
ਖੂਬਸੂਰਤੀ : ਪਵਨਪ੍ਰੀਤ ਕੌਰ
Wed 7 Nov, 2018 0
ਖੂਬਸੁਰਤ ਸੂਰਤ ਤੇ ਖੂਬਸੂਰਤ ਸੀਰਤ ਅਲੱਗ ਅਲੱਗ ਗੁਣ ਨੇ। ਕਹਿੰਦੇ ਨੇ ਖੂਬਸੂਰਤੀ ਸਾਹਮਣੇ ਵਾਲੇ ਵਿੱਚ ਨਹੀਂ ਹੁੰਦੀ। ਇਹ ਦੇਖਣ ਵਾਲੇ ਦੀ ਨਜ਼ਰ ਵਿੱਚ ਹੁੰਦੀ ਹੈ।ਬਿਲਕੁਲ ਏਦਾਂ ਹੀ ਹੁੰਦਾ ਜ਼ਿਆਦਾਤਰ।ਇੱਕ ਹੀ ਇਨਸਾਨ ਦੀ ਸੂਰਤ ਲਈ ਕਈ ਵਾਰ ਲੋਕਾਂ ਦਾ ਨਜ਼ਰੀਆ ਅਲੱਗ ਅਲੱਗ ਹੁੰਦਾ ਹੈ।ਕਈ ਵਾਰ ਖੂਬਸੂਰਤ ਲੋਕ ਖੂਬਸੂਰਤੀ ਦਾ ਸਿਰਫ਼
ਦਿਖਾਵਾ ਹੀ ਕਰ ਰਹੇ ਹੁੰਦੇ ਨੇ।ਕਈ ਲੋਕ ਏਨੇ ਭੋਲੇ ਤੇ ਖੂਬਸੂਰਤ ਹੁੰਦੇ ਨੇ ਕਿ ਉਨ੍ਹਾਂ ਨੂੰ ਅਹਿਸਾਸ ਹੀ ਨਹੀਂ ਹੁੰਦਾ ਆਪਣੀ ਖੂਬਸੂਰਤੀ ਦਾ।ਇਨ੍ਹਾਂ ਨੂੰ ਜਦ ਵੀ ਮੈਂ ਦੇਖਦੀ ਹਾਂ ਤਾਂ ਲੱਗਦਾ ਹੈ ਕਿ ਇਹੀ ਪ੍ਰਮਾਤਮਾ ਦਾ ਰੂਪ ਨੇ।ਖਾਸਕਰ ਔਰਤਾਂ ਜੋ ਏਨੀ ਖੂਬਸੂਰਤੀ ਨਾਲ ਤੇ ਏਨੇ ਵਿਸ਼ਾਲ ਹਿਰਦੇ ਨਾਲ ਬਹੁਤ ਕੁਝ ਛੁਪਾ ਕੇ ਖੁਸ਼ ਰਹਿ ਲੈਦੀਆਂ ਨੇ।ਮੈਂ ਬਹੁਤ
ਔਰਤਾਂ ਨੂੰ ਦੇਖਦੀ ਹਾਂ। ਜਿਨ੍ਹਾਂ ਨੂੰ ਦੇਖਕੇ ਮੈਨੂੰ ਲੱਗਦਾ ਹੈ ਕਿ ਇਹ ਹੱਸ ਕਿੱਦਾਂ ਲੈਦੀਆਂ ਨੇ।ਸਾਰੀ ਸਾਰੀ ਉਮਰ ਸ਼ਰਾਬੀ ਤੇ ਨਿਕੰਮੇ ਮਨੁੱਖ ਲਈ ਕੁਰਬਾਨ ਕਰ ਦੇਣੀ। ਲੋਕਾਂ ਦੇ ਘਰਾਂ ਵਿੱਚ ਝਾੜੂ ਪੋਚੇ ਲਾਉਣਾਂ ਜਾਂ ਆਪਣੇ ਪਰਿਵਾਰ ਲਈ ਕੋਈ ਵੀ ਨਖਿੱਧ ਸਮਝਿਆ ਜਾਣ ਵਾਲਾ ਕੰਮ ਕਰਨਾ।ਪਰ ਜਦ ਗੱਲ ਕਰਨੀ ਤਾਂ ਹਰ ਗੱਲ ਵਿੱਚ ਅਹਿਮੀਅਤ ਦੇਣੀ ਉਸ ਬੰਦੇ ਨੂੰ ਉਸਤੋਂ ਡਰ ਡਰ ਕਦਮ ਚੁੱਕਣੇਂ ਤੇ ਹਰ ਸਿਤਮ ਸਹਿਣਾ ਸ਼ਹਿਣਸ਼ੀਲਤਾ ਨਾਲ ਜਿਸਨੇ ਆਪਣਾ ਇੱਕ ਵੀ ਫਰਜ਼ ਅਦਾ ਨਾ ਕੀਤਾ ਹੋਵੇ।
ਕਿੰਨੀ ਖੂਬਸੂਰਤੀ ਨਾਲ ਇਹ ਨਿਭਾ ਜਾਂਦੀਆਂ ਇਹ ਕਿਰਦਾਰ।ਕਿੰਨੀਆਂ ਖੂਬਸੂਰਤ ਨੇ ਇਹ ਔਰਤਾਂ ਜੋ ਆਪਣੇ ਸਾਰੇ ਅਰਮਾਨ ਮਾਰ ਦਿੰਦੀਆਂ ਨੇ ਆਪਣੇ ਪਰਿਵਾਰ ਲਈ ਉਨ੍ਹਾਂ ਰਿਸ਼ਤਿਆਂ ਲਈ ਉਸ ਸਮਾਜ ਲਈ ਜੋ ਇਨ੍ਹਾਂ ਦੀ ਖੂਬਸੂਰਤੀ ਤੋਂ ਹਮੇਸ਼ਾ ਅਣਜਾਣ ਰਿਹਾ। ਜਿਸਦੀ ਨਜ਼ਰ ਇਨ੍ਹਾਂ ਤੇ ਉਦੋਂ ਹੀ ਪੈਂਦੀ ਜਦ ਇਨ੍ਹਾਂ ਦੇ ਬਦਸੂਰਤ ਪਹਿਲੂ ਦੇਖਣੇ ਹੋਣ।ਜਿਨ੍ਹਾਂ
ਨੂੰ ਕਦੇ ਕਿਸੇ ਭਰਾ ਪਿਉ ਜਾਂ ਕਿਸੇ ਰਿਸ਼ਤੇਦਾਰ ਨੇ ਸਹਾਰਾ ਨਾ ਦਿੱਤਾ ਹੋਵੇ ਸਗੋਂ ਉਸਦੀ ਮਜ਼ਬੂਰੀ ਨੂੰ ਨਜ਼਼ਰਅੰਦਾਜ਼ ਕਰਕੇ ਹਮੇਸ਼ਾ ਉਸਨੂੰ ਫੋਕੀਆਂ ਨਸੀਹਤਾਂ ਦਿੱਤੀਆਂ ਹੋਣ।ਅਜਿਹੇ ਰਿਸ਼ਤੇਦਾਰਾਂ ਦੀ ਇੱਜ਼ਤ ਦਾ ਉਸ ਔਰਤ ਨਾਲ ਫਿਰ ਵੀ ਸਬੰਧ ਹੁੰਦਾ ਹੈ। ਹੈਰਾਨੀ ਦੀ ਗੱਲ ਹੈ।ਖੂਬਸੂਰਤੀਆਂ ਰੁਲਦੀਆਂ ਨੇ ਇੱਥੇ। ਰੋਲੀਆਂ ਜਾਂਦੀਆਂ ਨੇ ਇੱਥੇ। ਅਸੀਂ ਪਹਿਚਾਣ ਸਕਣ ਤੋਂ ਅਸਮਰੱਥ ਹਾਂ।
ਪਵਨਪ੍ਰੀਤ ਕੌਰ
Comments (0)
Facebook Comments (0)