ਬਾਇਓਗੈਸ ਪਲਾਂਟ 'ਤੇ ਮਿਲਣ ਵਾਲੀ ਸਬਸਿਡੀ
Wed 14 Mar, 2018 0ਪੰਜਾਬ ਊਰਜਾ ਵਿਕਾਸ ਏਜੰਸੀ (ਪੇਡਾ) ਵਲੋਂ ਸੂਬਾ ਸਰਕਾਰ ਦੇ ਅਹਿਮ ਉੱਦਮ ਸਦਕਾ ਭਾਰਤ ਸਰਕਾਰ ਦੇ ਨਵੀਨ ਅਤੇ ਨਵਿਆਉਣਯੋਗ ਊਰਜਾ ਮੰਤਰਾਲੇ ਦੇ ਸਹਿਯੋਗ ਨਾਲ ਬਾਇਓਗੈਸ ਪਲਾਂਟ ਲਾਉਣ 'ਤੇ ਲਾਭਪਾਤਰੀਆਂ ਨੂੰ ਦਿੱਤੀ ਜਾਣ ਵਾਲੀ 8 ਹਜ਼ਾਰ ਰੁਪਏ ਦੀ ਸਬਸਿਡੀ ਨੂੰ ਵਧਾ ਕੇ 9 ਹਜ਼ਾਰ ਰੁਪਏ ਕੀਤਾ ਗਿਆ ਹੈ। ਜੇਕਰ ਕੋਈ ਵਿਅਕਤੀ ਬਾਇਓਗੈਸ ਪਲਾਂਟ ਨਾਲ ਪਖਾਨਾ ਜੋੜਦਾ ਹੈ ਤਾਂ ਉਸ ਨੂੰ 1200 ਰੁਪਏ ਹੋਰ ਵਾਧੂ ਸਬਸਿਡੀ ਦਿੱਤੀ ਜਾਂਦੀ ਹੈ ਪਰ ਕਿਸਾਨ ਇਸ ਗੱਲ ਨੂੰ ਪੜ੍ਹ ਕੇ ਹੈਰਾਨ ਹੋ ਜਾਂਦੇ ਹਨ ਕਿ ਗੋਬਰ ਗੈਸ ਪਲਾਂਟ ਦੇ ਨਾਲ ਖਾਣ-ਪੀਣ ਦੀਆਂ ਵਸਤੂਆਂ ਬਣਾਉਣ ਲਈ ਪਖਾਨਾ ਜੋੜ ਕੇ ਤਾਂ ਗਲਿਆਣ ਆਵੇਗੀ ਪਰ ਇਹ ਗੱਲ ਬਿਲਕੁਲ ਸੱਚ ਹੈ ਕਿ ਜੇਕਰ ਅਸੀਂ ਇਸੇ ਤਰ੍ਹਾਂ ਹੀ ਕੁਦਰਤੀ ਸੋਮਿਆਂ ਦਾ ਖਾਤਮਾ ਕਰਦੇ ਰਹੇ ਤਾਂ ਇਕ ਦਿਨ ਵੱਡੀ ਪੱਧਰ 'ਤੇ ਅਜਿਹੇ ਸਾਧਨਾਂ ਦੀ ਵਰਤੋਂ ਇਨਸਾਨ ਨੂੰ ਜਿਊਂਦੇ ਰਹਿਣ ਲਈ ਕਰਨੀ ਪਵੇਗੀ।
ਸੀਵਰੇਜ ਦੇ ਪਾਣੀ ਨੂੰ ਪੀਣ ਵਾਲੇ ਸਾਫ ਪਾਣੀ ਵਜੋਂ ਵਰਤਣਾ ਸਾਡੀ ਮਜਬੂਰੀ ਹੋ ਜਾਵੇਗੀ। ਕੇਂਦਰ ਤੇ ਰਾਜ ਸਰਕਾਰ ਵਲੋਂ ਚਲਾਏ ਜਾ ਰਹੇ ਬਾਇਓਗੈਸ ਵਿਕਾਸ ਪ੍ਰੋਗਰਾਮ ਤਹਿਤ ਸਸਤੀ ਊਰਜਾ, ਸਾਫ-ਸੁਥਰੇ ਵਾਤਾਵਰਣ ਅਤੇ ਪਲਾਂਟ 'ਚੋਂ ਨਿਕਲੀ ਸਲਰੀ ਨੂੰ ਖੇਤਾਂ 'ਚ ਖਾਦ ਵਜੋਂ ਵਰਤਿਆ ਜਾਂਦਾ ਹੈ, ਜਿਸ ਦੀ ਗੁਣਵੱਤਾ ਬਹੁਤ ਹੀ ਵਧੀਆ ਹੁੰਦੀ ਹੈ। ਬਾਇਓਗੈਸ ਪਲਾਂਟ ਤੋਂ ਪੈਦਾ ਹੋਈ ਗੈਸ ਨਵੀਨ ਊਰਜਾ ਦਾ ਵਧੀਆ ਸਾਧਨ ਹੈ।
