ਪੰਜ ਨਿੱਕੀਆਂ ਕਹਾਣੀਆਂ / ਰਵੇਲ ਸਿੰਘ ਇਟਲੀ
Tue 18 Sep, 2018 01. ਹੌਸਲਾ ਰੱਖ
ਸੜਕ ਕਿਨਾਰੇ ਨਵੇਂ 2 ਲਾਏ ਇੱਕ ਮੁਰਝਾਏ ਜਿਹੇ ਇੱਕਲੇ ਖੜੇ ਰੁੱਖ ਦੀ ਹਵਾ ਨਾਲ ਹਿਲਦੀ ਹੋਈ ਡਾਲ ਤੇ ਬੈਠੀ ਹੋਈ ਇੱਕ ਪਿਆਰੀ ਜਿਹੀ ਨਿੱਕੀ ਚਿੜੀ ਹਵਾ ਦੇ ਠੰਡੇ ਝੌਕਿਆਂ ਦੀ ਪ੍ਰਵਾਹ ਨਾ ਕਰਦੀ ਹੋਈ ਮਸਤੀ ਵਿੱਚ ਝੂਲਦੀ ਹੋਈ ਆਪਣੀ ਮਨ ਮੋਹਣੀ ਆਵਾਜ਼ ਵਿੱਚ ਜਿਵੇਂ ਰੁੱਖ ਨਾਲ ਗੱਲਾਂ ਕਰਦੀ ਜਾਪ ਰਹੀ ਸੀ। ਇਵੇਂ ਲੱਗ ਰਿਹਾ ਸੀ ਜਿਵੇਂ ਉਹ ਉੱਸ ਇਕੱਲੇ ਖੜੇ ਰੁੱਖ ਨੂੰ ਆਪਣੀ ਇੱਸ ਆਵਾਜ਼ ਵਿੱਚ ਕਹਿ ਰਹੀ ਹੋਵੇ,ਹੌਸਲਾ ਰੱਖ ਮਿੱਤਰਾ ਤੇਰੇ ਤੇ ਵੀ ਇੱਕ ਦਿਨ ਬਹਾਰ ਆਵੇਗੀ। ਤਾਂ ਕੀ ਹੋਇਆ ਤੂੰ ਇੱਕਲਾ ਹੈਂ।ਤੂੰ ਉਦਾਸ ਨਾ ਹੋ ਮੈਂ ਜੁ ਤੇਰੇ ਨਾਲ ਹਾਂ।
ਮੈਂ ਕਾਫੀ ਦੇਰ ਖੜਾ ਇੱਸ ਦ੍ਰਿਸ਼ ਨੂੰ ਵੇਖ ਰਿਹਾ ਸਾਂ।ਹੁਣ ਮੈਨੂੰ ਜਾਪ ਰਿਹਾ ਸੀ ਕਿ ਉੱਸ ਨਿੱਕੀ ਚਿੜੀ ਦੇ ਵੱਡੇ ਹੌਸਲੇ ਨਾਲ ਉਹ ਰੁੱਖ ਉਦਾਸ ਨਹੀਂ ਜਾਪ ਰਿਹਾ ਰਿਹਾ ਸੀ।
2. ਇੱਕ ਪੰਥ ਦੋ ਕਾਜ
ਸਵੇਰ ਦੀ ਸੈਰ ਵੇਲੇ ਹਰ ਉਮਰ ਦੇ ਲੋਕਾਂ ਨੂੰ ਆਉਂਦੇ ਜਾਂਦੇ ਵੇਖਦਾ ਹਾਂ। ਲਗ ਪਗ ਸਾਰੇ ਹੀ ਸੈਰ ਕਰਕੇ ਆਪੋ ਆਪਣੇ ਘਰਾਂ ਨੂੰ ਪਰਤਦੇ ਜਾਂਦੇ ਹਨ। ਅਖੀਰ ਵਿੱਚ ਸੜਕ ਦੇ ਕੰਢੇ ਇੱਕ ਪਾਰਕ ਹੈ ਜਿੱਥੇ ਵਡੇਰੀ ਉਮਰ ਦੇ ਪੈਨਸ਼ਨਰ ਬਜ਼ੁਰਗ ਜਾਂ ਕੁੱਝ ਸਮੇਂ ਇੱਥੇ ਆਏ ਲੋਕਾਂ ਦੇ ਸਾਕ ਸਬੰਧੀ ਬੈਠੇ ਤਾਸ਼ ਦੀਆਂ ਬਾਜ਼ੀਆਂ ਲਾਉਂਦੇ ਤੇ ਗੱਪ ਗਪੌੜੇ ਮਾਰਦਿਆਂ ਨੂੰ ਹੱਸਦੇ ਖੇਡ ਕੇ ਮਨ ਪਰਚਾਉਂਦਿਆਂ ਨੂੰ ਵੇਖਦਾ ਹਾਂ।
