30 ਪੱਤਰਕਾਰਾਂ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ

30 ਪੱਤਰਕਾਰਾਂ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ

ਮੰਗਲੁਰੂ: ਉੱਤਰ ਭਾਰਤ ਦੇ ਨਾਲ-ਨਾਲ ਨਾਗਰਿਕਤਾ ਸੋਧ ਕਾਨੂੰਨ ਦਾ ਵਿਰੋਧ ਦੱਖਣੀ ਭਾਰਤ ਵਿਚ ਵੀ ਹੋ ਰਿਹਾ ਹੈ। ਬੀਤੇ ਵੀਰਵਾਰ ਨੂੰ ਕਰਨਾਟਕ ਦੇ ਮੰਗਲੁਰੂ ਵਿਚ ਪ੍ਰਦਰਸ਼ਨ ਦੌਰਾਨ ਦੋ ਲੋਕਾਂ ਦੀ ਮੌਤ ਹੋ ਗਈ। ਕਥਿਤ ਤੌਰ 'ਤੇ ਪੁਲਿਸ ਦੀ ਗੋਲੀਬਾਰੀ ਵਿਚ ਦੋਵਾਂ ਦੀ ਮੌਤ ਹੋਈ ਹੈ। ਇਸ ਤੋਂ ਬਾਅਦ ਖਬਰਾਂ ਆ ਰਹੀਆਂ ਹਨ ਕਿ ਕੇਰਲ ਦੇ ਸਥਾਨਕ ਚੈਨਲਾਂ ਨੂੰ ਮੰਗਲੁਰੂ ਵਿਚ ਰਿਪੋਰਟਿੰਗ ਕਰਨ ਤੋਂ ਰੋਕਿਆ ਗਿਆ।

 

 

ਮਿਲੀ ਜਾਣਕਾਰੀ ਅਨੁਸਾਰ ਇਸ ਨਾਲ ਸਬੰਧਤ ਇਕ ਵੀਡੀਓ ਵਿਚ ਸੀਨੀਅਰ ਪੁਲਿਸ ਅਫਸਰ ਚੈਨਲ 'ਤੇ ਮੌਜੂਦ ਲਾਈਵ ਰਿਪੋਰਟਰ ਨੂੰ ਰੋਕਦੇ ਹੋਏ ਨਜ਼ਰ ਆ ਰਹੇ ਹਨ। ਉਹ ਰਿਪੋਰਟਰਾਂ ਕੋਲੋਂ ਆਈਡੀ ਦੀ ਮੰਗ ਕਰਦੇ ਹਨ। ਆਈਡੀ ਕਾਰਡ ਦਿਖਾਉਣ ਤੋਂ ਬਾਅਦ ਪੁਲਿਸ ਅਧਿਕਾਰੀ ਪੱਤਰਕਾਰਾਂ ਨੂੰ ਕਹਿੰਦੇ ਹਨ, 'ਸਰਕਾਰ ਨੇ ਇਸ ਨੂੰ ਜਾਰੀ ਨਹੀਂ ਕੀਤਾ ਹੈ। ਬਾਹਰ ਨਿਕਲੋ'।

 

 

ਦੱਸਿਆ ਜਾ ਰਿਹਾ ਹੈ ਕਿ ਕਰੀਬ 30 ਪੱਤਰਕਾਰਾਂ ਨੂੰ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਨਾ ਹੋਣ 'ਤੇ ਹਿਰਾਸਤ ਵਿਚ ਲੈ ਲਿਆ। ਸ਼ੁੱਕਰਵਾਰ ਸਵੇਰੇ ਮੰਗਲੁਰੂ ਪੁਲਿਸ ਕਮਿਸ਼ਨਰ ਨੇ ਦਫਤਰ ਵਿਚੋਂ ਜਾਰੀ ਇਕ ਬਿਆਨ ਵਿਚ ਕਿਹਾ ਕਿ ਕੁਝ ਲੋਕਾਂ ਨੂੰ ਮਾਨਤਾ ਪ੍ਰਾਪਤ ਨਹੀਂ ਹੈ। ਉਹ ਲੋਕ ਕਿਸੇ ਮੀਡੀਆ ਸੰਸਥਾ ਨਾਲ ਨਹੀਂ ਜੁੜੇ ਹਨ ਅਤੇ ਉਹਨਾਂ ਦੀ ਰਿਪੋਰਟਿੰਗ ਸਵਾਲਾਂ ਦੇ ਘੇਰੇ ਵਿਚ ਹੈ।

 

 

ਵੈਰੀਫੀਕੇਸ਼ਨ ਦੀ ਕਾਰਵਾਈ ਕੀਤੇ ਜਾਣ ਤੋਂ ਬਾਅਦ ਹੀ ਉਹਨਾਂ 'ਤੇ ਅਗਲੀ ਕਾਰਵਾਈ ਕੀਤੀ ਜਾਵੇਗੀ। ਦੱਸ ਦਈਏ ਕਿ ਇਹ ਪੱਤਰਕਾਰ ਪ੍ਰਦਰਸ਼ਨ ਦੌਰਾਨ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨਾਲ ਗੱਲਬਾਤ ਕਰ ਰਹੇ ਸੀ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਪੱਤਰਕਾਰਾਂ ਨੂੰ ਧਮਕੀ ਭਰੇ ਲਹਿਜ਼ੇ ਨਾਲ ਵੀ ਹਿਦਾਇਤ ਦਿੱਤੀ।

ਜ਼ਿਕਰਯੋਗ ਹੈ ਕਿ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ ਵਿਚ ਬੀਤੇ ਵੀਰਵਾਰ ਨੂੰ ਦੇਸ਼ ਦੇ ਮੁੱਖ 13 ਸ਼ਹਿਰਾਂ ਵਿਚ ਪ੍ਰਦਰਸ਼ਨ ਕੀਤਾ ਗਿਆ। ਲਖਨਊ ਵਿਚ ਪ੍ਰਦਰਸ਼ਨ ਨੇ ਹਿੰਸਕ ਰੂਪ ਲੈ ਲਿਆ ਅਤੇ ਇੱਥੇ ਇਕ ਵਿਅਕਤੀ ਦੀ ਮੌਤ ਹੋ ਗਈ। ਲਖਨਊ ਵਿਚ ਧਾਰਾ 144 ਲਾਗੂ ਹੈ ਅਤੇ ਇੰਟਰਨੈੱਟ ਤੇ ਐਸਐਮਐਸ ਸੇਵਾਵਾਂ 'ਤੇ ਰੋਕ ਲਗਾ ਦਿੱਤੀ ਗਈ ਹੈ।