4 ਘਣਮੀਟਰ ਤੋਂ 6 ਘਣਮੀਟਰ ਸਮਰੱਥਾ ਵਾਲਾ ਦੀਨ ਬੰਧੂ ਮਾਡਲ ਬਾਇਓਗੈਸ ਪਲਾਂਟ ਲਾਉਣ 'ਤੇ ਲੱਗਭਗ 35 ਹਜ਼ਾਰ ਤੋਂ 40 ਹਜ਼ਾਰ ਤਕ ਦਾ ਖਰਚਾ ਆਉਂਦਾ ਹੈ, ਜਿਸ ਤਹਿਤ ਪਲਾਂਟ ਲਾਉਣ ਵਾਲੇ ਲਾਭਪਾਤਰੀ ਨੂੰ 9 ਹਜ਼ਾਰ ਰੁਪਏ ਦੀ ਸਬਸਿਡੀ ਦਿੱਤੀ ਜਾਂਦੀ ਹੈ। ਜ਼ਿਲਾ ਸੰਗਰੂਰ ਦੇ ਵੱਖ-ਵੱਖ ਪਿੰਡਾਂ 'ਚ ਅਪ੍ਰੈਲ 2013 ਤੋਂ 31 ਜੁਲਾਈ 2014 ਤਕ 1384 ਦੀਨ ਬੰਧੂ ਮਾਡਲ ਦੇ ਬਾਇਓਗੈਸ ਪਲਾਂਟ ਲੱਗ ਚੁੱਕੇ ਹਨ ਅਤੇ ਜ਼ਿਲਾ ਸੰਗਰੂਰ ਬਾਇਓਗੈਸ ਪਲਾਂਟ ਲਾਉਣ 'ਚ ਪੰਜਾਬ ਭਰ 'ਚ ਮੋਹਰੀ ਹੈ। ਇਸ ਬਾਇਓਗੈਸ ਪਲਾਂਟ ਨਾਲ ਪੈਦਾ ਹੋਣ ਵਾਲੀ ਗੈਸ ਨਾਲ ਭਾਂਡੇ ਵੀ ਕਾਲੇ ਨਹੀਂ ਹੁੰਦੇ ਤੇ ਨਾ ਹੀ ਐੱਲ. ਪੀ. ਜੀ. ਗੈਸ ਵਾਂਗ ਕਿਸੇ ਕਿਸਮ ਦੇ ਧਮਾਕੇ ਦਾ ਡਰ ਹੁੰਦਾ ਹੈ, ਸਗੋਂ ਬਾਇਓਗੈਸ ਰਸੋਈ ਗੈਸ ਦਾ ਸੁਥਰਾ ਅਤੇ ਸਸਤਾ ਸਰੋਤ ਹੈ। ਬਾਇਓਗੈਸ ਦੀ ਸਾਂਭ-ਸੰਭਾਲ ਕਰਨੀ ਕੋਈ ਬਹੁਤੀ ਔਖੀ ਨਹੀਂ ਹੈ।
ਜਦੋਂ ਗੈਸ ਦੀ ਜ਼ਰੂਰਤ ਹੋਵੇ, ਉਸ ਵੇਲੇ ਹੀ ਗੇਟ ਵਾਲਵ ਨੂੰ ਖੋਲ੍ਹਣਾ ਚਾਹੀਦਾ ਹੈ। ਬਰਨਰ ਅੰਦਰ ਹਵਾ ਜਾਣ ਵਾਲਾ ਰਸਤਾ, ਪਾਸੇ ਤੋਂ ਬਹੁਤ ਜ਼ਿਆਦਾ ਕੱਸਣਾ ਨਹੀਂ ਚਾਹੀਦਾ। ਇਸ ਰਸਤੇ 'ਚ ਹਵਾ ਤਰਤੀਬ ਅਨੁਸਾਰ ਜਾਣੀ ਚਾਹੀਦੀ ਹੈ। ਪਲਾਂਟ ਦੇ ਆਊਟਲੈੱਟ ਚੈਂਬਰ ਨੂੰ ਕਦੇ ਵੀ ਬਿਨਾਂ ਢੱਕਣ ਤੋਂ ਨਹੀਂ ਰੱਖਣਾ ਚਾਹੀਦਾ। ਛੋਟੇ ਤੋਂ ਛੋਟਾ ਲਾਹੇਵੰਦ ਗੈਸ ਪਲਾਂਟ ਲਾਉਣ ਲਈ ਪ੍ਰਤੀ ਦਿਨ 40 ਕਿਲੋਗ੍ਰਾਮ ਗੋਹੇ ਦੀ ਲੋੜ ਹੁੰਦੀ ਹੈ। ਇਹ ਪਲਾਂਟ ਰਸੋਈ ਅਤੇ ਪਸ਼ੂ ਬੰਨ੍ਹਣ ਵਾਲੀ ਥਾਂ ਦੇ ਜਿੰਨਾ ਨੇੜੇ ਹੋਵੇ, ਓਨਾ ਹੀ ਚੰਗਾ ਹੁੰਦਾ ਹੈ। ਇਸ ਗੋਬਰ ਗੈਸ ਪਲਾਂਟ ਨੂੰ ਪਿੰਡ ਪੱਧਰ 'ਤੇ ਵੀ ਲਾਇਆ ਜਾ ਸਕਦਾ ਹੈ, ਜਿਸ ਨਾਲ ਪੇਂਡੂ ਘਰਾਂ 'ਚ ਬਾਇਓਗੈਸ ਦਿੱਤੀ ਜਾ ਸਕਦੀ ਹੈ।
Comments (0)
Facebook Comments (0)