ਸਿਰਫ਼ 36 ਜਹਾਜ਼ ਖ਼ਰੀਦ ਕੇ ਕੌਮੀ ਸੁਰੱਖਿਆ ਨਾਲ ਸਮਝੌਤਾ ਕੀਤਾ ਗਿਆ : ਚਿਦੰਬਰਮ

ਸਿਰਫ਼ 36 ਜਹਾਜ਼ ਖ਼ਰੀਦ ਕੇ ਕੌਮੀ ਸੁਰੱਖਿਆ ਨਾਲ ਸਮਝੌਤਾ ਕੀਤਾ ਗਿਆ : ਚਿਦੰਬਰਮ

ਨਵੀਂ ਦਿੱਲੀ : ਕਾਂਗਰਸ ਦੇ ਸੀਨੀਅਰ ਨੇਤਾ ਪੀ ਚਿਦੰਬਰਮ ਨੇ ਨਰਿੰਦਰ ਮੋਦੀ ਸਰਕਾਰ 'ਤੇ ਰਾਫ਼ੇਲ ਜਹਾਜ਼ ਸੌਦੇ ਸਬੰਧੀ ਰਾਸ਼ਟਰੀ ਸੁਰੱਖਿਆ ਨਾਲ ਸਮਝੌਤਾ ਕਰਨ ਦਾ ਦੋਸ਼ ਲਾਇਆ ਅਤੇ ਉਨ੍ਹਾਂ ਸ਼ੁਕਰਵਾਰ ਨੂੰ ਇਹ ਸਵਾਲ ਕੀਤਾ ਕਿ ਜਦੋ ਹਵਾਈ ਸੈਨਾ ਨੂੰ 126 ਜਹਾਜ਼ਾਂ ਦੀ ਜ਼ਰੂਰਤ ਸੀ ਤਾਂ ਫਿਰ 36 ਜਹਾਜ਼ ਹੀ ਕਿਉਂ ਖ਼ਰੀਦੇ ਗਏ ਹਨ। ਚਿਦੰਬਰਮ ਨੇ ਟਵੀਟ ਕਰ ਕੇ ਕਿਹਾ ਕਿ ਜਹਾਜ਼ਾਂ ਦੀ ਗਿਣਤੀ 126 ਤੋਂ ਘਟਾ ਕੇ 36 ਕਿਉਂ ਕੀਤੀ। ਇਸ ਸਵਾਲ 'ਤੇ ਰਖਿਆ ਮੰਤਰੀ ਦਾ ਕਹਿਣਾ ਹੈ ਕਿ ਫ਼ਲਾਈਵੇ ਕੰਡੀਸ਼ਨ ਵਿਚ ਤੁਹਾਨੂੰ 18 ਜਹਾਜ਼ ਮਿਲਦੇ ਪਰ  ਸਾਨੂੰ 36 ਜਹਾਜ਼ ਮਿਲਣਗੇ। ਕੀ ਇਹ ਸਵਾਲ ਦਾ ਜਵਾਬ ਹੈ ?

