ਗੁਰਦੁਆਰਾ ਛਾਪੜੀ ਸਾਹਿਬ, ਸਰਹਾਲੀ ਵਿਖੇ ਸੰਤ ਬਾਬਾ ਤਾਰਾ ਸਿੰਘ ਜੀ ਦੀ ਯਾਦ ਵਿਚ ਗੁਰਮਤਿ ਸਮਾਗਮ ਹੋਇਆ
Sat 6 Jan, 2024 0ਚੋਹਲਾ ਸਾਹਿਬ, 6 ਜਨਵਰੀ ( ਸਨਦੀਪ ਸਿੱਧੂ,ਪਰਮਿੰਦਰ ਚੋਹਲਾ )
ਮਹਾਂਪੁਰਖ ਸੰਤ ਬਾਬਾ ਤਾਰਾ ਸਿੰਘ ਜੀ ਦੀ ਮਿੱਠੀ ਯਾਦ ਵਿਚ ਛਾਪੜੀ ਸਾਹਿਬ, ਸਰਹਾਲੀ ਵਿਖੇ ਗੁਰਮਤਿ ਸਮਾਗਮ ਹੋਇਆ, ਜਿਸ ਵਿਚ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸਾਰਾ ਦਿਨ ਧਾਰਮਿਕ ਦੀਵਾਨ ਸਜਾਇਆ ਗਿਆ। ਇਸ ਮੌਕੇ ਸੰਪਰਦਾਇ ਕਾਰ ਸੇਵਾ ਸੰਤ ਬਾਬਾ ਤਾਰਾ ਸਿੰਘ ਜੀ, ਸਰਹਾਲੀ ਸਾਹਿਬ ਦੇ ਮੁਖੀ ਸੰਤ ਬਾਬਾ ਸੁੱਖਾ ਸਿੰਘ ਜੀ ਨੇ ਕੀਰਤਨ ਕੀਤਾ ਅਤੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ। ਉਹਨਾਂ ਨੇ ਸੰਗਤ ਵਿਚ ਬੋਲਦਿਆਂ ਆਖਿਆ, “ ਮਨੁੱਖ ਤਿੰਨ ਤਰ੍ਹਾਂ ਦੇ ਕਾਰਜ ਕਰਦੇ ਹਨ। ਪਹਿਲਾ ਹੁੰਦਾ ਹੈ ਕਾਰ, ਜਿਸ ਨਾਲ ਨਾ ਕੋਈ ਲਾਂਭ ਹੁੰਦਾ ਹੈ ਤੇ ਨਾ ਕੋਈ ਨੁਕਸਾਨ, ਜਿਵੇਂ ਵਿਹਲੇ ਬੈਠੇ ਗੱਪਾਂ ਮਾਰਨੀਆਂ, ਤਾਸ਼ ਖੇਡੀ ਜਾਣੀ ਵਗੈਰਾ ਵਗੈਰਾ। ਦੂਜਾ ਹੁੰਦਾ ਹੈ ਉਪਕਾਰ , ਜਿਸ ਨਾਲ ਖੁਦ ਨੂੰ ਵੀ ਲਾਭ ਹੁੰਦਾ ਹੈ, ਦੂਜਿਆਂ ਨੂੰ ਵੀ ਸਹੂਲਤ ਹੁੰਦੀ ਹੈ, ਜਿਵੇਂ ਡਾਕਟਰ, ਅਧਿਆਪਕ ਆਦਿਕ। ਤੀਜਾ ਹੁੰਦਾ ਹੈ ਪਰਉਪਕਾਰ, ਇਹ ਕੰਮ ਸੰਤਾਂ ਮਹਾਂਪੁਰਖਾਂ ਦੇ ਹਿੱਸੇ ਆਉਂਦਾ ਹੈ। ਇਸ ਨਾਲ ਆਪਣਾ ਆਪ ਕੁਰਬਾਨ ਕਰਕੇ ਦੂਜੇ ਦਾ ਭਲਾ ਕੀਤਾ ਜਾਂਦਾ ਹੈ। ਸੰਤ ਬਾਬਾ ਤਾਰਾ ਸਿੰਘ ਜੀ ਤੇ ਸੰਤ ਬਾਬਾ ਚਰਨ ਸਿੰਘ ਜੀ ਐਸੇ ਪਰਉਪਕਾਰੀ ਮਹਾਂਪੁਰਖ ਸਨ, ਜਿਨ੍ਹਾਂ ਨੇ ਸਾਰਾ ਜੀਵਨ ਪਰਉਪਕਾਰੀ ਬਣ ਕੇ ਜੀਵਿਆ ਅਤੇ ਸੇਵਾ-ਸਿਮਰਨ ਦੇ ਪ੍ਰਵਾਹ ਚਲਾ ਕੇ ਲੋਕਾਈ ਨੂੰ ਜੀਵਨ ਮਨੋਰਥ ਦੀ ਪ੍ਰਾਪਤੀ ਦੇ ਰਾਹ ਤੋਰਿਆ।” ਆਪ ਜੀ ਦੇ ਕੀਰਤਨ ਉਪਰੰਤ ਹੋਰ ਕਈ ਰਾਗੀ ,ਕਵੀਸ਼ਰ ਅਤੇ ਕਥਾਵਾਚਕਾਂ ਨੇ ਸੰਗਤਾਂ ਹਰਿ ਜੱਸ ਸੁਣਾ ਕੇ ਨਿਹਾਲ ਕੀਤਾ । ਇਸ ਮੌਕੇ ਸੰਗਤ ਦਾ ਭਰਪੂਰ ਇਕੱਠ ਸੀ, ਜਿਨ੍ਹਾਂ ਵਿਚ ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਦੇ ਸਮੂਹ ਜਥੇਦਾਰ ਅਤੇ ਹੋਰ ਕਈ ਸਤਿਕਾਰਤ ਸ਼ਖਸੀਅਤਾਂ ਵੀ ਹਾਜ਼ਰ ਸਨ।
Comments (0)
Facebook Comments (0)