ਆਪਣੇ ਮੂੰਹ 'ਚੋਂ ਪਾਣੀ ਪਿਆ ਕੇ ਬਚਾਈ ਸੱਪ ਦੀ ਜਾਨ

ਆਪਣੇ ਮੂੰਹ 'ਚੋਂ ਪਾਣੀ ਪਿਆ ਕੇ ਬਚਾਈ ਸੱਪ ਦੀ ਜਾਨ

ਇੰਦੌਰ : 

ਮਨੁੱਖ ਦੇ ਸਰੀਰ 'ਚੋਂ ਸੱਪ ਦਾ ਜ਼ਹਿਰ ਕੱਢਣ ਦੀਆਂ ਕਹਾਣੀਆਂ ਤਾਂ ਤੁਸੀ ਬਹੁਤ ਸੁਣੀਆਂ ਹੋਣਗੀਆਂ, ਪਰ ਕਿਸੇ ਸੱਪ ਦੀ ਜਾਨ ਬਚਾਉਣ ਲਈ ਉਸ ਦੇ ਸਰੀਰ 'ਚੋਂ ਕਿਸੇ ਮਨੁੱਖ ਵੱਲੋਂ ਜ਼ਹਿਰ ਕੱਢਣਾ ਆਪਣੇ ਆਪ 'ਚ ਹੈਰਾਨ ਕਰਨ ਵਾਲਾ ਮਾਮਲਾ ਹੈ। ਇਹ ਘਟਨਾ ਸਨਿੱਚਰਵਾਰ ਨੂੰ ਮੱਧ ਪ੍ਰਦੇਸ਼ ਦੇ ਇੰਦੌਰ ਸ਼ਹਿਰ 'ਚ ਵਾਪਰੀ। ਇੰਦੌਰ ਦੇ ਇਕ ਜੰਗਲੀ ਜੀਵ ਪ੍ਰੇਮੀ ਨੇ ਮੁਸੀਬਤ 'ਚ ਫਸੇ ਸੱਪ ਦੀ ਜ਼ਿੰਦਗੀ ਬਚਾਉਣ ਲਈ ਅਜਿਹਾ ਹੀ ਕੀਤਾ। ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ। 

ਇਨਕਮ ਟੈਕਸ ਵਿਭਾਗ ਦੇ ਅਧਿਕਾਰੀ ਸ਼ੇਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਪਤਾ ਲੱਗਾ ਸੀ ਕਿ ਝਲਾਰਿਆ ਪਿੰਡ ਵਿਖੇ ਬਿਰਲਾ ਪਬਲਿਕ ਸਕੂਲ 'ਚ ਇਕ ਸੱਪ ਨਿਕਲਿਆ ਹੈ। ਸੱਪ ਤੋਂ ਡਰੇ ਲੋਕਾਂ ਨੇ ਉਸ ਨੂੰ ਮਾਰਨ ਲਈ ਉਸ ਦੇ ਉੱਪਰ ਕੀਟਨਾਸ਼ਕ ਦਵਾਈ ਛਿੜਕ ਦਿੱਤੀ ਸੀ। ਸੱਪ ਲਗਭਗ 8 ਫੁੱਟ ਲੰਮਾ ਸੀ ਪਰ ਜ਼ਹਿਰੀਲਾ ਨਹੀਂ ਸੀ। ਸ਼ੇਰ ਸਿੰਘ ਸੱਪ ਦੀ ਨਸਲ ਪਛਾਣ ਗਏ। ਉਨ੍ਹਾਂ ਦੱਸਿਆ ਕਿ ਉਹ ਚੂਹੇ ਖਾਣ ਵਾਲਾ ਸੱਪ ਹੈ। ਹਾਲਾਂਕਿ ਉਹ ਬਹੁਤ ਤੇਜ਼ੀ ਨਾਲ ਚੱਲਦਾ ਹੈ, ਇਸ ਲਈ ਲੋਕ ਉਸ ਤੋਂ ਡਰਦੇ ਹਨ। ਕੀਟਨਾਸ਼ਕ ਕਾਰਨ ਸੱਪ ਬੇਹੋਸ਼ ਹੋ ਗਿਆ ਸੀ।

ਸੱਪ ਦੀ ਜਾਨ ਬਚਾਉਣ ਲਈ ਉਸ ਦੇ ਢਿੱਡ 'ਚੋਂ ਕੀਟਨਾਸ਼ਕ ਨੂੰ ਬਾਹਰ ਕੱਢਣਾ ਜ਼ਰੂਰੀ ਸੀ। ਸ਼ੇਰ ਸਿੰਘ ਨੇ ਇਕ ਪਤਲੀ ਪਾਈਪ (ਸਟ੍ਰਾਅ) ਨਾਲ ਸੱਪ ਦੇ ਢਿੱਡ 'ਚ ਪਾਣੀ ਪਹੁੰਚਾਇਆ ਤਾ ਕਿ ਕੀਟਨਾਸ਼ਕ ਦਾ ਅਸਰ ਘੱਟ ਹੋ ਸਕੇ। ਸ਼ੇਰ ਸਿੰਘ ਮੁਤਾਬਕ ਸੱਪ ਦੇ ਢਿੱਡ 'ਚ ਪਾਣੀ ਪਾਉਣ ਨਾਲ ਉਸ ਨੂੰ ਉਲਟੀ ਕਰਨ 'ਚ ਮਦਦ ਮਿਲੀ ਅਤੇ ਜ਼ਹਿਰੀਲਾ ਪਦਾਰਥ ਬਾਹਰ ਨਿਕਲ ਗਿਆ। ਥੋੜੀ ਦੇਰ ਮਗਰੋਂ ਸੱਪ ਨੂੰ ਹੋਸ਼ ਆ ਗਿਆ ਅਤੇ ਉਸ ਨੂੰ ਚੁੱਕ ਕੇ ਆਬਾਦੀ ਤੋਂ ਦੂਰ ਝਾੜੀਆਂ 'ਚ ਛੱਡ ਦਿੱਤਾ ਗਿਆ।