ਸ਼ਹੀਦ ਜੈਮਲ ਸਿੰਘ ਨੂੰ ਪੰਜ ਸਾਲ ਦੇ ਬੇਟੇ ਨੇ ਅਗਨੀ ਵਿਖਾਈ
Sun 17 Feb, 2019 0ਮੋਗਾ : ਪਿਛਲੇ ਦਿਨੀ ਜੰਮੂ ਕਸ਼ਮੀਰ ਦੇ ਪੁਲਵਾਮਾ ਖੇਤਰ ਵਿਚ ਹੋਏ ਹਮਲੇ ਵਿਚ 40 ਤੋਂ ਵੱਧ ਸੀ.ਆਰ.ਪੀ.ਐਫ਼ ਦੇ ਜਵਾਨ ਸ਼ਹੀਦ ਹੋ ਗਏ ਸਨ ਅਤੇ ਜਿਨ੍ਹਾਂ ਵਿਚ 4 ਜਵਾਨ ਪੰਜਾਬ ਦੇ ਸਨ ਅਤੇ ਸ਼ਹੀਦ ਜੈਮਲ ਸਿੰਘ ਵੀ ਇਨ੍ਹਾਂ ਵਿਚੋਂ ਇਕ ਸੀ ਜੋ ਕਿ ਪਿੰਡ ਗਲੋਟੀ ਨੇੜੇ ਕੋਟ ਈਸੇ ਖਾਂ (ਮੋਗਾ) ਦਾ ਵਸਨੀਕ ਸੀ। ਇਸ ਮੌਕੇ ਵਿਧਾਇਕ ਮੋਗਾ ਡਾ: ਹਰਜੋਤ ਕਮਲ, ਵਿਧਾਇਕ ਬਾਘਾਪੁਰਾਣਾ ਸ. ਦਰਸ਼ਨ ਸਿੰਘ ਬਰਾੜ, ਵਿਧਾਇਕ ਧਰਮਕੋਟ ਸ. ਸੁਖਜੀਤ ਸਿੰਘ ਲੋਹਗੜ੍ਹ, ਡਿਪਟੀ ਕਮਿਸ਼ਨਰ ਸੰਦੀਪ ਹੰਸ ਅਤੇ ਹੋਰ ਵੱਖ-ਵੱਖ ਰਾਜਸੀ, ਧਾਰਮਕ ਤੇ ਸਮਾਜਕ ਸਖਸ਼ੀਅਤਾਂ ਵਲੋਂ ਵੀ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ।
ਬਾਅਦ ਵਿਚ ਸਥਾਨਕ ਸਰਕਾਰ, ਸੈਰ ਸਪਾਟਾ ਬਾਰੇ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੇ ਸ਼ਹੀਦ ਦੇ ਪਰਵਾਰਕ ਮੈਂਬਰਾਂ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਦੇਸ਼ ਨੇ ਸ਼ਹੀਦ ਜੈਮਲ ਸਿੰਘ ਵਰਗੇ ਕਈ ਅਨਮੋਲ ਹੀਰੇ ਗਵਾਅ ਲਏ ਹਨ। ਇਸ ਮੌਕੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਸਾਬਕਾ ਕੈਬਨਿਟ ਮੰਤਰੀ ਜਥੇਦਾਰ ਤੋਤਾ ਸਿੰਘ ਅਤੇ ਰਾਜਵਿੰਦਰ ਕੌਰ ਭਾਗੀਕੇ ਵਲੋਂ ਸ਼ਹੀਦ ਦੀ ਦੇਹ 'ਤੇ ਫੁਲ ਮਾਲਾਵਾਂ ਭੇਟ ਕੀਤੀਆਂ। ਸੀ.ਆਰ.ਪੀ.ਐਫ਼ ਦੇ ਜਵਾਨਾਂ ਵਲੋਂ ਸੋਗਮਈ ਧੁਣ ਵਜਾਉਂਦੇ ਹੋਏ ਹਥਿਆਰ ਪੁੱਠੇ ਕਰਕੇ ਉਨ੍ਹਾਂ ਨੂੰ ਸਲਾਮੀ ਦਿਤੀ ਗਈ। ਇਸ ਸਮੇਂ ਮਹੋਲ ਉਸ ਵਕਤ ਗਮਗੀਣ ਹੋ ਗਿਆ
ਜਦੋਂ ਸ਼ਹੀਦ ਜੈਮਲ ਸਿੰਘ ਦੇ 5 ਸਾਲ ਦੇ ਪੁੱਤਰ ਨੇ ਅਪਣੇ ਪਿਤਾ ਨੂੰ ਨੰਨੇ-ਮੁੰਨੇ ਹੱਥਾਂ ਨਾਲ ਅਗਨੀ ਦੇ ਤੀਲੇ ਫੜ ਕੇ ਚਿਖਾ ਨੂੰ ਅੱਗ ਲਗਾਈ। ਇਹ ਦ੍ਰਿਸ਼ ਦੇਖ ਕੇ ਹਜ਼ਾਰਾਂ ਦੀ ਤਦਾਦ ਵਿਚ ਪਹੁੰਚੇ ਹਮਦਰਦ ਲੋਕਾਂ ਦੀਆਂ ਅੱਖਾ ਨਮ ਹੋ ਗਈਆਂ। ਇਸ ਸਮੇਂ ਹੋਰਨਾਂ ਤੋਂ ਵਿਧਾਇਕ ਕੁਲਬੀਰ ਸਿੰਘ ਜ਼ੀਰਾ, ਕੁਲਦੀਪ ਸਿੰਘ ਢੋਸ ਸੀਨੀਅਰ ਕਾਂਗਰਸੀ ਆਗੂ, ਬੀਬੀ ਜਗਰਦਸ਼ਨ ਕੌਰ ਤੋਂ ਇਲਾਵਾ ਹਜ਼ਾਰਾਂ ਦੀ ਗਿਣਤੀ ਵਿਚ ਇਲਾਕਾ ਵਾਸੀਆਂ ਤੋਂ ਇਲਾਵਾ ਪੁਲਿਸ ਅਤੇ ਪ੍ਰਸ਼ਾਸਨਕ ਅਧਿਕਾਰੀਆਂ ਵਲੋਂ ਹਾਜ਼ਰੀ ਲਾਈ ਗਈ।
Comments (0)
Facebook Comments (0)