ਕੀਰਤਪੁਰ ਸਾਹਿਬ ’ਚ ਪੀਰ ਬਾਬਾ ਬੁੱਢਣ ਸ਼ਾਹ ਦੀ ਦਰਗਾਹ ਨੇੜੇ ਸ਼ਰਧਾਲੂਆਂ ਨਾਲ ਭਰੀ ਬੱਸਪਲਟੀ 

ਕੀਰਤਪੁਰ ਸਾਹਿਬ ’ਚ ਪੀਰ ਬਾਬਾ ਬੁੱਢਣ ਸ਼ਾਹ ਦੀ ਦਰਗਾਹ ਨੇੜੇ ਸ਼ਰਧਾਲੂਆਂ ਨਾਲ ਭਰੀ ਬੱਸਪਲਟੀ 

ਅਨੰਦਪੁਰ ਸਾਹਿਬ:

ਸ਼ਨਿਚਰਵਾਰ ਸਵੇਰੇ ਕੀਰਤਪੁਰ ਸਾਹਿਬ ’ਚ ਪੀਰ ਬਾਬਾ ਬੁੱਢਣ ਸ਼ਾਹ ਦੀ ਦਰਗਾਹ ਨੇੜੇ ਸ਼ਰਧਾਲੂਆਂ ਨਾਲ ਭਰੀ ਬੱਸ ਪਲਟ ਗਈ। ਇਸ ਹਾਦਸੇ ਵਿਚ ਇਕ ਔਰਤ ਦੀ ਮੌਤ ਹੋ ਗਈ। ਇਸ ਤੋਂ ਇਲਾਵਾ 8 ਸਵਾਰੀਆਂ ਹੋਰ ਗੰਭੀਰ ਜ਼ਖ਼ਮੀ ਹਨ। ਮ੍ਰਿਤਕਾ ਦੀ ਪਹਿਚਾਣ ਬਲਜੀਤ ਕੌਰ ਪਤਨੀ ਅਮਰਜੀਤ ਸਿੰਘ ਰਾਜੂ ਵਜੋਂ ਹੋਈ ਹੈ।

ਹਾਸਲ ਜਾਣਕਾਰੀ ਮੁਤਾਬਕ ਇਹ ਸਾਰੇ ਸ਼ਰਧਾਲੂ ਫ਼ਰੀਦਕੋਟ ਦੇ ਸ਼ਹੀਦ ਬਲਵਿੰਦਰ ਸਿੰਘ ਨਗਰ ਤੋਂ ਆਏ ਸਨ। ਦੱਸਿਆ ਜਾਂਦਾ ਹੈ ਕਿ ਉਹ ਅਪਣੀ ਬਜ਼ੁਰਗ ਸੰਦੀਪ ਕੌਰ ਦੀਆਂ ਅਸਥੀਆਂ ਜਲ ਪ੍ਰਵਾਹ ਕਰਨ ਲਈ ਗੁਰਦੁਆਰਾ ਪਤਾਲਪੁਰੀ ਜਾ ਰਹੇ ਸੀ ਅਤੇ ਇਕੋ ਪਰਿਵਾਰ ਦੇ ਮੈਂਬਰ ਸਨ। ਇੱਥੋਂ ਉਨ੍ਹਾਂ ਪੀਰ ਬਾਬਾ ਬੁੱਢਣ ਸ਼ਾਹ ਦੀ ਦਰਗਾਹ ’ਤੇ ਮੱਥਾ ਟੇਕਣ ਜਾਣਾ ਸੀ।

ਦੱਸਿਆ ਜਾ ਰਿਹਾ ਹੈ ਕਿ ਜਦੋਂ ਯਾਤਰੀ ਬੱਸ ਵਿੱਚ ਬੈਠੇ ਤਾਂ ਤਕਨੀਕੀ ਖ਼ਰਾਬੀ ਆ ਗਈ ਤੇ ਡਰਾਈਵਰ ਨੇ ਪੁਰਸ਼ਾਂ ਨੂੰ ਬੱਸ ਨੂੰ ਧੱਕਾ ਮਾਰਨ ਲਈ ਕਿਹਾ। ਮਹਿਲਾ ਤੇ ਬੱਚੇ ਬੱਸ ਅੰਦਰ ਹੀ ਬੈਠੇ ਰਹੇ। ਜਿਵੇਂ ਹੀ ਬੱਸ ਨੂੰ ਧੱਕਾ ਮਾਰਿਆ, ਬੱਸ-ਚਾਲਕ ਹੱਥੋਂ ਬੱਸ ਬੇਕਾਬੂ ਹੋ ਕੇ ਪਲਟ ਗਈ। ਰੋਪੜ ਦੇ ਡੀਸੀ ਸੁਮੀਤ ਜਰਾਂਗਲ ਨੇ ਮੌਕੇ ਦਾ ਦੌਰਾ ਕੀਤਾ। ਮ੍ਰਿਤਕ ਮਹਿਲਾ ਦੇ ਪਰਿਵਾਰ ਨੂੰ ਇਕ ਲੱਖ ਤੇ ਜ਼ਖ਼ਮੀਆਂ ਨੂੰ 25-25 ਹਜ਼ਾਰ ਰੁਪਏ ਮੁਆਵਜ਼ੇ ਦਾ ਐਲਾਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪੀਰ ਬਾਬਾ ਬੁੱਢਣ ਸ਼ਾਹ ਟਰੱਸਟ ਨੇ ਵੀ ਮ੍ਰਿਤਕਾਂ ਦੇ ਪਰਿਵਾਰ ਨੂੰ 50 ਹਜ਼ਾਰ ਤੇ ਜ਼ਖ਼ਮੀਆਂ ਲਈ 5-5 ਹਜ਼ਾਰ ਰੁਪਏ ਦਾ ਐਲਾਨ ਕੀਤਾ ਹੈ।