ਵਕਤ-------ਸ਼ਿਨਾਗ ਸਿੰਘ ਸੰਧੂ
Fri 22 May, 2020 0ਵਕਤ-------ਸ਼ਿਨਾਗ ਸਿੰਘ ਸੰਧੂ
ਅਜੇ ਵਕਤ ਹੈ ਆਉਣਾ ਸਾਡਾ,ਭਾਵੇਂ ਗਲੇ ਜੰਜੀਰਾਂ ਨੇ।
ਸਮਝਣ ਜਿਸਨੂੰ ਵਿੱਚ ਫਰੇਮਾਂ,ਬੋਲ ਪੈਣਾਂ ਤਸਵੀਰਾਂ ਨੇ।
ਬੁੱਥਿਆਂ ਦੇ ਨਾਲ ਪਾਟੇ ਹੋਏ ਪੈਰ ਅਸਾਂ ਦੇ ਦੱਸਦੇ ਨੇ,
ਮਿਹਨਤ ਦੀ ਭੱਠੀ ਵਿੱਚ ਤਪਕੇ ਬਦਲ ਜਾਣਾ ਤਕਦੀਰਾਂ ਨੇ।
ਤੀਬਰ ਤਾਂਘ ਦਿਲਾਂ ਵਿੱਚ ਰੱਖਕੇ ਤੁਰ ਪਏ ਹਾਂ ਅਸੀਂ ਮੰਜ਼ਿਲ ਦੀ,
ਟੀਸੀ ਉੱਤੇ ਪਹੁੰਚਣ ਦੀਆਂ ਸੋਚ ਲਈਆਂ ਤਦਬੀਰਾਂ ਨੇ।
ਲਾਟਾਂ ਬਣਕੇ ਮੱਚਣਾ ਇੱਕ ਦਿਨ ਭੁੱਬਲ ਚੋਂ ਅਗਿਆਰਾਂ ਨੇ,
ਮੁਸ਼ੱਕਤ ਦੇ ਨਾਲ ਸਿੱਧੀਆ ਹੋਣਾ ਮੱਥੇ ਦੀਆਂ ਲਕੀਰਾਂ ਨੇ।
ਡੇਲੇ ਟੱਡੇ ਰਹਿ ਜਾਣੇ ਨੇ ਟਿੱਚਰਾਂ ਵਾਲੇ ਲੋਕਾਂ ਦੇ,
ਉੱਬਲ ਉੱਬਲ ਕੇ ਬਾਹਰ ਨੂੰ ਆਉਣਾ ਕਾਜੂ ਵਾਲੀਆਂ ਖੀਰਾਂ ਨੇ।
ਅੱਖਾਂ ਖੋਲ ਕੇ ਵੇਖੀ ਜਾਈਏ ਰੰਗ ਤਮਾਸ਼ੇ ਦੁਨੀਆਂ ਦੇ,
ਆਖਰ ਇੱਕ ਦਿਨ ਚੱਲ ਹੀ ਜਾਣਾ ਖੁੰਢੀਆਂ ਜੋ ਸਮਸ਼ੀਰਾਂ ਨੇ।
ਉੱਗਣ ਵਾਲੇ ਨਿੱਖਰ ਆਉਂਦੇ ਖੇਹਾਂ ਦੀਆਂ ਪਰਤਾਂ ਚੋਂ,
ਇੱਕ ਦਿਨ ਚੁਲਬੁਲ ਚੁਲਬੁਲ ਕਰਨਾਂ ਚਸ਼ਮੇਂ ਦੀਆਂ ਧਤੀਰਾਂ ਨੇ।
ਮਾਰੇ ਜਾਂਦੇ ਠੁੱਡ ਅਜੇ ਐ ਸਮਝ ਕੇ ਜਿਹੜੀ ਰੱਦੀ ਨੂੰ,
ਸੰਧੂ ਮਹਿੰਗੇ ਭਾਅ ਹੋ ਜਾਣਾ ਖੁੱਸੜ ਹੋਈਆਂ ਲੀਰਾਂ ਨੇ।
ਸ਼ਿਨਾਗ ਸਿੰਘ ਸੰਧੂ
ਦਫਤਰ ਬਲਾਕ ਸਿੱਖਿਆ ਅਫਸਰ (ਐ.)
ਚੋਹਲਾ ਸਾਹਿਬ ਜ਼ਿਲ੍ਹਾ ਤਰਨ ਤਾਰਨ।
ਮੋ: 97816-93300
Comments (0)
Facebook Comments (0)