ਅੱਜ ਸਵੇਰ ਦੀ ਸੈਰ ਤੋਂ ਵਾਪਸੀ ਤੇ ਇੱਕ ਬਜ਼ੁਰਗ ਉੱਸ ਲੱਕੜ ਦੀ ਝੌਂਪੜੀ ਨੁਮਾ ਬਣੇ ਇ ਸ਼ੈੱਡ ਹੇਠਾਂ ਪਏ ਬੈਂਚਾਂ ਤੇ ਟੇਬਲਾਂ ਨੂੰ ਬੜੀ ਲਗਨ ਨਾਲ ਸਾਫ ਕਰ ਰਿਹਾ ਸੀ।
ਚੰਗੀ ਸਿਹਤ ਲਈ ਸਵੇਰ ਦੀ ਸੈਰ ਵੇਲੇ ਅਤੇ ਵਿਹਲ ਵੇਲੇ ਸਾਰਿਆਂ ਦੀ ਰੋਜ਼ ਬੈਠਣ ਵਾਲੀ ਥਾਂ ਦੀ ਸਫਾਈ ਕਰਦਾ ਇਹ ਬਜ਼ੁਰਗ ਮੈਨੂੰ ਇੱਸ ਸਾਦੇ ਜਿਹੇ ਕੰਮ ਵਿੱਚ “ ਇੱਕ ਪੰਥ ਦੋ ਕਾਜ” ਵਾਲਾ ਸੰਦੇਸ਼ ਦੇ ਰਿਹਾ ਲੱਗ ਰਿਹਾ ਸੀ।
3. ਲਿਵ ਲੱਗੀ ਹੋਈ ਸੀ
ਘਰ ਵਿੱਚ ਕਿਸੇ ਸ਼ੁਭ ਕਾਰਜ ਦੀ ਅਰੰਭਤਾ ਲਈ ,ਅਖੰਡ ਪਾਠ ਰੱਖਿਆ ਹੋਇਆ ਸੀ।ਗ੍ਰੰਥੀ ਸਿੰਘ ਹੌਲੀ 2 ਪਾਠ ਕਰ ਰਿਹਾ ਸੀ। ਗੁਰਬਾਣੀ ਸੁਣਦਾ ਬੈਠਾ ਕੋਈ ਸਜਨ ਅੱਖਾਂ ਮੀਟੀ ਬੈਠਾ ਪਾਠ ਸੁਣ ਰਿਹਾ ਇਵੇਂ ਲਗ ਰਿਹਾ ਜਿਵੇਂ ਉੱਸ ਦੀ ਲਿਵ ਗੁਰਬਾਣੀ ਸੁਨਣ ਵਿੱਚ ਲੱਗੀ ਹੋਈ ਸੀ । ਅਚਾਣਕ ਹੀ ਜਦੋਂ ਪਾਠੀ ਸਿੰਘ ਨੇ ਉੱਚੀ ਜਿਹੀ ਪਾਠ ਦੀ ਹੇਕ ਲਾਈ ਤਾਂ ਅੱਖਾਂ ਮੀਟੀ ਬੈਠਿਆ ਸਜਨ ਤ੍ਰਭ ਕੇ ਸੁਚੇਤ ਹੋ ਕੇ ਬੈਠ ਗਿਆ।
ਗੱਲ ਦਰ ਅਸਲ ਹੋਰ ਸੀ।ਰਾਤ ਦੇਰ ਨਾਲ ਕੰਮ ਤੋਂ ਆਇਆ ਸਜਨ ਸਿਰਫ ਘਰ ਵਿੱਚ ਰੱਖੇ ਪਾਠ ਵਿੱਚ ਹਾਜ਼ਰੀ ਲੁਆਉਣ ਲਈ ਹੀ ਆਇਆ ਸੀ।ਉਸੇ ਵੇਲੇ ਹੀ ਘਰ ਦਾ ਕੋਈ ਮੈਂਬਰ ਆਇਆ ਤੇ ਹੱਥ ਜੋੜ ਕੇ ਕਹਿਣ ਲੱਗਾ ਭਾਈ ਸਾਹਿਬ ਚਾਹ ਦਾ ਲੰਗਰ ਤਿਆਰ ਹੈ ਆ ਕੇ ਚਾਹ ਦੇ ਗੱਫੇ ਲਾਓ।
ਬਾਹਰੋਂ ਆਇਆ ਸਜਨ ਸੱਭ ਕੁੱਝ ਛੱਡ ਕੇ ਚਾਹ ਦੇ ਲੰਗਰ ਵੱਲ ਨੂੰ ਚਾਹ ਦੇ ਗੱਫੇ ਲਾਉਣ ਲਈ ਤੁਰ ਪਿਆ। ਪਾਠੀ ਸਿੰਘ ਆਪਣੇ ਆਪ ਕੋਲ ਕੋਈ ਬੈਠਾ ਨਾ ਹੋਣ ਕਰਕੇ ਉਸੇ ਤਰ੍ਹਾਂ ਹੌਲੀ ਆਵਾਜ਼ ਵਿੱਚ ਆਪਣੀ ਰੋਲ ਪੂਰੀ ਕਰਨ ਵਿੱਚ ਰੁੱਝ ਗਿਆ ਅਤੇ ਪਾਠ ਕਰਦਾ 2 ਆਪਣੀ ਘੜੀ ਵੱਲ ਵੇਖਦਾ ਆਪਣੀ ਰੋਲ ਤੋਂ ਬਾਅਦ ਨਵੇਂ ਆਉਣ ਵਾਲੇ ਪਾਠੀ ਵੱਲ ਵੀ ਬਾਰ 2 ਝਾਕੀ ਜਾ ਰਿਹਾ ਸੀ।
4. ਲੰਗੜੀ ਬਤਖ
ਤਾਲਾਬ ਵਿੱਚ ਤਰਦੀਆਂ ਬਤਖਾਂ ਤਲਾਅ ਵਿੱਚੋਂ ਬਾਹਰ ਆਕੇ ਹਰਿਆਵਲ ਵਿੱਚੋਂ ਕੁੱਝ ਘਾਹ ਪੱਤੇ ਚੁਣ 2 ਕੇ ਖਾਣ ਦਾ ਅਨੰਦ ਮਾਣ ਰਹੀਆਂ ਸਨ।ਉਨ੍ਹਾਂ ਵਿੱਚ ਇੱਕ ਲੰਗੜੀ ਬੱਤਖ ਵੀ ਸੀ।
ਥੋੜ੍ਹੀ ਦੇਰ ਪਿੱਛੋਂ ਕਿਤਾਰ ਬਨ੍ਹੀਂ ਸਾਰੀਆਂ ਬਤਖਾਂ ਤਲਾਅ ਵੱਲ ਦੌੜੀਆ ਜਾ ਰਹੀਆਂ ਸਨ।ਪਰ ਲੰਗੜੀ ਬਤਖ ਸੱਭ ਤੋਂ ਪਿੱਛੇ ਰਹਿ ਗਈ ਸੀ। ਤੇਜ਼ ਦੌੜਦੀਆਂ ਬਤਖਾਂ ਦੀ ਰਫਤਾਰ ਉੱਸ ਨੂੰ ਵੇਖ ਕੇ ਹੋਲੀ ਹੋ ਗਈ ਜਾਪਦੀ ਸੀ।
ਜਦੋਂ ਲੰਗੜੀ ਬਤਖ ਵੀ ਉਨ੍ਹਾਂ ਨਾਲ ਆ ਮਿਲੀ ਤਾਂ ਵੇਖਦਿਆਂ 2 ਸਾਰੀਆਂ ਬਤਖਾਂ ਤਲਾਅ ਵਿੱਚ ਵੜ ਕੇ ਤਾਰੀਆਂ ਲਾ ਰਹੀਆਂ ਮੌਜਾਂ ਕਰਦੀਆਂ ਤਰ ਰਹੀਆਂ ਸਨ।
ਉਨ੍ਹਾਂ ਦੀ ਇੱਸ ਤਰ੍ਹਾਂ ਦੀ ਇੱਕ ਦੂਜੀ ਲਈ ਹਮਦਰਦੀ ਅਤੇ ਏਕਤਾ ਵੇਖ ਕੇ ਮੈਨੂੰ ਅਜੋਕੇ ਮਨੁੱਖ ਨੂੰ ਕਿਸੇ ਪਿੱਛੜੇ ਹੋਏ ਮਨੁੱਖ ਨੂੰ ਹੋਰ ਪਿਛਾੜਨ ਦੀ ਆਦਤ ਦਾ ਸੁਭਾ ਅਤੇ ਪੰਛੀਆਂ ਦੇ ਏਕੇ ਵਿੱਚ ਕਾਫੀ ਅੰਤਰ ਸਾਫ ਸਪਸ਼ਟ ਵਿਖਾਈ ਦੇ ਰਿਹਾ ਸੀ।
