ਝੋਨੇ ਦੀਆਂ ਇਹ ਕਿਸਮਾਂ ਬੀਜਣ ਲਈ ਖੇਤੀਬਾੜੀ ਯੂਨੀਵਰਸਿਟੀ ਨੇ ਕੀਤੀ ਸਿਫ਼ਾਰਿਸ਼

ਝੋਨੇ ਦੀਆਂ ਇਹ ਕਿਸਮਾਂ ਬੀਜਣ ਲਈ ਖੇਤੀਬਾੜੀ ਯੂਨੀਵਰਸਿਟੀ ਨੇ ਕੀਤੀ ਸਿਫ਼ਾਰਿਸ਼

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੇ ਇਸ ਸਾਉਣੀ ਦੇ ਸੀਜ਼ਨ ਲਈ ਕਿਸਾਨਾਂ ਨੂੰ ਝੋਨੇ ਦੀਆਂ ਕਿਸਮਾਂ ਪੀ ਆਰ 127, ਪੀ ਆਰ 126, ਪੀ ਆਰ 124, ਪੀ ਆਰ 123, ਪੀ ਆਰ 122, ਪੀ ਆਰ 121, ਪੀ ਆਰ 114, ਪੀ ਆਰ 113 ਸਿਫ਼ਾਰਸ਼ ਕੀਤੀਆਂ ਹਨ ਅਤੇ ਨਾਲ ਹੀ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਇਨ੍ਹਾਂ ਕਿਸਮਾਂ ਦੀ ਪਨੀਰੀ ਦੀ ਬਿਜਾਈ ਮਈ ਮਹੀਨੇ ਦੇ ਦੂਜੇ ਪੰਦ੍ਹਰਵਾੜੇ ਵਿੱਚ ਪੂਰੀ ਕਰ ਲੈਣ। ਖੇਤੀ ਮਾਹਿਰਾਂ ਨੇ ਸਲਾਹ ਦਿੱਤੀ ਹੈ ਕਿ ਖੇਤ ਵਿੱਚ 12-15 ਟਨ ਗਲੀ ਸੜੀ ਰੂੜੀ ਦੀ ਖਾਦ ਪਾ ਕੇ ਚੰਗੀ ਤਰ੍ਹਾਂ ਰਲਾਉਣ ਉਪਰੰਤ ਪਾਣੀ ਲਾਓ ਤਾਂ ਕਿ ਨਦੀਣ ਉੱਗ ਪੈਣ। ਨਦੀਣਾਂ ਨੂੰ ਮਾਰਨ ਲਈ ਇੱਕ ਵਾਰ ਫਿਰ ਖੇਤ ਨੂੰ ਵਾਹੋ। ਖੇਤ ਨੂੰ ਭਰਵਾਂ ਪਾਣੀ ਦਿਓ ਅਤੇ ਕੱਦੂ ਕਰੋ। ਕੱਦੂ ਕਰਨ ਸਮੇਂ 26 ਕਿੱਲੋ ਯੂਰੀਆ, 60 ਕਿੱਲੋ ਸਿੰਗਲ ਸੁਪਰਫਾਸਫੇਟ ਅਤੇ 40 ਕਿੱਲੋ ਜ਼ਿੰਕ ਸਲਫ਼ੇਟ (ਹੈਪਟਾਹਾਈਡਰੇਟ) ਜਾਂ 25 ਕਿੱਲੋ ਜ਼ਿੰਕ ਸਲਫ਼ੇਟ (ਮੋਨੋਹਾਈਡਰੇਟ) ਪ੍ਰਤੀ ਏਕੜ ਦੇ ਹਿਸਾਬ ਪਾ ਦਿਓ। ਖੇਤ ਵਿਚ ਕਿਆਰੇ ਸੌਖ ਦੇ ਹਿਸਾਬ ਅਨੁਸਾਰ ਤਿਆਰ ਕਰੋ। ਬੀਜ ਤੋਂ ਹੋਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਲਈ ਬਿਜਾਈ ਤੋਂ ਪਹਿਲਾਂ ਬੀਜ ਨੂੰ ਸੋਧ ਲਓ। ਸੋਧਿਆ ਹੋਇਆ ਅਤੇ ਪਹਿਲਾਂ ਉੱਘਰਿਆ ਇਕ ਕਿੱਲੋ ਬੀਜ ਪ੍ਰਤੀ 20 ਵਰਗ ਮੀਟਰ ਦੇ ਹਿਸਾਬ ਛਿੱਟਾ ਦਿਓ। ਲਗਾਤਾਰ ਪਾਣੀ ਦੇ ਕੇ ਜ਼ਮੀਨ ਗਿੱਲੀ ਰੱਖੋ। ਬੀਜਣ ਤੋਂ 15 ਦਿਨਾਂ ਬਾਅਦ 26 ਕਿੱਲੋ ਯੂਰੀਆ ਪ੍ਰਤੀ ਏਕੜ ਹੋਰ ਪਾਓ।

