ਲੜਕੀ ਨੂੰ ਬਚਾਉਣ ਦੀ ਕੀਤੀ ਕੋਸ਼ਿਸ਼,ਬਣਿਆ ਗੋਲੀ ਦਾ ਸ਼ਿਕਾਰ

ਲੜਕੀ ਨੂੰ ਬਚਾਉਣ ਦੀ  ਕੀਤੀ ਕੋਸ਼ਿਸ਼,ਬਣਿਆ ਗੋਲੀ ਦਾ ਸ਼ਿਕਾਰ

ਚੰਡੀਗੜ੍ਹ: ਪੰਚਕੂਲਾ ਵਿਚ ਨਾਰਥ ਪਾਰਕ ਹੋਟਲ ਕੋਲ 29 ਸਾਲ ਦੇ ਇਕ ਵਿਅਕਤੀ 'ਤੇ ਗੋਲੀ ਚੱਲਣ ਦ ਮਾਮਲਾ ਸਾਹਮਣੇ ਆਇਆ ਹੈ। ਇਸ ਵਿਅਕਤੀ ਦਾ ਨਾਮ ਫਤਿਹ ਸਿੰਘ ਹੈ ਜੋ ਕਿ ਪਟਿਆਲਾ ਦਾ ਨਿਵਾਸੀ ਹੈ। ਉਹ ਅਪਣੇ ਦੋਸਤਾਂ ਨਾਲ ਨਾਰਥ ਪਾਰਕ ਹੋਟਲ ਦੀ ਪਾਰਕਿੰਗ ਵਿਚ ਖੜ੍ਹਾ ਸੀ। ਉੱਥੇ ਉਸ ਨੇ ਦੇਖਿਆ ਕਿ ਇਕ ਲੜਕਾ ਲੜਕੀ ਨੂੰ ਕੁੱਟ ਰਿਹਾ ਹੈ। ਉਸ ਨੇ ਲੜਕੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਉਹਨਾਂ ਵਿਚ ਲੜਾਈ ਹੋ ਗਈ।ਇਸ ਲੜਾਈ ਵਿਚ ਉਸ ਅਣਜਾਣ ਵਿਅਕਤੀ ਦੇ ਦੋਸਤਾਂ ਨੇ ਫਤਿਹ ਸਿੰਘ ਤੇ ਗੋਲੀ ਚਲਾ ਦਿੱਤੀ। ਉਸ ਨੂੰ ਹੁਣ ਸਿਵਿਲ ਹਸਪਤਾਲ ਸੈਕਟਰ 6 ਵਿਚ ਦਾਖ਼ਲ ਕਰਵਾਇਆ ਗਿਆ ਹੈ। ਇੱਥੋਂ ਉਸ ਨੂੰ ਪੀਜੀਆਈ ਰੈਫ਼ਰ ਕੀਤਾ ਗਿਆ ਹੈ। ਉਸ ਦੀ ਹਾਲਤ ਗੰਭੀਰ ਦੱਸੀ ਗਈ ਹੈ। ਪੰਚਕੂਲਾ ਦੇ ਮਾਜਰੀ ਚੌਂਕ ਨਿਵਾਸੀ ਜਗਵਿੰਦਰ ਸਿੰਘ ਨੇ ਪੁਲਿਸ ਨੂੰ ਅਪਣੀ ਸ਼ਿਕਾਇਤ ਵਿਚ ਕਿਹਾ ਕਿ ਉਹ ਅਤੇ ਉਸ ਦੇ ਦੋਸਤ ਮਨੀਮਾਜਰਾ ਦੇ ਸੈਂਡੀ, ਸੁੱਖ ਅਤੇ ਅਤੇ ਦੀਪ ਜੋ ਕਿ ਅੰਮ੍ਰਿਤਸਰ ਨਿਵਾਸੀ ਹਨ ਅਪਣੇ ਵਾਹਨਾਂ ਦੇ ਪਿੱਛੇ ਖੜ੍ਹੇ ਸਨ। ਹੋਟਲ ਦੀ ਪਾਰਕਿੰਗ ਵਿਚ ਦੋ ਲੜਕੀਆਂ ਅਤੇ ਇਕ ਲੜਕਾ ਵੀ ਖੜ੍ਹੇ ਸਨ।

