ਮਸ਼ਹੂਰ ਪੰਜਾਬੀ ਗਾਇਕ ਅਤੇ ਤੂੰਬੀ ਦੇ ਨਿਰਮਾਤਾਉਸਤਾਦ ਲਾਲ ਚੰਦ ਯਮਲਾ ਜੱਟ ਦੇ ਸਪੁੱਤਰ ਜਸਦੇਵ ਯਮਲਾ ਜੱਟ ਦਾ ਸਨਿਚਰਵਾਰ ਤੜਕੇ ਇਸ ਦੁਨੀਆਂ ਨੂੰ ਅਲਵਿਦਾ ਆਖ ਗਏ
Sat 15 Sep, 2018 0ਰਵਨੀਤ ਲੁਧਿਆਣਵੀ
ਲੁਧਿਆਣਾ 15 ਸਤੰਬਰ 2018 :
ਮਸ਼ਹੂਰ ਪੰਜਾਬੀ ਗਾਇਕ ਅਤੇ ਤੂੰਬੀ ਦੇ ਨਿਰਮਾਤਾਉਸਤਾਦ ਲਾਲ ਚੰਦ ਯਮਲਾ ਜੱਟ ਦੇ ਸਪੁੱਤਰ ਜਸਦੇਵ ਯਮਲਾ ਜੱਟ ਦਾ ਸਨਿਚਰਵਾਰ ਤੜਕੇ ਇਸ ਦੁਨੀਆਂ ਨੂੰ ਅਲਵਿਦਾ ਆਖ ਗਏ। ਜਾਣਕਾਰੀ ਅਨੁਸਾਰ ਕੁੱਝ ਦਿਨ ਪਹਿਲਾਂ ਉਨ੍ਹਾਂ ਨੂੰ ਸਿਹਤ ਖ਼ਰਾਬ ਹੋਣ ਤੋਂ ਬਾਅਦ ਪਰਿਵਾਰ ਵਾਲਿਆਂ ਵਲੋਂ ਲੁਧਿਆਣਾ ਦੇ ਗੁਰੂ ਤੇਗ ਬਹਾਦਰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ, ਜਿਥੇ ਹਾਲਤ ਵਧੇਰੇ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਲੁਧਿਆਣਾ ਦੇ ਸੀਐਮਸੀ ਹਸਪਤਾਲ ਵਿਚ ਰੈਫ਼ਰ ਕੀਤਾ ਗਿਆ ਪਰ ਰਸਤੇ ਵਿਚ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਦਾ ਅੰਤਿਮ ਸਸਕਾਰ ਅੱਜ ਬਾਅਦ ਦੁਪਹਿਰ ਲਗਪਗ ਤਿੰਨ ਵਜੇ ਕੀਤਾ ਜਾਵੇਗਾ।
Punjabi Singer Jasdev Yamla Jatt
ਦਸ ਦਈਏ ਕਿ ਹਿੰਦ-ਪਾਕਿ ਦੀ ਸਾਂਝੀ ਲੋਕ ਸੰਗੀਤ ਦੀ ਵਿਰਾਸਤ ਨੂੰ ਸਹੇਜਣ ਵਾਲੀ ਗਾਇਕ ਜੋੜੀ ਜਸਦੇਵ ਯਮਲਾ ਅਤੇ ਉਨ੍ਹਾਂ ਦੀ ਪਤਨੀ ਸਰਬਜੀਤ ਚਿਮਟੇਵਾਲੀ ਇਨ੍ਹਾਂ ਦਿਨਾਂ ਤੋਂ ਆਰਥਿਕ ਸਮੱਸਿਆ ਨਾਲ ਜੂਝ ਰਹੇ ਸਨ। ਲੋਕ ਗਾਇਕ ਉਸਤਾਦ ਯਮਲਾ ਜੱਟ ਦੇ ਬੇਟੇ ਜਸਦੇਵ ਯਮਲਾ ਗੰਭੀਰ ਬਿਮਾਰੀ ਦੇ ਚਲਦਿਆਂ ਹੀਰੋ ਡੀਐਮਸੀ ਹਾਰਟ ਇੰਸਟੀਚਿਊਟ ਵਿਚ ਦਾਖ਼ਲ ਰਹੇ ਸਨ। ਉਥੇ ਪਤੀ ਦੇ ਇਲਾਜ ਦਾ ਖ਼ਰਚਾ ਚੁੱਕਣ ਵਿਚ ਨਾਕਾਮ ਸਰਬਜੀਤ ਮਦਦ ਦੀ ਆਸ ਲਾਈ ਬੈਠੀ ਸੀ।
Jasdev Yamla Jatt
