UK Election: ਕੰਜ਼ਰਵੇਟਿਵ ਪਾਰਟੀ ਦੀ ਵੱਡੀ ਜਿੱਤ, ਲੇਬਰ ਪਾਰਟੀ ਨੂੰ ਪਛਾੜਿਆ

UK Election: ਕੰਜ਼ਰਵੇਟਿਵ ਪਾਰਟੀ ਦੀ ਵੱਡੀ ਜਿੱਤ, ਲੇਬਰ ਪਾਰਟੀ ਨੂੰ ਪਛਾੜਿਆ

AFP ਇਨ੍ਹਾਂ ਚੋਣਾਂ ਵਿੱਚ ਲੇਬਰ ਆਗੂ ਕੌਰਬੀਅਨ ਤੇ ਕੰਜ਼ਰਵੇਟਿਵ ਆਗੂ ਬੋਰਿਸ ਜੌਨਸਨ ਦੀਆਂ ਸ਼ਖ਼ਸ਼ੀਅਤਾਂ ਦਾ ਭੇੜ ਹੋਇਆ।

ਯੂਕੇ ਚੋਣਾਂ ਦੇ ਮੁੱਢਲੇ ਨਤੀਜੇ ਇੱਕ ਐਗਜ਼ਿਟ ਪੋਲ ਦੀ ਪੇਸ਼ੇਨਗੋਈ ਦੇ ਮੁਤਾਬਕ ਹੀ ਆ ਰਹੇ ਹਨ ਜਿਸ ਵਿੱਚ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਦੀ ਕੰਜ਼ਰਵੇਟਿਵ ਪਾਰਟੀ ਨੂੰ ਜੇਤੂ ਦਿਖਾਇਆ ਗਿਆ ਸੀ।

ਉਸ ਐਗਜ਼ਿਟ ਪੋਲ ਵਿੱਚ ਬੋਰਿਸ ਜੌਨਸਨ ਦੀ ਪਾਰਟੀ ਦੀ ਪਾਰਟੀ ਨੂੰ ਸਦਨ ਵਿੱਚ ਅੱਸੀ ਤੋਂ ਵਧੇਰੇ ਸੀਟਾਂ ਦੇ ਜੇਤੂ ਫ਼ਰਕ ਨਾਲ ਜਿੱਤਦੇ ਦਿਖਾਇਆ ਗਿਆ ਸੀ।

ਦੇਸ਼ ਦੇ ਪੋਲਿੰਗ ਬੂਥਾਂ 'ਤੇ ਕੀਤੇ ਗਏ ਸਰਵੇਖਣ ਮੁਤਾਬਕ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਦੀ ਕੰਜ਼ਰਵੇਟਿਵ ਪਾਰਟੀ ਦੇ 368 ਐੱਮਪੀ ਜਿੱਤਣਗੇ।

ਇਹ 2017 ਦੇ ਨਤੀਜਿਆਂ ਦੇ ਮੁਕਾਬਲੇ 50 ਸੀਟਾਂ ਜ਼ਿਆਦਾ ਹਨ। ਲੇਬਰ ਪਾਰਟੀ ਨੂੰ 191, ਲਿਬਰਲ ਡੈਮੋਕ੍ਰਰੇਟਾਂ 13, ਬ੍ਰੈਗਜ਼ਿਟ ਪਾਰਟੀ ਸਿਫ਼ਰ ਅਤੇ ਐੱਸਐੱਨਪੀ ਨੂੰ 55 ਸੀਟਾਂ ਮਿਲਣ ਦਾ ਅਨੁਮਾਨ ਹੈ।

ਇਨ੍ਹਾਂ ਨਤੀਜਿਆਂ ਤੋਂ ਲਗਦਾ ਹੈ ਕਿ ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਇੱਕ ਵਾਰ ਫਿਰ ਬਰਤਾਨੀਆ ਦੀ ਕਮਾਨ ਸੰਭਾਲੇਗੀ।

ਇਹ ਵੀ ਪੜ੍ਹੋ:

ਕੰਜ਼ਰਵੇਟਿਵ ਪਾਰਟੀ ਵਿਰੋਧੀ ਲੇਬਰ ਪਾਰਟੀ ਦੇ ਰਵਾਇਤੀ ਗੜ੍ਹਾਂ ਵਿੱਚ ਵੀ ਸੰਨ੍ਹ ਲਾ ਰਹੀ ਹੈ ਜਿਨ੍ਹਾਂ ਹਲਕਿਆਂ 'ਤੇ ਲੇਬਰ ਪਾਰਟੀ ਦਾ ਦਹਾਕਿਆਂ ਤੋਂ ਕਬਜ਼ਾ ਚੱਲਿਆ ਆ ਰਿਹਾ ਸੀ ਉਹ ਵੀ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਦੀ ਪਾਰਟੀ ਦੀ ਝੋਲੀ ਪੈਂਦੀਆਂ ਦਿਖ ਰਹੀਆਂ ਹਨ।

ਜਦਕਿ ਲੇਬਰ ਪਾਰਟੀ ਮੂਧੇ ਮੂੰਹ ਡਿਗਦੀ ਦਿਖ ਰਹੀ ਹੈ। ਉਸ ਨੂੰ ਲਗਭਗ 70 ਸੀਟਾਂ ਦਾ ਨੁਕਸਾਨ ਹੋ ਸਕਦਾ ਹੈ।

ਕੈਬਨਿਟ ਮੰਤਰੀ ਰੌਬਰਟ ਬਕਲੈਂਡ ਨੇ ਕਿਹਾ ਕਿ ਇਸ ਬਹੁਮਤ ਨਾਲ “ਬੋਰਿਸ ਜੌਨਸਨ ਸਮੁੱਚੇ ਯੂਕੇ ਦੇ ਪ੍ਰਧਾਨ ਮੰਤਰੀ ਹੋਣ ਦਾ ਦਾਅਵਾ ਕਰ ਸਕਣਗੇ।”

ਇਨ੍ਹਾਂ ਹਲਕਿਆਂ ਵਿੱਚ ਦੇਸ਼ ਦਾ ਉੱਤਰ-ਪੱਛਮੀ ਹਲਕਾ ਵਰਕਿੰਗਟਨ, ਰੈਕਸਮ ਵੀ ਸ਼ਾਮਲ ਹਨ ਜੋ ਲੇਬਰ ਪਾਰਟੀ ਦੇ 1935 ਤੋਂ ਗੜ੍ਹ ਰਹੇ ਹਨ।

ਇਸ ਅਨੁਮਾਨਿਤ ਬਹੁਮਤ ਨਾਲ ਪ੍ਰਧਾਨ ਮੰਤਰੀ ਬੋਰਿਸ ਜੋਹਨਸਨ ਦਾ ਬਰਤਾਨੀਆ ਨੂੰ ਅਗਾਮੀ ਜਨਵਰੀ ਮਹੀਨੇ ਦੇ ਖ਼ਤਮ ਹੋਣ ਤੋਂ ਪਹਿਲਾਂ ਯੂਰਪੀ ਯੂਨੀਅਨ ਤੋਂ ਬਾਹਰ ਲਿਜਾਣ ਦਾ ਰਾਹ ਸਾਫ਼ ਹੋ ਜਾਵੇਗਾ।