ਬਾਗਬਾਨੀ ਵਿਭਾਗ ਨੇ ਜ਼ਿਲ੍ਹੇ ਦੇ ਬਾਗਬਾਨਾਂ ਲਈ ਇਸ ਰੁੱਤ 'ਚ ਕੀਤੇ ਜਾਣ ਵਾਲੇ ਕੰਮਾਂ ਸਬੰਧੀ ਸਲਾਹ ਜਾਰੀ ਕੀਤੀ
Fri 8 Jun, 2018 0ਮੁਕਤਸਰ ਸਾਹਿਬ : ਬਾਗਬਾਨੀ ਵਿਭਾਗ ਨੇ ਜ਼ਿਲ੍ਹੇ ਦੇ ਬਾਗਬਾਨਾਂ ਲਈ ਇਸ ਰੁੱਤ 'ਚ ਕੀਤੇ ਜਾਣ ਵਾਲੇ ਕੰਮਾਂ ਸਬੰਧੀ ਸਲਾਹ ਜਾਰੀ ਕੀਤੀ ਹੈ। ਵਿਭਾਗ ਦੇ ਸਹਾਇਕ ਡਾਇਰੈਕਟਰ ਨਰਿੰਦਰਜੀਤ ਸਿੰਘ ਸਿੱਧੂ ਨੇ ਦੱਸਿਆ ਹੈ ਕਿ ਕਿੰਨੂ ਦੇ ਬਾਗਾਂ 'ਚ ਜੇਕਰ ਜ਼ਿਆਦਾ ਨਾਈਟ੍ਰੋਜਨ ਵਾਲੀ ਖਾਦ ਪਾਈ ਹੋਵੇ ਤਾਂ ਕੀੜੇ-ਮਕੌੜਿਆਂ ਦਾ ਹਮਲਾ ਵਧੇਰੇ ਹੁੰਦਾ ਹੈ। ਉਨ੍ਹਾਂ ਦੱਸਿਆਂ ਕਿ ਬਾਗਾਂ 'ਚ ਜੇਕਰ ਤੇਲੇ, ਚੇਪੇ ਅਤੇ ਸਿਟਰਸ ਸਿੱਲੇ ਦਾ ਹਮਲਾ ਵਿਖਾਈ ਦੇਵੇ ਤਾਂ ਕਿਸਾਨ 400 ਗ੍ਰਾਮ ਐਕਟਾਰਾ ਦਵਾਈ 1000 ਲੀਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਛਿੜਕਾਅ ਕਰ ਸਕਦੇ ਹਨ। ਉਨ੍ਹਾਂ ਕਿਸਾਨਾਂ ਨੂੰ ਸਿੰਥੈਟਿਕ ਗਰੁੱਪ ਵਾਲੇ ਕੀਟਨਾਸ਼ਕ ਨਾ ਵਰਤਣ ਦੀ ਸਲਾਹ ਦਿੰਦਿਆਂ ਕਿਹਾ ਕਿ ਇਨ੍ਹਾਂ ਕਾਰਨ ਮਾਈਟ ਅਤੇ ਚਿੱਟੀ ਮੱਖੀ ਦਾ ਹਮਲਾ ਵੱਧ ਸਕਦਾ ਹੈ। ਛਿੜਕਾਅ ਹਮੇਸ਼ਾ ਸਵੇਰੇ-ਸ਼ਾਮ ਹੀ ਕਰਨਾ ਚਾਹੀਦਾ ਹੈ।
ਇਸੇ ਤਰ੍ਹਾਂ ਉਨ੍ਹਾਂ ਦੱਸਿਆ ਕਿ ਨਿੰਬੂ ਜਾਤੀ ਦੇ ਫਲਾਂ 'ਚ ਥਰਿੱਪ ਜਾਂ ਮਾਈਟ ਦਾ ਹਮਲਾ ਵਿਖਾਈ ਦੇਣ ਦੇ ਈਥੀਆਨ 1000 ਮਿਲੀ ਜਾਂ ਮਜੀਸਟਰ 750 ਮਿ.ਲੀ 500 ਲੀਟਰ ਪਾਣੀ ਵਿੱਚ ਘੋਲ ਕੇ ਛਿੜਕੀ ਜਾ ਸਕਦੀ ਹੈ। ਗਰਮੀ ਤੋਂ ਫਲਦਾਰ ਬੂਟਿਆਂ ਨੂੰ ਬਚਾਉਣ ਲਈ ਸਹਾਇਕ ਡਾਇਰੈਕਟਰ ਬਾਗਬਾਨੀ ਨੇ ਕਿਸਾਨਾਂ ਨੂੰ ਬਾਗਾਂ ਦੀ ਨਿਯਮਤ ਸਿੰਚਾਈ ਦੀ ਸਲਾਹ ਦਿੱਤੀ ਹੈ।
