ਪ੍ਰਾਇਮਰੀ ਅਧਿਆਪਕਾਂ ਨੂੰ 11 ਮਈ ਨੂੰ ਫਾਰਗ ਕੀਤਾ ਜਾਏ - ਈਟੀਯੂ (ਰਜਿ:)
Mon 10 May, 2021 0ਚੋਹਲਾ ਸਾਹਿਬ 10 ਮਈ (ਰਾਕੇਸ਼ ਬਾਵਾ,ਪਰਮਿੰਦਰ ਚੋਹਲਾ) ਸਿੱਖਿਆ ਵਿਭਾਗ, ਪੰਜਾਬ ਵਲੋ ਆਨ ਲਾਈਨ ਟਰਾਂਸਫਰ 2021-22 ਅਧੀਨ ਪ੍ਰਾਇਮਰੀ ਅਤੇ ਅੱਪਰ ਪ੍ਰਾਇਮਰੀ ਅਧਿਆਪਕਾਂ ਦੀਆ ਦੋ ਗੇੜਾਂ ਵਿੱਚ ਵੱਡੀ ਗਿਣਤੀ ਵਿੱਚ ਬਦਲੀਆਂ ਕੀਤੀਆਂ ਗਈਆਂ ਸਨ, ਬਦਲੀ ਕਰਵਾਉਣ ਵਾਲੇ ਅਧਿਆਪਕਾਂ ਅਤੇ ਉਨਾਂ ਦੇ ਪਰਿਵਾਰਾਂ ਦੇ ਵਿੱਚ ਖੁਸ਼ੀ ਦੀ ਲਹਿਰ ਸੀ ਕਿ ਹੁਣ ਉਹ ਆਪਣੇ ਘਰ ਦੇ ਨੇੜੇ ਆ ਕੇ, ਆਪਣੀ ਨੌਕਰੀ ਸੌਖੀ ਕਰ ਸਕਣਗੇ ਪਰ ਵਿਭਾਗ ਵੱਲੋ ਮਿਤੀ 14 ਅਪ੍ਰੈਲ ਨੂੰ ਇੱਕ ਪੱਤਰ ਜਾਰੀ ਕਰਕੇ 15 ਅਪ੍ਰੈਲ ਨੂੰ ਪ੍ਰਾਇਮਰੀ ਅਧਿਆਪਕਾਂ ਦੀ ਹੋਣ ਵਾਲੀ ਫਾਰਗੀ ਮਿਤੀ 21 ਅਪ੍ਰੈਲ ਤੱਕ ਅੱਗੇ ਪਾ ਦਿੱਤੀ ਗਈ, ਇਸ ਤੋ ਬਾਦ ਇਸੇ ਪੱਤਰ ਦੀ ਲਗਾਤਾਰਤਾ ਵਿਚ ਵਿੱਚ ਹਰ ਵਾਰ ਅਲੱਗ- ਅਲੱਗ ਪੱਤਰ ਜਾਰੀ ਕਰਕੇ 28 ਅਪ੍ਰੈਲ, 4 ਮਈ ਅਤੇ ਹੁਣ 11 ਮਈ ਨੂੰ ਬਦਲੀਆਂ ਲਾਗੂ ਹੋਣ ਦੀ ਨਵੀਂ ਤਾਰੀਕ ਦੇ ਰਿਹਾ ਹੈ। ਫਾਰਗ ਨਾ ਕਰਨ ਸਬੰਧੀ ਜਾਰੀ ਹੁੰਦੇ ਪੱਤਰਾਂ ਵਿਚ ਵਿਭਾਗ ਵੱਲੋ ਇਕੋ ਕਾਰਨ ਦੱਸਿਆ ਗਿਆ ਹੈ ਕਿ ਇਨਾਂ ਬਦਲੀਆਂ ਨਾਲ ਕਾਫੀ ਪ੍ਰਾਇਮਰੀ ਸਕੂਲ ਖ਼ਾਲੀ ਹੋ ਜਾਣੇ ਹਨ ਅਤੇ ਖ਼ਾਲੀ ਪੋਸਟਾਂ ਦੀ ਨਵੀ ਭਰਤੀ `ਤੇ ਕੋਰਟ ਕੇਸ ਚੱਲ ਰਿਹਾ ਹੈ। ਇਸ ਕਾਰਵਾਈ ਨਾਲ ਫਾਰਗ ਹੋਣ ਵਾਲੇ ਜ਼ਿਲੇ ਤੋਂ ਬਾਹਰ ਬਦਲੀ ਕਰਵਾਉਣ ਵਾਲੇ ਸਾਥੀ, ਜੋ ਅਲੱਗ ਅਲੱਗ ਜਗ੍ਹਾ `ਤੇ ਕਿਰਾਏ ਤੇ ਮਕਾਨ ਕਮਰੇ ਲੈ ਕੇ ਰਹਿ ਰਹੇ ਹਨ, ਬਹੁਤ ਮਾਨਸਿਕ ਪ੍ਰੇਸ਼ਾਨੀ ਵਿੱਚ ਦਿਨ ਕੱਟ ਰਹੇ ਹਨ। ਬਾਹਰਲੇ ਜ਼ਿਲੇ ਵਾਲੇ ਬਹੁਤ ਸਾਰੇ ਅਧਿਆਪਕਾਂ ਨੇ ਮਿਤੀ 15 ਅਪ੍ਰੈਲ ਨੂੰ ਸੰਭਾਵਿਤ ਫਾਰਗੀ ਹੋ ਜਾਣ ਕਾਰਨ ਆਪਣਾ ਘਰੇਲੂ ਵਰਤੋ ਦਾ ਸਮਾਨ 14 ਅਪ੍ਰੈਲ ਨੂੰ ਹੀ ਘਰਾਂ ਨੂੰ ਭੇਜ ਦਿੱਤਾ ਸੀ। ਅੱਜ ਹਫਤੇ ਦਰ ਹਫਤੇ ਮਿਲ ਰਹੇ ਨਵੇਂ ਲਾਰਿਆ ਕਾਰਨ ਉਹ ਸਾਰੇ ਅਧਿਆਪਕ ਇਸੇ ਕਰੋਂਨਾ ਮਹਾਂਮਾਰੀ ਦੇ ਮੁਸ਼ਕਿਲ ਭਰੇ ਸਮੇਂ ਵਿੱਚ, ਬਿਨਾਂ ਸਮਾਨ ਗੁਜ਼ਾਰਾ ਕਰਨ ਲਈ ਮਜਬੂਰ ਹਨ ਕਿ ਸ਼ਾਇਦ ਇਸ ਵਾਰ ਬਦਲੀ ਹੋ ਜਾਏ ਪਰ ਵਿਭਾਗ ਵੱਲੋ ਹਰ ਵਾਰ ਇਕ ਨਵਾਂ ਲਾਰਾ ਲਗਾ ਦਿੱਤਾ ਜਾਂਦਾ ਹੈ।ਐਲੀਮੈਂਟਰੀ ਟੀਚਰਜ਼ ਯੂਨੀਅਨ, ਤਰਨ ਤਾਰਨ ਦੇ ਜਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਬੱਬੂ ਅਤੇ ਜਨਰਲ ਸਕੱਤਰ ਸੁਖਵਿੰਦਰ ਸਿੰਘ ਧਾਮੀ ਜੀ ਨੇ ਕਿਹਾ ਕਿ ਜਿਥੇ ਕਰੋਨਾ ਦੀ ਦੂਜੀ ਲਹਿਰ ਕਾਰਨ ਜੀਵਨ ਅਸਤ ਵਿਅਸਤ ਹੋਇਆ ਪਿਆ ਹੈ ਹਰ ਕੋਈ ਆਪਣੇ ਪਰਿਵਾਰ ਨਾਲ ਰਹਿਣਾ ਚਾਹੁੰਦਾ ਹੈ, ਰੋਜ਼ਾਨਾ ਦੂਰੋ ਆਉਣ ਜਾਣ ਵਾਲੇ ਸਾਥੀ ਵੀ ਕਈ ਤਰਾਂ ਦੀਆ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਹਨ, ਵਿਭਾਗ ਵਲੋਂ ਆਪ ਹੀ ਬਦਲੀਆਂ ਕਰਨਾ, ਆਪ ਹੀ ਸ਼ਾਬਾਸ਼ੀ ਲੈਣੀ ਅਤੇ ਆਪ ਹੀ ਹੁਣ ਹਰ ਵਾਰ ਇਕੋ ਸ਼ਬਦਾਵਲੀ ਵਿੱਚ, ਨਵੀ ਮਿਤੀ ਦੇ ਕੇ ਨਵਾਂ ਪੱਤਰ ਜਾਰੀ ਕਰਕੇ ਫਾਰਗੀ ਰੋਕ ਲਏ ਜਾਣਾ, ਅਧਿਆਪਕਾਂ ਅਤੇ ਆਮ ਲੋਕਾਂ `ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਵਿਭਾਗ ਨੂੰ ਚਾਹੀਦਾ ਹੈ ਕਿ ਇਨਾ ਬਦਲੀ ਕਰਵਾਉਣ ਵਾਲਿਆ ਨੂੰ ਇਸ ਵਾਰ ਫਾਰਗ ਕਰ ਕੇ ਮਾਨਸਿਕ ਤੌਰ `ਤੇ ਹੋ ਰਹੇ ਸੋਸ਼ਣ ਤੋੰ ਛੁਟਕਾਰਾ ਦਿੱਤਾ ਜਾਏ ਤਾਂ ਜੋ ਉਹ ਆਪਣੇ ਨਵੇਂ ਸਟੇਸ਼ਨਾਂ `ਤੇ ਹਾਜ਼ਰ ਹੋ ਕੇ ਵਿਦਿਆਰਥੀਆਂ ਨੂੰ ਸੰਭਵ ਸਿੱਖਿਆ ਦੇ ਸਕਣ। ਇਸ ਸਮੇਂ ਯੂਨੀਅਨ ਆਗੂਆਂ ਸਰਬਜੀਤ ਸਿੰਘ, ਜਸਵਿੰਦਰ ਸਿੰਘ ਘਰਿਆਲਾ, ਮਨਿੰਦਰ ਸਿੰਘ, ਗੁਰਲਵ ਸਿੰਘ, ਅਮਨਦੀਪ ਸਿੰਘ, ਰਣਜੀਤ ਪ੍ਰੀਤ ਸਿੰਘ, ਇੰਦਰਜੀਤ ਸਿੰਘ, ਹਰਭਿੰਦਰ ਸਿੰਘ, ਪ੍ਰਭਦੀਪ ਸਿੰਘ, ਰਾਜਿੰਦਰ ਸਿੰਘ, ਰਾਜਨ ਕੁਮਾਰ, ਸੁਖਚੈਨ ਸਿੰਘ ਅਤੇ ਹਾਜਿਰ ਆਗੂਆਂ ਨੇ ਮੰਗ ਕੀਤੀ ਕਿ ਆਮ ਬਦਲੀਆਂ ਦੇ ਹੁਕਮ ਤੁਰੰਤ ਲਾਗੂ ਕੀਤੇ ਜਾਣ ਨਹੀਂ ਤਾਂ ਜੱਥੇਬੰਦੀ ਵੱਲੋਂ ਤਿੱਖਾ ਸੰਘਰਸ਼ ਕੀਤਾ ਜਾਵੇਗਾ।
Comments (0)
Facebook Comments (0)