ਅਧਿਆਪਕਾਂ ਨੂੰ ਪੜਾਉਣ ਦੀ ਨਹੀਂ ਬਲਕਿ ਲਾੜੀਆਂ ਨੂੰ ਸਜਾਉਣ ਦੀ ਜਿੰਮੇਵਾਰੀ ਦਿੱਤੀ

ਅਧਿਆਪਕਾਂ ਨੂੰ ਪੜਾਉਣ ਦੀ ਨਹੀਂ ਬਲਕਿ ਲਾੜੀਆਂ ਨੂੰ ਸਜਾਉਣ ਦੀ ਜਿੰਮੇਵਾਰੀ ਦਿੱਤੀ

ਲਖਨਉ : ਉੱਤਰ ਪ੍ਰਦੇਸ਼ ਤੋਂ ਇਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਅਧਿਆਪਕਾਂ ਨੂੰ ਪੜਾਉਣ ਦੀ ਨਹੀਂ ਬਲਕਿ ਲਾੜੀਆਂ ਨੂੰ ਸਜਾਉਣ ਦੀ ਜਿੰਮੇਵਾਰੀ ਦਿੱਤੀ ਗਈ ਹੈ ਜਿਸ ਤੋਂ ਬਾਅਦ ਇਹ ਮਾਮਲਾ ਸੁਰਖੀਆਂ ਵਿਚ ਆ ਗਿਆ ਹੈ ਅਤੇ ਸ਼ੋਸਲ ਮੀਡੀਆ 'ਤੇ ਇਸ ਦਾ ਜਮ ਕੇ ਮਜ਼ਾਕ ਬਣਾਇਆ ਜਾਣ ਲੱਗਾ।

 

 

ਦਰਅਸਲ ਪੂਰਾ ਮਾਮਲਾ ਬੇਸਿਕ ਸਿੱਖਿਆ ਮੰਤਰੀ ਡਾਕਟਰ ਸਤੀਸ਼ ਚੰਦਰ ਦਿਰਵੇਦੀ ਦੇ ਗ੍ਰਹਿ ਜ਼ਿਲ੍ਹਾ ਸਿਧਾਰਥ ਨਗਰ ਨਾਲ ਸਬੰਧਤ ਹੈ ਜਿੱਥੇ ਅੱਜ ਨੌਗਡ ਬਲਾਕ ਵਿਚ ਹੋਣ ਵਾਲੇ ਮੁੱਖ ਮੰਤਰੀ ਵਿਵਾਹ ਸਮਾਗਮ ਦੌਰਾਨ 184 ਲਾੜੀਆਂ ਨੂੰ ਸਜਾਉਣ ਦੀ ਜਿੰਮੇਵਾਰੀ ਮਹਿਲਾ ਅਧਿਆਪਕਾਂ ਨੂੰ ਦਿੱਤੀ ਗਈ ਸੀ। ਇੱਥੋਂ ਦੀ ਡਿਵਿਜਨ ਸਿੱਖਿਆ ਅਧਿਕਾਰੀ ਧਰੁਵ ਪ੍ਰਸਾਦ ਨੇ ਤੁਗਲਕੀ ਫਰਮਾਨ ਜਾਰੀ ਕਰਦਿਆਂ ਤੇਤਰੀ ਬਜਾਰ ਵਿਚ ਹੋਣ ਵਾਲੇ ਸਾਮੂਹਿਕ ਵਿਆਹ ਵਿਚ ਲਾੜੀਆਂ ਨੂੰ ਸਜਾਉਣ ਦੀ ਜ਼ਿੰਮੇਵਾਰੀ 20 ਅਧਿਆਪਕਾਂ ਨੂੰ ਸੌਂਪੀ। ਇਨ੍ਹਾਂ 20 ਨਾਵਾਂ ਵਿਚ ਸਕੂਲ ਦੀ ਮੁੱਖ ਅਧਿਆਪਕਾਂ ਅਤੇ ਸਿੱਖਿਆ ਮਿੱਤਰਾਂ ਦੇ ਨਾਮ ਸ਼ਾਮਲ ਸਨ।

 

 

ਸੋਮਵਾਰ ਸੇਵੇਰ ਆਦੇਸ਼ ਜਾਰੀ ਹੁੰਦੇ ਹੀ ਅਧਿਆਪਕਾਂ ਦੇ ਵੱਖ-ਵੱਖ ਸਮੂਹਾਂ ਵਿਚ ਇਹ ਫਰਮਾਨ ਵਾਇਰਲ ਹੋਣ ਲੱਗਿਆ। ਸੋਸ਼ਲ ਮੀਡੀਆ 'ਤੇ ਵੀ ਇਸ ਉੱਤੇ ਤਰ੍ਹਾਂ-ਤਰ੍ਹਾਂ ਦੇ ਚੁੱਟਕਲੇ ਬਨਣ ਲੱਗੇ। ਕਿਸੀ ਨੇ ਇਸ ਆਦੇਸ਼ ਨੂੰ ਸੁਪਰੀਮ ਕੋਰਟ ਦੇ ਹੁਕਮਾਂ ਦੀ ਉੱਲਘਣਾ ਦੱਸਿਆ ਤਾਂ ਕਿਸੇ ਨੇ ਲਿਖਿਆ ਕਿ ਕੀ ਲਾੜੀਆਂ ਨੂੰ ਸਜਾਉਣ ਦੇ ਲਈ ਕੋਈ ਟੀਮ ਤਿਆਰ ਕੀਤੀ ਹੈ? ਬੇਸਿਕ ਸਿੱਖਿਆ ਅਧਿਕਾਰੀ ਸੂਰਯਕਾਂਥ ਤ੍ਰਿਪਾਠੀ ਨੇ ਬਵਾਲ ਵੱਧਦਾ ਵੇਖ ਇਸ ਹੁਕਮ ਨੂੰ ਰੱਦ ਕਰ ਦਿੱਤਾ।

 

 

ਇਸ ਮਾਮਲੇ 'ਤੇ ਅਧਿਆਪਕ ਵੀ ਕਾਫ਼ੀ ਨਿਰਾਸ਼ ਦਿਖਾਈ ਦਿੱਤੇ ਇਕ ਅਧਿਆਪਕ ਨੇ ਕਿਹਾ ਕਿ ਇਸ ਪ੍ਰਕਾਰ ਦੇ ਫਰਮਾਨ ਨਾਲ ਸਿੱਖਿਆ ਵਿਵਸਥਾ ਖਰਾਬ ਹੁੰਦੀ ਹੈ। ਇਸ ਤਰੀਕੇ ਨਾਲ ਸਿੱਖਿਆ ਵਿਵਸਥਾ ਕਦੇ ਵੀ ਪਟਰੀ ਤੇ ਨਹੀਂ ਆਉਣ ਵਾਲੀ। ਉਨ੍ਹਾਂ ਕਿਹਾ ਕਿ ਅਜਿਹੇ ਹੁਕਮ ਜਾਰੀ ਕਰਨ ਵਾਲਿਆ 'ਤੇ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।