ਇਸੇ ਤਰ੍ਹਾਂ ਗਰਮੀ ਤੋਂ ਵੱਡੇ ਫਲਦਾਰ ਬੂਟਿਆਂ ਨੂੰ ਬਚਾਉਣ ਲਈ ਤਣਿਆਂ ਤੇ ਸਫੈਦੀ ਕਰਨ ਦੀ ਸਲਾਹ ਦਿੰਦਿਆਂ ਨਰਿੰਦਰਜੀਤ ਸਿੰਘ ਸਿੱਧੂ ਨੇ ਦੱਸਿਆ ਕਿ ਸਫੈਦੀ ਦਾ ਮਿਸ਼ਰਣ ਤਿਆਰ ਕਰਨ ਲਈ ਕਿਸਾਨ 25 ਕਿਲੋ ਚੂਨਾ, 500 ਗ੍ਰਾਮ ਨੀਲਾ ਥੋਥਾ, 500 ਗਰਾਮ ਸੁਰੇਸ਼ ਜਾਂ ਗੂੰਦ ਅਤੇ 100 ਲੀਟਰ ਪਾਣੀ ਲੈਣ। ਮਿਸ਼ਰਣ ਤਿਆਰ ਕਰਨ ਕਰਨ ਲਈ ਗੂੰਦ ਗਰਮ ਪਾਣੀ 'ਚ ਘੋਲ ਲਵੋ, ਫਿਰ ਸਾਰੀ ਸਮੱਗਰੀ ਪਾ ਕੇ ਮਿਸ਼ਰਣ ਤਿਆਰ ਕਰ ਲਵੋ। ਇਹ ਮਿਸ਼ਰਣ ਕਿੰਨੂੰ ਦੇ ਬਾਗਾਂ ਦੇ ਤਣਿਆ ਤੇ ਜ਼ਮੀਨ ਤੇ ਇੱਕ ਫੁੱਟ ਦੀ ਉਚਾਈ ਤੱਕ ਪੇਂਟ ਕਰੋ। ਡਾ. ਨਰਿੰਦਰ ਸਿੰਘ ਨੇ ਇਹ ਵੀ ਦੱਸਿਆ ਕਿ ਜ਼ਿਆਦਾ ਔੜ ਲੱਗਣ ਤੋਂ ਬਾਅਦ ਭਰਵਾਂ ਪਾਣੀ ਦੇਣਾ ਫਲਾਂ ਦੇ ਫੱਟਣ ਦਾ ਕਾਰਨ ਬਣਦਾ ਹੈ। ਇਸ ਦੀ ਰੋਕਥਾਮ ਲਈ ਥੋੜ੍ਹੇ-ਥੋੜ੍ਹੇ ਸਮੇਂ ਬਾਅਦ ਹਲਕੀ ਸਿੰਚਾਈ ਕਰਦੇ ਰਹੋ। ਇਸ ਤਰ੍ਹਾਂ ਨਿੰਬੂ ਜਾਤੀ ਦੇ ਫਲਾਂ ਵਿੱਚ ਕੋਹੜ ਰੋਗ ਦੀ ਰੋਕਥਾਮ ਲਈ ਕਿਸਾਨ ਜਰੀਮ 27 ਐਮ.ਸੀ, 2.5 ਗਰਾਮ ਪ੍ਰਤੀ ਲੀਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰ ਸਕਦੇ ਹਨ।
Comments (0)
Facebook Comments (0)