ਫ਼ਤਿਹ ਸਿੰਘ ਨੇ ਦੇਖਿਆ ਕਿ ਲੜਕਾ ਲੜਕੀ ਨੂੰ ਕੁੱਟ ਰਿਹਾ ਹੈ। ਉਸ ਨੇ ਉਸ ਅਣਜਾਣ ਵਿਅਕਤੀ ਨੂੰ ਪੁਛਿਆ ਕਿ ਉਹ ਲੜਕੀ ਨੂੰ ਕਿਉਂ ਕੁੱਟ ਰਿਹਾ ਹੈ। ਉਸ ਲੜਕੇ ਨੇ ਫਤਿਹ ਸਿੰਘ ਨੂੰ ਕੁੱਝ ਨਾ ਦਸਿਆ ਪਰ ਲੜਕੀ ਨੇ ਦਸਿਆ ਕਿ ਉਹਨਾਂ ਵਿਚ ਕਿਸੇ ਵੀ ਤਰ੍ਹਾਂ ਦਾ ਕੋਈ ਝਗੜਾ ਨਹੀਂ ਹੋਇਆ। ਇਸ ਦੌਰਾਨ ਉਸ ਲੜਕੇ ਅਤੇ ਫਤਿਹ ਸਿੰਘ ਵਿਚ ਝਗੜਾ ਸ਼ੁਰੂ ਹੋ ਗਿਆ। ਇਸ ਝਗੜੇ ਨੂੰ ਰੋਕਣ ਲਈ ਪੀਸੀਆਰ ਪੁਲਿਸ ਮੌਕੇ 'ਤੇ ਪਹੁੰਚ ਗਈ।

ਫਤਿਹ ਸਿੰਘ ਅਤੇ ਉਸ ਦੇ ਦੋਸਤ ਭੱਜ ਕੇ ਰੋਡ 'ਤੇ ਆ ਗਏ। ਜਿਸ ਨਾਲ ਫਤਿਹ ਸਿੰਘ ਦਾ ਝਗੜਾ ਹੋਇਆ ਸੀ ਉਹ ਅਤੇ ਉਸ ਦੇ ਸਾਥੀਆਂ ਨੇ ਫਤਿਹ ਸਿੰਘ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਅਤੇ ਉਹਨਾਂ ਵਿਚੋਂ ਇਕ ਨੇ ਫਤਿਹ ਸਿੰਘ ਦੀ ਛਾਤੀ 'ਤੇ ਗੋਲੀ ਮਾਰ ਦਿੱਤੀ। ਫਿਰ ਉਸ ਨੇ ਇਕ ਹੋਰ ਗੋਲੀ ਮਾਰੀ ਪਰ ਉਸ ਸਮੇ ਪੀੜਤ ਹੇਠਾਂ ਡਿੱਗ ਗਿਆ ਅਤੇ ਗੋਲੀ ਉਸ ਦੇ ਸਿਰ ਤੋਂ ਲੰਘ ਗਈ। ਗੋਲੀ ਚਲਾਉਣ ਤੋਂ ਬਾਅਦ ਉਹਨਾਂ ਵਿਚੋਂ ਕੁੱਝ ਲੋਕ ਮੌਕੇ 'ਤੇ ਭੱਜ ਗਏ।

ਚੰਡੀਮੰਦਿਰ ਪੁਲਿਸ ਨੇ ਅਣਜਾਣ ਵਿਅਕਤੀਆਂ ਵਿਰੁਧ ਆਈਪੀਸੀ ਦੀ ਧਾਰਾ 307, 323 ਅਤੇ 34 ਅਤੇ ਹਥਿਆਰ ਕਾਨੂੰਨ ਦੀ ਧਾਰਾ 25 ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਸ਼ੱਕੀ ਅਨਿਰ ਜਿੰਦਲ, ਜ਼ੀਰਕਪੁਰ ਦੇ ਨਿਵਾਸੀ ਨੂੰ ਫਤਿਹ ਸਿੰਘ ਦੇ ਗੋਲੀ ਮਾਰਨ ਅਤੇ ਜ਼ਖ਼ਮੀ ਕਰਨ ਦੇ ਮਾਮਲੇ ਵਿਚ ਗ੍ਰਿਫ਼ਤਾਰ ਕਰ ਲਿਆ ਹੈ। ਉਸ ਦੀ ਪਿਸਤੌਲ ਵੀ ਜ਼ਬਤ ਕਰ ਲਈ ਗਈ ਹੈ।