚ ਬਣ ਜਾਂਦੀ ਸੀ ਪਰ ਇਹ ਫਿਲਮ 1.5 ਕਰੋੜ ਰੁਪਏ 'ਚ ਬਣ ਕੇ ਤਿਆਰ ਹੋਈ ਸੀ। ਖਬਰਾਂ ਮੁਤਾਬਕ ਡਾਇਰੈਕਟਰ ਕੇ ਆਸਿਫ ਇਸ ਫਿਲਮ ਨੂੰ ਲੈ ਕੇ ਕੋਈ ਵੀ ਸਮਝੌਤਾ ਨਹੀਂ ਕਰਨਾ ਚਾਹੁੰਦੇ ਸਨ । ਇਸ ਫਿਲਮ ਲਈ ਸ਼ੀਸ਼ ਮਹਿਲ ਦਾ ਸੈੱਟ ਲਗਾਉਣ ਲਈ ਦੋ ਸਾਲ ਲੱਗ ਗਏ ਸਨ ਇੱਥੇ ਹੀ ਬਸ ਨਹੀਂ ਇਸ ਫਿਲਮ ਦੇ ਇਕ ਸੀਨ ਨੂੰ ਫ਼ਿਲਮਾਉਣ ਲਈ ਕਈ ਮਹੀਨੇ ਸ਼ੂਟਿੰਗ ਰੁਕੀ ਰਹੀ ਸੀ । ਦਰਅਸਲ ਸੀਨ 'ਚ ਸਲੀਮ ਯਾਨੀ ਦਲੀਪ ਕੁਮਾਰ ਨੂੰ ਮੋਤੀਆਂ 'ਤੇ ਤੁਰਦੇ ਹੋਏ ਮਹਿਲ 'ਚ ਦਾਖਿਲ ਹੋਣਾ ਸੀ। ਇਸ ਸੀਨ 'ਚ ਨਕਲੀ ਮੋਤੀਆਂ ਦੀ ਵਰਤੋਂ ਹੋਈ ਸੀ । ਇਹ ਗੱਲ ਡਾਇਰੈਕਟਰ ਕੇ ਆਸਿਫ ਨੂੰ ਪਸੰਦ ਨਹੀਂ ਸੀ ਉਹ ਫਿਲਮ 'ਚ ਅਸਲੀ ਮੋਤੀ ਵਰਤਨਾ ਚਾਹੁੰਦੇ ਸਨ । ਫਿਲਮ ਦਾ ਸੀਨ ਵੀ ਹੋ ਗਿਆ ਪਰ ਆਸਿਫ ਨੇ ਫਿਲਮ ਦੇ ਪ੍ਰੋਡਿਊਸਰ ਤੋਂ ਇਕ ਲੱਖ ਰੁਪਏ ਦੀ ਮੰਗ ਕੀਤੀ ਤਾਂ ਜੋ ਅਸਲੀ ਮੋਤੀ ਲਿਆਉਂਦੇ ਜਾ ਸਕਣ।


ਇਹ ਸੁਣ ਕੇ ਪ੍ਰੋਡਿਊਸਰ ਗੁੱਸੇ ਹੋ ਗਏ ਤੇ ਉਨ੍ਹਾਂ ਨੇ ਆਸਿਫ ਨੂੰ ਕਿਹਾ ਕਿ ਤੂੰ ਪਾਗਲ ਹੈ । ਮੋਤੀ ਅਸਲੀ ਹੋਣ ਜਾ ਨਕਲੀ ਕੀ ਫਰਕ ਪੈਂਦਾ ਹੈ । ਇਸ ਦੇ ਜਵਾਬ 'ਚ ਆਸਿਫ ਨੇ ਕਿਹਾ ਕਿ ਅਸਲੀ ਮੋਤੀਆਂ ਤੇ ਤੁਰ ਕੇ ਜੋ ਚਮਕ ਦਲੀਪ ਕੁਮਾਰ ਦੇ ਚਿਹਰੇ ਤੇ ਆਵੇਗੀ ਉਸ ਦਾ ਬਾਅਦ 'ਚ ਪਤਾ ਲੱਗੇਗਾ । ਇਸ ਸੀਨ ਲਈ ਕਈ ਮਹੀਨੇ ਫਿਲਮ ਦੀ ਸ਼ੂਟਿੰਗ ਰੁਕੀ ਰਹੀ । ਕੁਝ ਮਹੀਨੇ ਬਾਅਦ ਈਦ ਸੀ, ਈਦ ਤੇ ਜਦੋਂ ਆਸਿਫ ਤੇ ਫਿਲਮ ਦੇ ਪ੍ਰੋਡਿਊਸਰ ਇੱਕਠੇ ਹੋਏ ਤਾਂ ਉਸ ਨੇ ਪੁੱਛਿਆ ਕਿ ਫਿਲਮ ਦੀ ਸ਼ੂਟਿੰਗ ਕਿਉਂ ਰੁਕੀ ਹੈ ਤਾਂ ਆਸਿਫ ਨੇ ਕਿਹਾ ਕਿ ਸੁੱਚੇ ਮੋਤੀਆਂ ਕਰਕੇ । ਇਸ ਤੋਂ ਬਾਅਦ ਪ੍ਰੋਡਿਊਸਰ ਨੇ ਆਸਿਫ ਨੂੰ ਇਕ ਲੱਖ ਰੁਪਏ ਦਿੱਤੇ ਤੇ ਫਿਲਮ ਦਾ ਇਹ ਸੀਨ ਫਿਲਮਾਇਆ ਗਿਆ । ਇਸ ਫਿਲਮ 'ਚ 2 ਹਜ਼ਾਰ ਊਠ ਤੇ 4 ਹਜ਼ਾਰ ਘੋੜਿਆਂ ਦੀ ਵਰਤੋਂ ਕੀਤੀ ਗਈ ਸੀ ਜਦੋਂ ਕਿ ਅਸਲੀ ਫੌਜੀਆਂ ਕੋਲੋਂ ਅਦਾਕਾਰੀ ਕਰਵਾਈ ਗਈ ਸੀ । ਇਸ ਫਿਲਮ ਲਈ 72 ਗੀਤ ਲਿਖਵਾਏ ਗਏ ਸਨ। ਜਦੋਂ ਕਿ ਇਸ ਫਿਲਮ ਦਾ ਹਿੱਟ ਗੀਤ 'ਜਬ ਪਿਆਰ ਕਿਆ ਤੋਂ ਡਰਨਾ ਕਿਆ' 105 ਘੰਟਿਆਂ 'ਚ ਲਿਖਿਆ ਗਿਆ ਸੀ।