ਹੁਸ਼ਿਆਰਪੁਰ 'ਚ ਵੇਖਣ ਨੂੰ ਮਿਲੀਆਂ 'ਅੰਬ ਚੂਪ ਮੇਲੇ' ਦੀਆਂ ਰੌਣਕਾਂ
Fri 12 Jul, 2019 0ਹੁਸ਼ਿਆਰਪੁਰ: ਪ੍ਰਸਿੱਧ ਪੰਜਾਬੀ ਸਾਹਿਤਕਾਰ ਐਮ ਐਸ ਰੰਧਾਵਾ ਦੀ ਯਾਦ ਵਿੱਚ ਜ਼ਿਲ੍ਹਾ ਹੁਸ਼ਿਆਰਪੁਰ ਦੇ ਕਸਬਾ ਸ਼ਾਮ ਚੁਰਾਸੀ ਦੇ ਪਿੰਡ ਭੂੰਗਾ ਵਿੱਚ 'ਅੰਬ ਚੂਪ ਮੇਲਾ' ਕਰਵਾਇਆ ਗਿਆ।
ਇਸ ਵਿਚ ਪੰਜਾਬੀ ਸੱਭਿਆਚਾਰ ਅਤੇ ਸਾਹਿਤਕਾਰ ਨਾਲ ਸਬੰਧਿਤ ਬੁੱਧੀਜੀਵੀਆਂ ਨੇ ਸ਼ਿਰਕਤ ਕੀਤੀ ਅਤੇ ਅੰਬਾਂ ਦਾ ਆਨੰਦ ਮਾਣਿਆ। ਮੇਲੇ 'ਚ ਪੰਜਾਬੀ ਦੇ ਨਾਮਵਰ ਸਾਹਿਤਕਾਰ ਐਮ ਐਸ ਰੰਧਾਵਾ ਨੂੰ ਯਾਦ ਕਰਦਿਆਂ ਉਨ੍ਹਾਂ ਦੇ ਸਾਹਿਤ ਦੇ ਖੇਤਰ 'ਚ ਪਾਏ ਗਏ ਯੋਗਦਾਨ ਨੂੰ ਯਾਦ ਕੀਤਾ ਗਿਆ। ਮੇਲੇ ਦੀ ਮੇਜ਼ਬਾਨੀ ਅਵਤਾਰ ਓਠੀ, ਗੁਰਬਚਨ ਗਿੱਲ ਅਤੇ ਬਲਜੀਤ ਬੱਲੀ ਨੇ ਕੀਤੀ।
ਮੀਡੀਆ ਨਾਲ ਗੱਲਬਾਤ ਦੌਰਾਨ ਜਿੱਥੇ ਪੰਜਾਬੀ ਦੇ ਸਾਹਿਤਕਾਰ ਬਲਜੀਤ ਬੱਲੀ ਨੇ ਕਿਹਾ ਕਿ ਇਸ ਅੰਬ ਚੁਪ ਮੇਲੇ ਨਾਲ ਉਨ੍ਹਾਂ ਦੀ ਬਚਪਨ ਦੀ ਯਾਦ ਤਾਜ਼ਾ ਹੋ ਗਈ ਹੈ ਉੱਥੇ ਹੀ ਸਾਹਿਤਕਾਰ ਗੁਰਭਜਨ ਗਿੱਲ ਨੇ ਦੱਸਿਆ ਕਿ ਇਹ ਮੇਲੇ ਹੁਣ ਹਰ ਸਾਲ ਐਮ ਐਸ ਰੰਧਾਵਾ ਦੀ ਯਾਦ 'ਚ ਲਗਾਇਆ ਜਾਵੇਗਾ। ਮੇਲੇ ਦੀ ਮੇਜ਼ਬਾਨੀ ਕਰ ਰਹੇ ਗੁਰਕਮਲ ਸਿੰਘ ਨੇ ਦੱਸਿਆ ਕਿ ਡਾ. ਰੰਧਾਵਾ ਨੂੰ ਅੰਬਾਂ ਨਾਲ ਬਹੁਤ ਪਿਆਰ ਸੀ ਇਸੇ ਕਾਰਨ ