
ਪੰਜ ਮਹੀਨੇ ਦੀ ਬੱਚੀ ਦੇ ਟੈਡੀ ਬੀਅਰ, ਜੂਸ ਅਤੇ ਦੁੱਧ ਦੇ ਦੋ ਡੱਬਿਆਂ ‘ਚੋਂ ਨਿਕਲੀ ਦੋ ਕਿੱਲੋ ਹੈਰੋਇਨ
Sun 6 Jan, 2019 0
ਜਲੰਧਰ : ਪੰਜਾਬ ਪੁਲਿਸ ਵਲੋਂ ਨਸ਼ਾ ਤਸਕਰੀ ਨੂੰ ਰੋਕਣ ਲਈ ਚਲਾਈ ਗਈ ਮੁਹਿੰਮ ਦੇ ਤਹਿਤ ਮਿਜ਼ੋਰਮ ਦੀ ਰਹਿਣ ਵਾਲੀ ਬਿਊਟੀਸ਼ੀਅਨ ਚੌਥਾਟਗੁੱਪੀ, ਉਸ ਦੇ ਪਤੀ ਆਮਿਰ ਅਲੀ, ਨੌਕਰਾਨੀ ਮੈਕਿਊ ਅਤੇ ਨਾਈਜੀਰੀਅਨ ਨਾਗਰਿਕ ਓਹਾਸ ਡਗੋ ਨੂੰ ਗ੍ਰਿਫ਼ਤਾਰ ਕਰ ਕੇ 2 ਕਿੱਲੋ ਹੈਰੋਇਨ ਬਰਾਮਦ ਕੀਤੀ ਹੈ। ਇਕ ਕਿੱਲੋ ਹੈਰੋਇਨ ਟੈਡੀ ਬੀਅਰ ਵਿਚ ਅਤੇ ਅੱਧਾ-ਅੱਧਾ ਕਿੱਲੋ ਹੈਰੋਇਨ ਦੁੱਧ ਅਤੇ ਜੂਸ ਦੇ ਡੱਬੇ ਵਿਚ ਲੁੱਕਾ ਕੇ ਰੱਖੀ ਸੀ।
ਬਿਊਟੀਸ਼ੀਅਨ ਦੀ 5 ਮਹੀਨੇ ਦੀ ਬੱਚੀ ਵੀ ਹੈ। ਇਹ ਲੋਕ ਕਿਰਾਏ ਦੀ ਕਾਰ ਵਿਚ ਸਨ। ਪੁੱਛਗਿੱਛ ਦੌਰਾਨ ਦੋਸ਼ੀਆਂ ਨੇ ਮੰਨਿਆ ਕਿ ਟੈਡੀ ਬੀਅਰ, ਦੁੱਧ ਅਤੇ ਜੂਸ ਦੇ ਡੱਬੇ ਦਾ ਇਸਤੇਮਾਲ ਇਸ ਲਈ ਕਰਦੇ ਸਨ, ਤਾਂਕਿ ਰਸਤੇ ਵਿਚ ਪੁਲਿਸ ਚੈਕਿੰਗ ਲਈ ਰੋਕੇ ਤਾਂ ਬੱਚੀ ਦੇ ਦੁੱਧ ਅਤੇ ਜੂਸ ਦੇ ਨਾਲ-ਨਾਲ ਟੈਡੀ ਬਿਅਰ ਵੇਖ ਕੇ ਕੋਈ ਸਵਾਲ ਨਾ ਕਰੇ। ਪੁਲਿਸ ਨੇ ਨੈੱਟਵਰਕ ਨੂੰ ਬ੍ਰੇਕ ਕਰਨ ਲਈ ਸਾਰੇ ਦੋਸ਼ੀਆਂ ਨੂੰ 4 ਦਿਨ ਦੀ ਰਿਮਾਂਡ ਉਤੇ ਲਿਆ ਹੈ।
ਥਾਣਾ ਮਕਸੂਦਾਂ ਵਿਚ ਐਨਡੀਪੀਐਸ ਐਕਟ ਦੀ ਧਾਰਾ-21 ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ। ਐਸਐਸਪੀ ਨਵਜੋਤ ਮਾਹਲ ਨੇ ਦੱਸਿਆ ਕਿ ਐਸਐਚਓ ਰਮਨਦੀਪ ਸਿੰਘ ਨੂੰ ਸੂਚਨਾ ਮਿਲੀ ਸੀ ਕਿ ਕਿਰਾਏ ਦੀ ਟੈਕਸੀ ਨੂੰ ਸੈਲਫ਼ ਡਰਾਈਵ ਲਈ ਲੈ ਕੇ ਇਕ ਗੈਂਗ ਸੂਬੇ ਵਿਚ ਡਰੱਗ ਸਪਲਾਈ ਦਿੰਦਾ ਹੈ। ਇਹ ਗੈਂਗ ਕਾਰ (ਪੀਬੀ 01 ਐਨ 0240) ਵਿਚ ਆ ਰਿਹਾ ਹੈ। ਐਸਪੀ ਬਲਕਾਰ ਸਿੰਘ ਅਤੇ ਡੀਐਸਪੀ ਦਿਗਵਿਜੈ ਕਪਿਲ ਦੀ ਸੁਪਰਵਿਜ਼ਨ ਵਿਚ ਐਸਐਚਓ ਨੇ ਟੀਮ ਦੇ ਨਾਲ ਵਿਧੀਪੁਰ ਦੇ ਕੋਲ ਨਾਕਾਬੰਦੀ ਕੀਤੀ ਸੀ।
ਸ਼ੁੱਕਰਵਾਰ ਦੇਰ ਸ਼ਾਮ ਕਾਰ ਰੋਕੀ ਤਾਂ ਕਾਰ ਜਨਕਪੁਰੀ ਦਾ ਆਮਿਰ ਅਲੀ ਚਲਾ ਰਿਹਾ ਸੀ। ਡਰਾਈਵਿੰਗ ਸੀਟ ‘ਤੇ ਮੈਕਿਊ ਬੈਠੀ ਸੀ। ਐਸਐਸਪੀ ਨੇ ਕਿਹਾ ਕਿ 13 ਜੁਲਾਈ 2018 ਤੋਂ ਲੈ ਕੇ ਉਨ੍ਹਾਂ ਦੀ ਟੀਮ ਨੇ ਡਰੱਗ ਤਸਕਰੀ ਦੇ 9 ਵੱਡੇ ਗੈਂਗ ਫੜ ਕੇ ਕੁੱਲ 17 ਦੋਸ਼ੀ ਫੜੇ ਹਨ। ਇਨ੍ਹਾਂ ਤੋਂ 7 ਕਿੱਲੋ 100 ਗਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਇਹਨਾਂ ਵਿਚ 11 ਵਿਦੇਸ਼ੀ ਨਾਗਰਿਕ ਹਨ।
Comments (0)
Facebook Comments (0)