ਉਨ੍ਹਾਂ ਪੁਛਿਆ ਕਿ ਹਵਾਈ ਸੈਨਾ ਘੱਟ ਤੋਂ ਘੱਟ 7 ਸਕੁਐਡਰਨ (125 ਜਹਾਜ਼) ਚਾਹੁੰਦੀ ਹੈ। ਇਹ ਗਿਣਤੀ ਡੀਏਸੀ ਵਲੋਂ ਦੱਸੀ ਗਈ ਸੀ। ਕੀ ਹਵਾਈ ਸੈਨਾ ਜਾਂ ਡੀਏਸੀ ਨੇ ਕਦੇ ਇਹ ਗਿਣਤੀ ਘੱਟ ਕਰ ਕੇ 36 ਜ਼ਹਾਜ਼ਾਂ ਦੀ ਜ਼ਰੂਰਤ ਦੱਸੀ ? ਚਿਦੰਬਰਮ ਨੇ ਕਿਹਾ ਕਿ ਜੇਕਰ ਭਾਜਪਾ ਵਲੋਂ ਤੈਅ ਕੀਤੀ ਗਈ ਕੀਮਤ 9-20 ਫ਼ੀ ਸਦੀ ਤਕ ਸਸਤੀ ਸੀ ਤਾਂ ਅਸਲ ਰੂਪ ਵਿਚ ਸਰਕਾਰ ਨੂੰ ਹੋਰ ਜ਼ਿਆਦਾ ਜਹਾਜ਼ ਖ਼ਰੀਦਣੇ ਚਾਹੀਦੇ ਹਨ ਤਾਂ ਘੱਟ ਗਿਣਤੀ ਵਿਚ ਜਹਾਜ਼ ਕਿਉਂ ਖ਼ਰੀਦ ਰਹੇ ਹਨ ? ਸਾਬਕਾ ਵਿੱਤ ਮੰਤਰੀ ਨ ਕਿਹਾ ਕਿ ਭਾਜਪਾ ਦਾ ਕਹਿਣਾ ਹੈ ਕਿ ਇਹ ਇਕ ਐਮਰਜੈਂਸੀ ਖ਼ਰੀਦ ਸੀ। ਪੈਰਿਸ ਵਿਚ ਪ੍ਰਧਾਨ ਮੰਤਰੀ ਨੇ 10-4-2015 ਨੂੰ ਬਿਆਨ ਦਿਤਾ ਸੀ।

ਇਸ ਗੱਲ ਨੂੰ ਚਾਰ ਸਾਲ ਬੀਤ ਗਏ ਹਨ ਅੱਜ ਤਕ ਭਾਰਤ ਵਿਚ ਇਕ ਵੀ ਜਹਾਜ਼ ਕਿਉਂ ਨਹੀਂ ਆਇਆ? ਪਾਰਟੀ ਬੁਲਾਰੇ ਪਵਨ ਖੇੜਾ ਨੇ ਪੱਤਰਕਾਰਾਂ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਬਚਾਉਣ ਲਈ ਉਨ੍ਹਾਂ ਦੇ ਮੰਤਰੀ ਲਗਾਤਾਰ ਝੂਠ ਬੋਲ ਰਹੇ ਹਨ। ਇਥੋਂ ਤਕ ਕਿ ਸੰਸਦ ਵਿਚ ਝੂਠ ਬੋਲਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਰਖਿਆ ਮੰਤਰੀ ਨਿਰਮਲਾਸੀਤਾਰਮਨ ਨੇ ਪਹਿਲਾ ਝੂਠ ਇਹ ਬੋਲਿਆ ਕਿ ਦਸਾਲਟ ਅਤੇ ਐਚਏਐਲ ਵਿਚਕਾਰ ਕੋਈ ਕਰਾਰ ਨਹੀਂ ਹੋਇਆ।

ਸੀਤਾਰਮਨ ਦਾ ਦੂਜਾ ਝੂਠ ਇਹ ਹੈ ਕਿ ਉਨ੍ਹਾਂ ਨੂੰ ਪਤਾ ਹੀ ਨਹੀਂ ਹੈ ਕਿ ਦਸਾਲਟ ਦਾ ਆਫ਼ਸੈਟ ਪਾਟਨਰ ਕੌਣ ਹੈ। ਖੇੜਾ ਨੇ ਕਿਹਾ ਕਿ ਇਕ ਹੋਰ ਝੂਲ ਬੋਲਿਆ ਗਿਆ ਕਿ 526 ਕਰੋੜ ਰੁਪਏ ਦਾ ਜਹਾਜ਼ ਖ਼ਰੀਦਿਆ ਜਾ ਰਿਹਾ ਸੀ ਉਸ ਨਾਲ ਹਥਿਆਰ ਨਹੀਂ ਸਨ। ਜਦਕਿ ਸਚਾਈ ਇਹ ਹੈ ਕਿ ਉਹ ਇਹੀ ਜਹਾਜ਼ ਹਨ ਜਿਨ੍ਹਾਂ ਨੂੰ ਹੁਣ ਖ਼ਰੀਦਿਆ ਜਾ ਰਿਹਾ ਹੈ।