5. ਹਮਦਰਦੀ
ਅੱਜ ਸਵੇਰੇ ਜਦੋਂ ਮੈਂ ਖੇਤਾਂ ਵਿੱਚ ਆਪਣੇ ਟਿਊਬ ਵੈੱਲ ਤੇ ਜਾ ਰਿਹਾ ਸਾਂ ਤਾਂ ਜਦੋਂ ਮੈਂ ਦੂਰੋਂ ਵੇਖਿਆ ਤਾਂ ਇੱਕ ਗੁਟਾਰ ਜ਼ਮੀਨ ਤੇ ਲਿਟਦੀ ਤੜਫਦੀ ਹੋਈ ਬੁਰੀ ਤਰ੍ਹਾਂ ਚਿੱਲਾ ਰਹੀ ਸੀ। ਪਹਿਲਾਂ ਤਾਂ ਮੇਰੇ ਮਨ ਮੇਰੇ ਮਨ ਵਿੱਚ ਖਿਆਲ ਆਇਆ ਕਿ ਸ਼ਾਇਦ ਦੋ ਗੁਟਾਰਾਂ ਆਪਸ ਵਿੱਚ ਲੜ ਰਹੀਆਂ ਸਨ। ਆਪੇ ਮੈਨੂੰ ਵੇਖ ਕੇ ਇੱਕ ਦੂਸਰੀ ਨੂੰ ਛੱਡ ਕੇ ਉਡ ਜਾਣ ਗੀਆਂ।
ਨੇੜੇ ਜਾ ਕੇ ਵੇਖਿਆਂ ਤਾਂ ਗੱਲ ਹੋਰ ਹੀ ਸੀ। ਗੱਲ ਅਸਲ ਇਹ ਸੀ ਕਿ ਇੱਸ ਗੁਟਾਰ ਦੇ ਦੋਵੇਂ ਪਹੁੰਚੜੇ ਰੁੱਖ ਤੇ ਅੜੀ ਹੋਈ ਪਤੰਗ ਦੀ ਡੋਰ ਨਾਲ ਉਲਝ ਪਲਚ ਕੇ ਬੁਰੀ ਤਰ੍ਹਾਂ ਜਕੜੇ ਹੋਏ ਸਨ।ਤੇ ਉਹ ਉੱਡਣ ਦੀ ਬਜਾਏ ਧਰਤੀ ਤੇ ਡਿੱਗੀ ਹੋਈ ਤੜਫ ਰਹੀ ਸੀ।
ਉੱਸ ਨੂੰ ਤੜਫਦੀ ਹੋਈ ਨੂੰ ਚੁੱਕ ਕੇ ਜਦ ਥੋੜ੍ਹੀ ਜਿਹੀ ਮਿਹਣਤ ਨਾਲ ਉੱਸੋ ਨੂੰ ਡੋਰ ਦੇ ਵਲ਼ਾਂ, ਪੇਚਾਂ ਅਤੇ ਗੁੰਝਲਾਂ ਤੋਂ ਆਜ਼ਾਦ ਕਰਵਾ ਕੇ ਜਦੋਂ ਛੱਡਿਆ ਤਾਂ ਉਹ ਝਟ ਉਡਾਰੀ ਮਾਰ ਕੇ ਰੁੱਖ ਤੇ ਬੈਠੀ ਹੋਈ ਮੇਰੇ ਵੱਲ ਵਾਰ 2 ਝਾਕਦੀ ਇਵੇਂ ਲੱਗ ਰਹੀ ਸੀ।ਜਿਵੇਂ ਉਹ ਵਾਰ ਵਾਰ ਉੱਸ ਨੂੰ ਅਜ਼ਾਦ ਕਰਨ ਵਾਲੇ ਦਾ ਧਨਵਾਦ ਕਰ ਰਹੀ ਹਵੇ।
ਰਵੇਲ ਸਿੰਘ ਇਟਲੀ
Comments (0)
Facebook Comments (0)