ਦਸ ਦਈਏ ਕਿ ਤੂੰਬੀ ਦੇ ਤਾਰ ਛੇੜ ਕੇ ਅਪਣੇ ਸੁਰਾਂ ਦੇ ਨਾਲ ਉਸ ਨੂੰ ਨਵੀਂ ਪਛਾਣ ਦੇਣ ਵਾਲੇ ਉਸਤਾਦ ਯਮਲਾ ਜੱਟ ਦੇ ਨਾਲ ਕਦੇ ਮਸ਼ਹੂਰ ਪਾਕਿਸਤਾਨੀ ਗਾਇਕ ਆਲਮ ਲੋਹਾਰ ਨੇ ਅਪਣੇ ਚਿਮਟੇ ਨਾਲ ਸੰਗਤ ਕੀਤੀ ਸੀ। ਉਸੇ ਰਵਾਇਤ ਨੂੰ ਜ਼ਿੰਦਾ ਰੱਖਣ ਦਾ ਕੰਮ ਉਸਤਾਦ ਯਮਲਾ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਚੌਥੇ ਬੇਟੇ ਜਸਦੇਵ ਅਤੇ ਨੂੰਹ ਸਰਬਜੀਤ ਨੇ ਕੀਤਾ। ਜਦ ਸੱਭਿਆਚਾਰਕ ਅਖਾੜੇ ਵਿਚ ਇਹ ਜੋੜੀ ਸਮਾਂ ਬੰਨ੍ਹਦੀ ਹੈ ਤਾਂ ਲੋਕ ਸੰਗੀਤ ਦੇ ਪੁਰਾਣੇ ਕਦਰਦਾਨਾਂ ਦੇ ਦਿਲ ਵਿਚ ਯਮਲਾ-ਆਲਮ ਦੀ ਸੰਗੀਤ ਦੇ ਪਲ ਤਾਜ਼ਾ ਹੋ ਜਾਂਦੇ ਹਨ।
Ustad Lal Chand Yamla Jatt
ਇਨ੍ਹਾਂ ਯਾਦਗਾਰ ਪਲਾਂ ਨੂੰ ਸਾਂਝਾ ਕਰਦੇ ਸਰਬਜੀਤ ਅਕਸਰ ਜਜ਼ਬਾਤੀ ਹੋ ਕੇ ਦੱਸਣ ਲਗਦੀ ਕਿ ਇਸੇ ਜਜ਼ਬੇ ਦੇ ਨਾਲ ਉਨ੍ਹਾਂ ਦੇ ਪਤੀ ਪਿਛਲੇ ਪਿਛਲੇ ਸਾਲ ਨਵੰਬਰ ਵਿਚ ਪਾਕਿਸਤਾਨ ਦੇ ਲੋਕ ਸੰਗੀਤ ਸਮਾਗਮ ਵਿਚ ਗਏ ਸੀ। ਪਿਛਲੇ ਦਿਨੀਂ ਅਮਰੀਕਾ ਵਿਚ ਉਸਤਾਦ ਯਮਲਾ ਦੀ ਯਾਦ ਵਿਚ ਰੱਖੇ ਮੇਲੇ ਵਿਚ ਗਾ ਕੇ ਪਰਤੇ ਜਸਦੇਵ ਦੋ ਹਫ਼ਤੇ ਪਹਿਲਾਂ ਗੰਭੀਰ ਬਿਮਾਰ ਹੋ ਗਏ ਸਨ। ਇਸ ਤੋਂ ਬਾਅਦ ਉਹ ਕਰੀਬ 10 ਦਿਨਾਂ ਤਕ ਜੀਟੀਬੀ ਹਸਪਤਾਲ ਵਿਚ ਦਾਖ਼ਲ ਰਹੇ ਅਤੇ ਫਿਰ ਹਾਲਤ ਜ਼ਿਆਦਾ ਖ਼ਰਾਬ ਹੋਣ ਤੋਂ ਬਾਅਦ ਉਨ੍ਹਾਂ ਨੂੰ ਲੁਧਿਆਣਾ ਦੇ ਡੀਐਮਸੀ ਹਸਪਤਾਲ ਲਿਆਉਣਾ ਪਿਆ ਸੀ।
ਯਮਲਾ ਪਰਿਵਾਰ ਦੀ ਲੋਕ ਸੰਗੀਤ ਵਿਰਾਸਤ ਨੂੰ ਬਚਾਉਣ ਵਾਲੇ ਜਸਦੇਵ ਯਮਲਾ ਦੀ ਹਾਲਤ ਨਾਜ਼ੁਕ ਹੋਣ ਦਾ ਪਤਾ ਚਲਦੇ ਹੀ ਲੋਕ ਗਾਇਕ ਮੁਹੰਮਦ ਸਦੀਕ ਵੀ ਉਸ ਸਮੇਂ ਦੌਰਾਨ ਜਸਦੇਦ ਯਮਲਾ ਦਾ ਹਾਲ ਚਾਲ ਜਾਣਨ ਲਈ ਹਸਪਤਾਲ ਪਹੁੰਚੇ ਸਨ। ਅੱਜ ਜਸਦੇਵ ਯਮਲਾ ਜੱਟ ਭਾਵੇਂ ਸਾਨੂੰ ਸਦਾ ਲਈ ਅਲਵਿਦਾ ਆਖ ਗਏ ਹਨ ਪਰ ਉਹ ਅਪਣੇ ਗਾਏ ਗੀਤਾਂ ਦੀ ਵਜ੍ਹਾ ਨਾਲ ਸਦਾ ਪੰਜਾਬੀਆਂ ਦੇ ਦਿਲਾਂ ਵਿਚ ਜਿੰਦਾ ਰਹਿਣਗੇ।
Comments (0)
Facebook Comments (0)