
ਪਿੰਡ ਖਟਕੜ ਕਲਾਂ ਨੂੰ ਸਰਕਾਰ ਨੇ ਗੋਦ ਲੈ ਲਿਆ ਫਿਰ ਵੀ ਇੱਥੇ ਖੇਡ ਦਾ ਮੈਦਾਨ ਨਹੀਂ
Sat 23 Mar, 2019 0
ਚੰਡੀਗੜ੍ਹ : ਖਟਕੜ ਕਲਾਂ ਪੰਜਾਬ ਦੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਵਿੱਚ ਬੰਗਾ ਬਲਾਕ ਦਾ ਇੱਕ ਪਿੰਡ ਹੈ। ਇਹ ਮਹਾਨ ਸ਼ਹੀਦ ਭਗਤ ਸਿੰਘ ਦੇ ਬਜੁਰਗਾਂ ਦਾ ਪਿੰਡ ਹੈ, ਜਿੱਥੋਂ ਉਹ 1907 ਵਿੱਚ ਉਸ ਦੇ ਜਨਮ ਤੋਂ ਪਹਿਲਾਂ ਚਲੇ ਗਏ ਸੀ। ਜ਼ਿਲ੍ਹੇ ਦਾ ਨਾਮ ਭਗਤ ਸਿੰਘ ਦੇ ਨਾਮ 'ਤੇ ਹੀ ਰੱਖਿਆ ਗਿਆ ਹੈ ਪਰ ਵੀ ਖਟਕੜ ਕਲਾਂ ਨੂੰ ਅੱਜ ਵੀ ਯਾਦਗਾਰ ਦਰਜਾ ਨਹੀਂ ਮਿਲ ਸਕਿਆ ਹੈ। ਅੱਜ 23 ਮਾਰਚ ਨੂੰ ਸ਼ਹੀਦ-ਏ-ਆਜ਼ਮ ਦਾ ਸ਼ਹੀਦੀ ਦਿਹਾੜਾ ਹੈ। ਯਾਦਗਾਰੀ ਦਰਜਾ ਦਿਵਾਉਣ ਲਈ ਕਈ ਵਾਰ ਹੜਤਾਲਾਂ ਤੇ ਰੋਸ ਮੁਜ਼ਾਹਰਾ ਵੀ ਕੀਤਾ ਗਿਆ ਪਰ ਹਾਲੇ ਤਕ ਇਹ ਮੰਗ ਪੂਰੀ ਨਹੀਂ ਹੋਈ। ਉਨ੍ਹਾਂ ਦੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਮਾਣ ਹੈ ਕਿ ਉਹ ਭਗਤ ਸਿੰਘ ਦੇ ਪਿੰਡ ਵਿੱਚ ਵੱਸਦੇ ਹਨ। ਭਾਵੇਂ ਸ਼ਹੀਦ ਭਗਤ ਸਿੰਘ ਦੇ ਪਿੰਡ ਖਟਕੜ ਕਲਾਂ ਨੂੰ ਸਰਕਾਰ ਨੇ ਗੋਦ ਲੈ ਲਿਆ ਹੈ ਫਿਰ ਵੀ ਇੱਥੇ ਨੌਜਵਾਨਾਂ ਲਈ ਖੇਡ ਦਾ ਮੈਦਾਨ ਨਹੀਂ। ਉਂਝ ਸਰਕਾਰ ਦਾ ਕਹਿਣਾ ਹੈ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਉਨ੍ਹਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨਾ ਜ਼ਰੂਰੀ ਹੈ। ਪਿੰਡ ਵਾਸੀ ਪਿੰਡ ਵਿੱਚ ਮੁੱਖ ਹਾਈਵੇ ’ਤੇ ਸ਼ਹੀਦ ਭਗਤ ਸਿੰਘ ਦੇ ਨਾਂ ਦਾ ਚੌਕ ਬਣਾਉਣ ਦੀ ਮੰਗ ਕਰ ਰਹੇ ਹਨ ਤਾਂ ਕਿ ਸੜਕ ਤੋਂ ਲੰਘਣ ਵਾਲੇ ਲੋਕਾਂ ਨੂੰ ਪਤਾ ਲੱਗ ਸਕੇ ਕਿ ਇਹ ਭਗਤ ਸਿੰਘ ਦਾ ਪਿੰਡ ਹੈ। ਉਨ੍ਹਾਂ ਦੇ ਪਿੰਡ ਖਟਕੜ ਕਲਾਂ ਵਿੱਚ ਬਣਿਆ ਉਨ੍ਹਾਂ ਦੇ ਸਮਾਰਕ ’ਤੇ ਹਰ ਰੋਜ਼ ਭਾਰੀ ਗਿਣਤੀ ਲੋਕ ਪੁੱਜਦੇ ਹਨ। ਸਮਾਰਕ ’ਤੇ ਪੁੱਜੇ ਲੋਕਾਂ ਨੇ ਕਿਹਾ ਕਿ ਭਗਤ ਸਿੰਘ ਨੇ ਅੰਗਰੇਜ਼ਾਂ ਤੋਂ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਇੰਨੀ ਵੱਡੀ ਕੁਰਬਾਨੀ ਦਿੱਤੀ ਪਰ ਅੱਜਕਲ੍ਹ ਹਜ਼ਾਰਾਂ ਨੌਜਵਾਨ ਪ੍ਰਤੀ ਦਿਨ ਵਿਦੇਸ਼ ਜਾ ਕੇ ਉੱਥੋਂ ਦੇ ਗ਼ੁਲਾਮ ਬਣ ਰਹੇ ਹਨ ਕਿਉਂਕਿ ਇੱਥੇ ਨੌਜਵਾਨਾਂ ਨੂੰ ਸਰਕਾਰਾਂ ਦਾ ਯੋਗਦਾਨ ਨਹੀਂ ਮਿਲਦਾ। ਲੋਕਾਂ ਨੇ ਸਰਕਾਰ ਨੂੰ ਨੌਜਵਾਨਾਂ ਵੱਲ ਧਿਆਨ ਦੇਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਗ਼ਰੀਬ ਨੌਜਵਾਨਾਂ ਦੀ ਪੜ੍ਹਾਈ ਦਾ ਖ਼ਰਚਾ ਚੁੱਕਣਾ ਚਾਹੀਦਾ ਹੈ।
Comments (0)
Facebook Comments (0)