ਚਿੜੀ ਦੇ ਦੁਖ---ਗੁਰਦਰਸ਼ਨ ਸਿੰਘ ਮਾਵੀ,

ਚਿੜੀ ਦੇ ਦੁਖ---ਗੁਰਦਰਸ਼ਨ ਸਿੰਘ ਮਾਵੀ,

ਇਕ ਦਿਨ ਪਿੰਡ ਜਾਣਾ ਪੈ ਗਿਆ
ਚਿੜੀ ਦੇ ਕੋਲ ਮੈਂ ਬਹਿ ਗਿਆ
ਸ਼ਹਿਰ ਵਲੋਂ ਕਿਉਂ ਮੂੰਹ ਨੇ ਮੋੜੇ
ਪਿੰਡਾਂ ਵਿਚ ਵੀ ਦਿਸਦੇ ਥੋੜੇ


ਉਸ ਨੇ ਵਿਥਿਆ ਦੱਸੀ ਸਾਰੀ
ਚਿੜੀਆਂ, ਕੁੜੀਆਂ ਨੂੰ ਜਾਂਦੇ ਮਾਰੀ
ਸਾਨੂੰ ਅੰਦਰ ਵੜਨ ਨਹੀਂ ਦਿੰਦੇ
ਨਿਰਮੋਹੇ ਬਣ ਗਏ, ਹੁਣ ਦੇ ਬੰਦੇ


ਪਿੰਡ ਦੇ ਲੋਕ ਕੁਝ ਕੁ ਭੋਲੇ
ਲੱਭ ਜਾਂਦੇ ਸਾਨੂੰ ਕੰਧਾਂ-ਕੌਲੇ
ਅਜੇ ਵੀ ਕੋਈ ਦਾਣੇ ਪਾਉਂਦਾ
ਪਾਣੀ ਧਰਦਾ, ਪੁੰਨ ਕਮਾਉਂਦਾ


ਫਿਰਦੀ ਦੁਨੀਆਂ ਸ਼ਹਿਰ 'ਚ ਭੱਜੀ
ਖੜਕੇ ਨੇ ਸਾਡੀ ਜਾਨ ਹੀ ਕੱਢੀ
ਬਿਜਲੀ ਤਾਰਾਂ, ਸਾਨੂੰ ਮਾਰਨ
ਭਜਦੇ ਲੋਕ ਸਾਨੂੰ ਲਿਤਾੜਨ


ਕੋਈ ਕਿਸੇ ਤੇ ਤਰਸ ਨਹੀਂ ਕਰਦਾ
ਪਸ਼ੂ-ਪੰਛੀਆਂ ਲਈ ਹਾਅ ਨਾ ਭਰਦਾ
ਰੁੱਖ ਵੱਢ ਤੇ ਸ਼ਹਿਰ 'ਚ ਸਾਰੇ
ਸਾਡੇ ਸੀ ਉਹ ਬੜੇ ਸਹਾਰੇ


ਸਾਡੀ ਬੋਲੀ ਨਾ ਕੋਈ ਜਾਣੇ
ਕੋਈ ਨਾ ਸਾਡੇ ਦੁੱਖ ਪਛਾਣੇ
ਮਾਵੀ ਨੇ ਅੱਜ ਸਮਝੀ ਬੋਲੀ
ਦੁੱਖਾਂ ਦੀ ਪੋਟਲੀ ਚਿੜੀ ਨੇ ਫੋਲੀ


ਸਾਰੇ ਰੱਖੀਏ ਸੱਭ ਦਾ ਧਿਆਨ
ਰੁੱਖ ਜਾਨਵਰ ਸਾਡੀ ਜਿੰਦ ਤੇ ਜਾਨ।
ਗੁਰਦਰਸ਼ਨ ਸਿੰਘ ਮਾਵੀ, ਸੰਪਰਕ : 98148-51298