ਖੇਤੀ ਨਾਲ ਕਮਾ ਰਿਹਾ ਹੈ ਲੱਖਾਂ ਰੁਪਏ
Fri 20 Dec, 2019 0ਨੂਰਪੁਰਬੇਦੀ- ਪੰਜਾਬ 'ਚ ਖੇਤੀ ਮੁਨਾਫੇ ਦਾ ਸਾਧਨ ਨਹੀਂ ਹੋ ਰਹੀ। ਰਿਵਾਇਤੀ ਫਸਲੀ ਚੱਕਰ 'ਚ ਫਸ ਕੇ ਕਿਸਾਨ ਆਏ ਦਿਨੀਂ ਕਰਜ਼ੇ ਦੇ ਬੋਝ ਹੇਠਾਂ ਦਬ ਕੇ ਮੌਤ ਨੂੰ ਗਲੇ ਲਗਾ ਰਹੇ ਹਨ ਪਰ ਕੁਝ ਅਜਿਹੇ ਵੀ ਕਿਸਾਨ ਹਨ, ਜੋ ਇਸ ਰਿਵਾਇਤੀ ਫਸਲੀ ਚੱਕਰ ਨੂੰ ਛੱਡ ਕੇ ਨਵੀਆਂ ਫਸਲਾਂ ਆਪਣਾ ਕੇ ਆਪਣੀ ਆਮਦਨੀ ਨੂੰ ਦੁੱਗਣਾ ਕਰ ਰਹੇ ਹਨ ਅਤੇ ਲੱਖਾਂ ਰੁਪਏ ਕਮਾ ਰਹੇ ਹਨ।
ਸ੍ਰੀ ਅਨੰਦਪੁਰ ਸਾਹਿਬ ਦੇ ਬਲਾਕ ਨੂਰਪੁਰਬੇਦੀ ਦੇ ਪਿੰਡ ਅਭਿਆਨਾ ਨੰਗਲ ਦੇ 42 ਸਾਲਾ ਪਰਮਜੀਤ ਨੇ ਨਵੀਂ ਕਿਸਮ ਦੀ ਖੇਤੀ ਨੂੰ ਆਪਣਾ ਕੇ ਆਪਣੇ ਮੁਨਾਫੇ 'ਚ ਵਾਧਾ ਕੀਤਾ ਹੈ। ਇਸ ਕਿਸਾਨ ਨੇ ਨਵੀਆਂ ਕਿਸਮ ਦੀਆਂ ਫਸਲਾਂ, ਡ੍ਰੈਗਨ ਫਰੂਟ, ਸਟਾਬਰੀ ਦੀ ਬਾਗਬਾਨੀ ਨੂੰ ਆਪਣਾ ਕੇ ਰਿਵਾਇਤੀ ਫਸਲੀ ਚੱਕਰ ਨੂੰ ਛੱਡਿਆ। ਬਾਓ ਖਾਦ ਦੀ ਮਦਦ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਵਧਾਇਆ ਅਤੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਦੇਖਰੇਖ 'ਚ ਆਪਣੀ ਬਾਗਬਾਨੀ 'ਚ ਕੰਮ ਕਰ ਰਹੇ ਮਜ਼ਦੂਰਾਂ 'ਤੇ ਬਾਹਰ ਤੋਂ ਨਜ਼ਰ ਰੱਖ ਕੇ ਮਜ਼ਦੂਰਾਂ ਨੂੰ ਮਹੀਨੇ ਦੀ ਤਨਖਾਹ ਆਨਲਾਈਨ ਉਨ੍ਹਾਂ ਦੇ ਬੈਂਕ ਖਾਤਿਆਂ 'ਚ ਦੇ ਰਹੇ ਹਨ।
42 ਸਾਲਾ ਪਰਮਜੀਤ ਨੇ ਵੱਖਰੀ ਕਿਸਮ ਦੀ ਖੇਤੀ ਕਰਕੇ ਜਿੱਥੇ ਦੁਨੀਆ 'ਚ ਆਪਣਾ ਨਾਂ ਚਮਕਾਇਆ ਹੈ, ਉਥੇ ਹੀ ਉਨ੍ਹਾਂ ਨੇ ਆਪਣੀ ਆਮਦਨੀ 'ਚ ਵੀ ਵਾਧਾ ਕੀਤਾ ਹੈ। ਡ੍ਰੈਗਨ ਫੂਡ ਅਤੇ ਸਟਾਬਰੀ ਵਰਗੀਆਂ ਫਸਲਾਂ ਪਹਿਲਾਂ ਦੇਸ਼ 'ਚ ਨਹੀਂ ਪੈਦਾ ਹੁੰਦੀਆਂ ਸਨ। ਇਹ ਫਰੂਟ ਵਿਦੇਸ਼ਾਂ 'ਚ ਹੀ ਪੈਦਾ ਹੁੰਦਾ ਸੀ ਅਤੇ ਵੱਡੇ-ਵੱਡੇ ਪੋਲੀ ਹਾਊਸ 'ਚ ਪੈਦਾ ਹੁੰਦਾ ਸੀ ਪਰ ਇਹ ਖੇਤੀ ਹੁਣ ਭਾਰਤ 'ਚ ਵੀ ਹੋਣ ਲੱਗੀ ਹੈ, ਜਿਸ ਨਾਲ ਕਿਸਾਨ ਇਸ ਖੇਤੀ 'ਚ ਆਪਣੀ ਆਮਦਨੀ ਨੂੰ ਦੁੱਗਣਾ ਕਰ ਰਿਹਾ ਹੈ।
ਕਿਸਾਨ ਪਰਮਜੀਤ ਨੇ ਦੱਸਿਆ ਕਿ ਉਸ ਨੇ 18 ਏਕੜ ਖੇਤੀ 'ਚੋਂ 5 ਏਕੜ 'ਚ ਸਟਾਬਰੀ ਅਤੇ 1 ਏਕੜ 'ਚ ਡ੍ਰੈਗਨ ਫਰੂਟ ਲਗਾਏ ਹਨ। ਪਰਮਜੀਤ ਇਸ ਤੋਂ ਪਹਿਲਾਂ ਸਬਜ਼ੀ ਦੀ ਖੇਤੀ ਕਰਦੇ ਸਨ ਪਰ ਬਾਅਦ 'ਚ ਐੱਮ. ਕੇ. ਫਰੂਟਸ ਕੰਪਨੀ ਬਣਾ ਲਈ ਅਤੇ ਨਵੀਂ ਤਕਨੀਕ ਆਪਣਾ ਕੇ ਆਪਣੀ ਖੇਤੀ ਅਤੇ ਬਾਗਬਾਨੀ ਨੂੰ ਵਧਾਉਣ ਦੇ ਯਤਨ ਕਰਨੇ ਸ਼ੁਰੂ ਕਰ ਦਿੱਤੇ। ਜਿਸ ਨਾਲ ਉਨ੍ਹਾਂ ਨੂੰ ਭਰਪੂਰ ਸਫਲਤਾ ਮਿਲੀ ਅਤੇ ਬਾਗਬਾਨੀ ਵਿਭਾਗ ਦੇ ਅਧਿਕਾਰੀਆਂ ਨੇ ਵੀ ਦਿਲਚਸਪੀ ਨਾਲ ਕੰਮ ਕੀਤਾ ਅਤੇ ਸਪਰੇਅ ਪੰਪ ਅਤੇ ਦਵਾਈਆਂ 'ਤੇ ਸਬਸਿਡੀ ਵੀ ਦਿਵਾਈ। ਉਨ੍ਹਾਂ ਦੱਸਿਆ ਕਿ ਹਾਰਟੀਕਲਚਰ ਵਿਭਾਗ ਸਮਾਂ ਰਹਿੰਦੇ ਸਾਡੇ ਇਸ ਫਾਰਮ ਹਾਊਸ 'ਚ ਖੇਤੀ ਨੂੰ ਦੇਖਣ ਲਈ ਆਉਂਦੇ ਰਹਿੰਦੇ ਹਨ।
ਜੋ ਕਿਸਾਨ ਰਿਵਾਇਤੀ ਫਸਲੀ ਚੱਕਰ 'ਚ ਫਸ ਕੇ ਆਏ ਦਿਨ ਮੌਤ ਨੂੰ ਗਲੇ ਲਗਾ ਰਹੇ ਹਨ ਜਾਂ ਮਾਯੂਸ ਹੋ ਰਹੇ ਹਨ, ਉਨ੍ਹਾਂ ਨੂੰ ਪਰਮਜੀਤ ਨੇ ਕਿਹਾ ਕਿ ਜੇਕਰ ਉਹ ਇਸ ਨਵੀਂ ਖੇਤੀ ਨਾਲ ਜੁੜਨਾ ਚਾਹੁੰਦੇ ਹਨ ਤਾਂ ਉਹ ਉਨ੍ਹਾਂ ਦੀ ਹਰ ਤਰ੍ਹਾਂ ਦੀ ਮਦਦ ਕਰਨ ਲਈ ਤਿਆਰ ਹਨ, ਜਿਸ ਨਾਲ ਉਹ ਵੀ ਇਸ ਰਿਵਾਇਤੀ ਫਸਲੀ ਚੱਕਰ 'ਚੋਂ ਬਾਹਰ ਨਿਕਲ ਕੇ ਨਵੀਂ ਖੇਤੀ ਨੂੰ ਆਪਣਾ ਕੇ ਆਪਣੀ ਆਮਦਨੀ 'ਚ ਵਾਧਾ ਕਰ ਸਕਣ।
Comments (0)
Facebook Comments (0)