ਸਹਿਕਾਰੀ ਬੈਂਕਾਂ ਦੇ ਸੇਵਾਦਾਰ ਕਰਨਗੇ ਕਿਸਾਨਾਂ ਤੋਂ ਕਰਜ਼ੇ ਦੀ ਵਸੂਲੀ
Sun 27 May, 2018 0ਚੰਡੀਗੜ੍ਹ (ਸੰਦੀਪ ਸਿੱਧੂ ) : ਪੰਜਾਬ ਸਹਿਕਾਰਤਾ ਵਿਭਾਗ ਹੁਣ ਸਹਿਕਾਰੀ ਤੇ ਖੇਤੀ ਬੈਂਕਾਂ ਦੇ ਸੇਵਾਦਾਰਾਂ ਤੋਂ ਕਿਸਾਨਾਂ ਦੀ ਕਰਜ਼ਾ ਵਸੂਲੀ ਦੇ ਕੰਮ ਵਿਚ ਸਹਾਇਤਾ ਲਏਗਾ। ਵਿਭਾਗ ਵਲੋਂ ਵੱਖ-ਵੱਖ ਥਾਵਾਂ 'ਤੇ ਕੰਮ ਕਰਦੇ ਸੇਵਾਦਾਰਾਂ ਦੇ ਤਬਾਦਲੇ ਕੀਤੇ ਗਏ ਹਨ, ਜਿਨ੍ਹਾਂ ਵਿਚ ਮਹਿਲਾ ਸੇਵਾਦਾਰ ਵੀ ਸ਼ਾਮਲ ਹਨ। ਇਨ੍ਹਾਂ ਸੇਵਾਦਾਰਾਂ ਨੂੰ ਤਬਾਦਲਿਆਂ ਤੋਂ ਬਾਅਦ ਕਿਸਾਨਾਂ ਤੋਂ ਕਰਜ਼ਾ ਵਸੂਲੀ ਦਾ ਕੰਮ ਕਰਨ ਲਈ ਨਿਰਦੇਸ਼ ਦਿੱਤੇ ਜਾ ਰਹੇ ਹਨ। ਦਰਜਾ ਚਾਰ ਮੁਲਾਜ਼ਮ ਯੂਨੀਅਨ ਨੇ ਸਹਿਕਾਰਤਾ ਵਿਭਾਗ ਦੇ ਇਸ ਕਦਮ ਦਾ ਜ਼ੋਰਦਾਰ ਵਿਰੋਧ ਕੀਤਾ ਹੈ।
ਯੂਨੀਅਨ ਆਗੂਆਂ ਦਾ ਕਹਿਣਾ ਹੈ ਕਿ ਵਿਭਾਗ ਦੇ ਅਧਿਕਾਰੀ ਕਿਸਾਨਾਂ ਦੇ ਰੋਹ ਤੋਂ ਡਰਦੇ ਹਨ ਤੇ ਹੁਣ ਛੋਟੇ ਮੁਲਾਜ਼ਮਾਂ ਨੂੰ ਇਸ ਕੰਮ ਲਈ ਅੱਗੇ ਕੀਤਾ ਜਾ ਰਿਹਾ ਹੈ, ਜਦਕਿ ਕਰਜ਼ਾ ਵਸੂਲੀ ਕਰਨਾ ਸੇਵਾਦਾਰਾਂ ਦੀ ਡਿਊਟੀ ਨਹੀਂ ਬਣਦੀ। ਯੂਨੀਅਨ ਨੇ ਸੇਵਾਦਾਰਾਂ ਦੇ ਕੀਤੇ ਤਬਾਦਲੇ ਰੱਦ ਕਰਨ ਤੇ ਉਨ੍ਹਾਂ ਨੂੰ ਕਰਜ਼ਾ ਵਸੂਲੀ ਸਬੰਧੀ ਦਿੱਤੇ ਜਾ ਰਹੇ ਨਿਰਦੇਸ਼ ਵਾਪਸ ਲੈਣ ਦੀ ਮੰਗ ਕਰਦਿਆਂ ਅਜਿਹਾ ਨਾ ਹੋਣ 'ਤੇ ਅੰਦੋਲਨ ਦੀ ਚਿਤਾਵਨੀ ਵੀ ਦਿੱਤੀ ਹੈ। ਦੂਜੇ ਪਾਸੇ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਸੇਵਾਦਾਰਾਂ ਨੂੰ ਕਰਜ਼ਾ ਵਸੂਲੀ ਦੇ ਕੰਮ ਵਿਚ ਜ਼ਬਰਦਸਤੀ ਲਾਉਣ ਵਾਲੀ ਕੋਈ ਗੱਲ ਨਹੀਂ। ਵਿਭਾਗ ਦੇ ਕੰਮਾਂ ਵਿਚ ਕਿਸੇ ਵੀ ਮੁਲਾਜ਼ਮ ਤੋਂ ਸਹਾਇਤਾ ਲਈ ਜਾ ਸਕਦੀ ਹੈ।
Comments (0)
Facebook Comments (0)