ਖੇਤੀ ਮਾਹਿਰਾਂ ਨੇ ਕਿਹਾ ਹੈ ਕਿ ਝੋਨੇ ਦੀ ਪਨੀਰੀ ਵਿੱਚੋਂ ਨਦੀਣਾਂ ਨੂੰ ਚੰਗੀ ਤਰ੍ਹਾਂ ਖ਼ਤਮ ਕਰਨ ਲਈ 1200 ਮਿਲੀਲੀਟਰ ਬੂਟਾਕਲੋਰ 50 ਤਾਕਤ ਜਾਂ ਥਾਇਓਬੈਨਕਾਰਬ 50 ਤਾਕਤ ਦੀ ਵਰਤੋਂ ਕਰੋ। ਨਦੀਣ ਨਾਸ਼ਕ ਦੀ ਵਰਤੋਂ ਬਿਜਾਈ ਦੇ ਸੱਤ ਦਿਨਾਂ ਬਾਅਦ ਕਰੋ। ਇਸੇ ਤਰਾਂ ਨਰਸਰੀ ਬੀਜਣ ਤੋਂ 15-20 ਦਿਨਾਂ ਬਾਅਦ ਨੋਮਿਨੀ ਗੋਲਡ 10 ਐਸ ਸੀ 100 ਮਿਲੀਲੀਟਰ ਪ੍ਰਤੀ ਏਕੜ ਨੂੰ 150 ਲੀਟਰ ਪਾਣੀ ਵਿੱਚ ਘੋਲ ਕੇ ਸਪਰੇਅ ਕਰਨ ਨਾਲ ਵੀ ਨਦੀਣਾਂ ਦੀ ਰੋਕਥਾਮ ਕੀਤੀ ਜਾ ਸਕਦੀ ਹੈ। ਬੀਜ ਉੱਗਣ ਦੀ ਪਹਿਲੀ ਅਵਸਥਾ ਤੇ ਦਸ ਦਿਨ ਤੱਕ ਹਲਕਾ ਪਾਣੀ ਦੇਣਾ ਚਾਹੀਦਾ ਹੈ। ਬਾਅਦ ਵਿੱਚ ਲਗਾਤਾਰ ਪਾਣੀ ਦੇਂਦੇ ਰਹੋ। ਪਾਣੀ ਦੀ ਘਾਟ ਕਾਰਨ ਹਲਕੀਆਂ (ਰੇਤਲੀਆਂ) ਜ਼ਮੀਨਾਂ ਵਿੱਚ ਲੋਹੇ ਦੀ ਘਾਟ ਆਉਂਦੀ ਹੈ। ਜੇਕਰ ਪਨੀਰੀ ਦੇ ਨਵੇਂ ਨਿਕਲਣ ਵਾਲੇ ਪੱਤੇ ਪੀਲੇ ਦਿੱਖਣ ਤਾਂ 0.5-1 ਪ੍ਰਤੀਸ਼ਤ ਫੈਰਸ ਸਲਫ਼ੇਟ (0.5-1 ਕਿੱਲੋ ਫੈਰਸ ਸਲਫ਼ੇਟ 100 ਲੀਟਰ ਪਾਣੀ) ਦੇ ਘੋਲ ਦੇ ਤਿੰਨ ਛਿੜਕਾਅ ਹਫ਼ਤੇ- ਹਫ਼ਤੇ ਦੇ ਵਕਫ਼ੇ ਤੇ ਕਰੋ। ਜੇਕਰ ਪੱਤੇ ਜੰਗਾਲੇ ਹੋ ਜਾਣ ਤਾਂ 0.5 ਪ੍ਰਤੀਸ਼ਤ ਜ਼ਿੰਕ ਸਲਫ਼ੇਟ (21%) ਜਾਂ 0.3% ਜ਼ਿੰਕ ਸਲਫ਼ੇਟ (33%) ਦੇ ਘੋਲ ਦਾ ਛਿੜਕਾਅ ਕਰੋ। ਜੇਕਰ ਨਰਸਰੀ ਵਿੱਚ ਹਿਸਪਾ ਭੂੰਡੀ ਦਾ ਹਮਲਾ ਹੋਵੇ ਤਾਂ ਪਨੀਰੀ ਪੁੱਟ ਕੇ ਲਾਉਣ ਤੋਂ ਪਹਿਲਾਂ ਹਮਲੇ ਵਾਲੇ ਬੂਟਿਆਂ ਦੇ ਪੱਤੇ ਦਾ ਉੱਪਰਲਾ ਹਿੱਸਾ ਕੱਟ ਕੇ ਨਸ਼ਟ ਕਰ ਦਿਓ।