ਗ਼ਜ਼ਲ---ਕਲੇਜਾ ਚੀਰ ਕੇ ਸਾਥੋਂ ਦਿਖਾਇਆ ਵੀ ਨਹੀਂ ਜਾਂਦਾ

ਗ਼ਜ਼ਲ---ਕਲੇਜਾ ਚੀਰ ਕੇ ਸਾਥੋਂ ਦਿਖਾਇਆ ਵੀ ਨਹੀਂ ਜਾਂਦਾ

ਕਲੇਜਾ ਚੀਰ ਕੇ ਸਾਥੋਂ ਦਿਖਾਇਆ ਵੀ ਨਹੀਂ ਜਾਂਦਾ।
ਜਿਨ੍ਹਾਂ ਨੂੰ ਯਾਦ ਕਰ ਕਰ ਕੇ ਕਲੇਜੇ ਹੌਲ ਪੈਂਦੇ ਨੇ,
ਮੁਸੀਬਤ ਹੈ ਕਿ ਉਨ੍ਹਾਂ ਨੂੰ ਭੁਲਾਇਆ ਵੀ ਨਹੀਂ ਜਾਂਦਾ। 
ਜਦੋਂ ਉਹ ਯਾਦ ਆ ਜਾਵਣ ਅੱਖੀਂ ਹੰਝੂ ਚਮਕ ਪੈਂਦੈ,


ਭਰੇ ਹੰਝੂਆਂ ਦੇ ਨੈਣਾਂ ਨੂੰ ਛੁਪਾਇਆ ਵੀ ਨਹੀਂ ਜਾਂਦਾ। 
ਬੜੀ ਔਖੀ ਮੰਜ਼ਿਲ ਵੱਲ ਅਸਾਡੇ ਪੈਰ ਵਧ ਗਏ ਨੇ,
ਲਮੇਰਾ ਪੰਧ ਹੈ ਏਨਾ ਮੁਕਾਇਆ ਵੀ ਨਹੀਂ ਜਾਂਦਾ। 
ਅਜਿਹਾ ਰੰਗ ਚੜ੍ਹਿਆ ਹੈ ਉਹਦੀ ਗੂੜ੍ਹੀ ਮੁਹੱਬਤ ਦਾ,


ਕਿ ਦੂਜਾ ਰੰਗ ਕੋਈ ਦਿਲ ਤੇ ਚੜ੍ਹਾਇਆ ਵੀ ਨਹੀਂ ਜਾਂਦਾ। 
ਕੀ ਕੀ ਹੈ ਅਸਾਂ ਪੱਲੇ ਹੰਝੂ ਹੌਂਕੇ ਤੇ ਚੀਸਾਂ ਨੇ,
ਮਿਲੇ ਏਨੇ ਨੇ ਗ਼ਮ ਸਾਨੂੰ ਗਿਣਾਇਆ ਵੀ ਨਹੀਂ ਜਾਂਦਾ। 
ਕਹਾਣੀ ਸਾਡੇ ਜੀਵਨ ਦੀ ਜੇ ਮੁੱਕੇ ਵੀ ਤੇ ਕਿੰਜ ਮੁੱਕੇ,
ਤੁਸਾਂ ਦੀ ਯਾਦ ਦਾ ਦੀਵਾ ਬੁਝਾਇਆ ਵੀ ਨਹੀਂ ਜਾਂਦਾ। 


-ਬਲਦੇਵ ਸਿੰਘ 'ਬੱਧਨ', ਸੰਪਰਕ : 99588-31357


ਕਲਪਨਾ ਦਾ ਸੁਘੜ ਮਾਲੀ ਆ ਗਿਆ ਹੈ ਮੇਰੇ ਘਰ।
ਸ਼ਾਇਰੀ ਦੇ ਤਿੰਨ ਬੂਟੇ ਲਾ ਗਿਆ ਹੈ ਮੇਰੇ ਘਰ।
ਮੈਂ ਤਾਂ ਉਸ ਖ਼ਿਆਲ ਦੀ ਪੂਜਾ ਇਬਾਦਤ ਕਰ ਰਿਹਾਂ,
ਜਦ ਤੋਂ ਪਰਚਮ ਅਪਣਾ ਲਹਿਰਾ ਗਿਆ ਹੈ ਮੇਰੇ ਘਰ।


ਮੇਰੀਆਂ ਗ਼ਜ਼ਲਾਂ ਦੇ ਲਫ਼ਜ਼ਾਂ 'ਚੋਂ ਵੀ ਆਉਂਦੀ ਹੈ ਮਹਿਕ,
ਅਗਰਬੱਤੀ ਐਸੀ ਉਹ ਮਹਿਕਾ ਗਿਆ ਹੈ ਮੇਰੇ ਘਰ।
ਜਦ ਵੀ ਵੇਖਾਂ ਉਸ ਵਿਚੋਂ ਨਿੱਤ ਨਵੇਂ ਰੰਗ ਦਿਸਦੇ,
ਐਸੀ ਮਟਕੀ ਰੰਗਾਂ ਦੀ ਪਹੁੰਚਾ ਗਿਆ ਹੈ ਮੇਰੇ ਘਰ।


