'ਮੇਰਾ ਬੇਟਾ ਕੁਲਵਿੰਦਰ ਸਿੰਘ ਮਰਿਆ ਨਹੀਂ ਸ਼ਹੀਦ ਹੋਇਆ ਹੈ'

'ਮੇਰਾ ਬੇਟਾ ਕੁਲਵਿੰਦਰ ਸਿੰਘ ਮਰਿਆ ਨਹੀਂ ਸ਼ਹੀਦ ਹੋਇਆ ਹੈ'

ਨੂਰਪੁਰ ਬੇਦੀ : ਜੰਮੂ ਕਸ਼ਮੀਰ ਵਿਚ ਬੀਤੇ ਦਿਨ ਸ਼ਹੀਦ ਹੋਏ ਨੂਰਪੁਰ ਬੇਦੀ ਨੇੜਲੇ ਪਿੰਡ ਰੋਲੀ ਦੇ ਜਵਾਨ ਸ਼ਹੀਦ ਕੁਲਵਿੰਦਰ ਸਿੰਘ ਨੂੰ ਅੱਜ ਹਜ਼ਾਰਾਂ ਨਮ ਅੱਖਾਂ ਨਾਲ ਅੰਤਮ ਵਿਧਾਇਗੀ ਦਿਤੀ ਗਈ। ਸ਼ਹੀਦ ਦਾ ਸਰਕਾਰੀ ਸਨਮਾਨਾਂ ਨਾਲ ਅੰਤਮ ਸਸਕਾਰ ਕੀਤਾ ਗਿਆ। ਸੋਗ ਵਜੋਂ ਸਮੁੱਚੇ ਨੂਰਪੁਰ ਬੇਦੀ ਖੇਤਰ ਦੇ ਵਪਾਰਕ ਅਦਾਰੇ ਬੰਦ ਰਹੇ। ਸੀ.ਆਰ.ਪੀ.ਐਫ਼. ਦੀ 84ਵੀਂ ਬਟਾਲਿਅਨ ਵਲੋਂ ਸ਼ਹੀਦ ਨੂੰ ਸਲਾਮੀ ਦਿਤੀ ਗਈ। ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰ ਪਾਲ ਸਿੰਘ ਨੇ ਇਸ ਮੌਕੇ ਸ਼ਹੀਦ ਦੇ ਪਰਵਾਰ ਨਾਲ ਦੁੱਖ ਵੰਡਾਇਆ ਅਤੇ ਸ਼ਹੀਦ ਦੀ ਯਾਦਗਾਰ ਬਣਾਉਣ ਦਾ ਐਲਾਨ ਵੀ ਕੀਤਾ।

ਡਿਪਟੀ ਕਮਿਸ਼ਨਰ ਡਾ. ਸੁਮੀਤ ਜਾਰੰਗਲ ਨੇ ਵੀ ਸ਼ਹੀਦ ਕੁਲਵਿੰਦਰ ਸਿੰਘ ਨੂੰ ਸ਼ਰਧਾਂ ਦੇ ਫੁਲ ਭੇਂਟ ਕੀਤੇ। ਇਸ ਮੌਕੇ ਸਾਬਕਾ ਸਿਖਿਆ ਮੰਤਰੀ ਡਾ ਦਲਜੀਤ ਸਿੰਘ ਚੀਮਾ, ਹਲਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ, ਪੰਜਾਬ ਕਾਂਗਰਸ ਦੇ ਸਾਬਕਾ ਸੂਬਾ ਸਕੱਤਰ ਤੇ ਅਸ਼ਵਨੀ ਸ਼ਰਮਾ ਆਦਿ ਹਾਜ਼ਰ ਸਨ।  ਸ਼ਹੀਦ ਦੇ ਕਿਸਾਨ ਪਿਤਾ ਨੇ ਅਪਣੀਆਂ ਅੱਖਾਂ ਦੇ ਹੰਝੂ ਨੂੰ ਰੋਕਦਿਆ ਕਿਹਾ ਕਿ ਮੇਰਾ ਬੇਟਾ ਮਰਿਆ ਨਹੀ ਸ਼ਹੀਦ ਹੋਇਆ ਹੈ। ਉਨ੍ਹਾਂ ਅਪਣਾ ਉਬਾਲਾ ਕਢਦਿਆ ਕਿਹਾ ਕਿ ਭਾਰਤ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਜਿਹੜੇ ਜੰਮੂ ਕਸ਼ਮੀਰ 'ਚ ਭਾਰਤੀ ਫ਼ੌਜ 'ਤੇ ਪਥਰਾਉ ਕਰਦੇ ਨੇ ਉਨ੍ਹਾਂ ਨੂੰ ਇਨ੍ਹਾਂ ਨਾਲ ਨਿਪਟਣ ਦੀ ਪੂਰੀ ਖੁਲ੍ਹ ਦਿਤੀ ਜਾਵੇ।

ਉਨ੍ਹਾਂ ਅਪਣੇ ਵਲੋਂ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਉਹ ਫ਼ੌਜ ਨੂੰ ਖੁਲ੍ਹ ਦੇਣ ਕਿ ਉਹ ਗੋਲੀ ਦਾ ਜਵਾਬ ਗੋਲੀ ਨਾਲ ਦਿਤਾ ਜਾਵੇ ਤਾਂ ਕਿ ਅਤਿਵਾਦ ਦਾ ਪੂਰੀ ਤਰ੍ਹਾਂ ਖ਼ਾਤਮਾ ਕੀਤਾ ਜਾ ਸਕੇ।