ਚਾਰੇ ਪਾਸੇ ਦਿਸਦੀਆਂ ਨੇ ਬਰਕਤਾਂ ਹੀ ਬਰਕਤਾਂ,
ਪਿਆਰ ਦਾ ਪਰਸ਼ਾਦ ਉਹ ਵਰਤਾ ਗਿਆ ਹੈ ਮੇਰੇ ਘਰ।
'ਪੰਛੀ' ਨੇ ਅਪਣਾ ਪਤਾ ਦਸਿਆ ਨਹੀਂ ਸੀ ਉਸ ਨੂੰ,
ਮੈਨੂੰ ਲੱਭਦਾ ਹੀ ਮੁਕੱਦਰ ਆ ਗਿਆ ਹੈ ਮੇਰੇ ਘਰ। 


-ਸਰਦਾਰ ਪੰਛੀ, ਸੰਪਰਕ : 94170-91668


ਡੁਬਦਾ ਸੂਰਜ ਲੈਨਾਂ ਜਦ ਵਿਚ ਬਾਹਵਾਂ ਦੇ।
ਅੱਗ ਹਿਜਰ ਦੀ ਮਘਦੀ ਏ ਵਿਚ ਸਾਹਵਾਂ ਦੇ।
ਆਸ ਜਿਹੀ ਇਕ ਰਹਿੰਦੀ ਉਹਦੇ ਮਿਲਣ ਦੀ,
ਬੇਸ਼ੱਕ ਕੁੱਝ ਵੀ ਦਿਸਦਾ ਨਾ ਵਿਚ ਰਾਹਵਾਂ ਦੇ।


ਹੋਂਦ ਤੇਰੀ ਦਾ ਦੇ ਜਾਂਦਾ ਅਹਿਸਾਸ ਜਿਹਾ,
ਨਾਮ ਖੁਦਵਾਇਆ ਵੀਣੀ 'ਤੇ ਵਿਚ ਚਾਵਾਂ ਦੇ।
ਧੁੱਪਾਂ ਵਿਚ ਵੀ ਮੈਨੂੰ ਮਿਲੇ ਸਕੂਨ ਜਿਹਾ,
ਖੜਿਆ ਵੇਖਾਂ ਜਦ ਤੈਨੂੰ ਵਿਚ ਛਾਵਾਂ ਦੇ।

 
ਤੈਨੂੰ ਭੁੱਲ ਕੇ ਹੋਰ ਕਿਸੇ ਲਈ ਜੀਂਦਾ ਹਾਂ,
ਰੱਖੀਂ ਵਿਚ ਯਕੀਨ ਨਾ ਇਹ ਅਫ਼ਵਾਹਾਂ ਦੇ।
ਤੇਰੀ ਖ਼ਾਲੀ ਥਾਂ ਤੇ ਕੁੱਝ ਵੀ ਭਰਿਆ ਨਹੀਂ,
ਸਿਦਕ ਭਰੋਸੇ ਭਰ ਗਏ ਉਹ ਵਿਚ ਥਾਵਾਂ ਦੇ।


ਮੇਰੇ ਕਰ ਕੇ ਤੈਨੂੰ ਮੁਸ਼ਕਿਲ ਆਵੇ ਨਾ,
ਕੱਟ ਦਿਤਾ ਵਿਚ ਭਰਿਆ ਨਾ ਕਵਿਤਾਵਾਂ ਦੇ।
ਸੱਭ ਯਾਦਾਂ ਤੋਂ ਤੂੰ ਸ਼ਾਲਾ ਆਜ਼ਾਦ ਰਹੇਂ,
ਮੰਗਦੇ ਰਹਿੰਦੇ ਖ਼ੈਰ ਹਾਂ ਵਿਚ ਦੁਆਵਾਂ ਦੇ।


ਗੀਤ, ਗਜ਼ਲ ਜਾਂ ਕਵਿਤਾ ਉਦੋਂ ਬਣ ਜਾਵੇ,
ਘੁਲ ਜਾਂਦੇ ਜਦ ਬੀਤੇ ਪਲ ਵਿਚ ਹਾਵਾਂ ਦੇ।
ਬੇਸ਼ੱਕ ਹੁੰਦੀ ਅੱਜਕਲ ਤੇਰੀ ਦੀਦ ਨਹੀਂ,
'ਪਾਰਸ' ਵਸਦੈਂ ਅੱਜ ਵੀ ਵਿਚ ਨਿਗਾਹਾਂ ਦੇ।
-ਪ੍ਰਤਾਪ ਪਾਰਸ ਗੁਰਦਾਸਪੁਰੀ, 
ਸੰਪਰਕ : 99888-11681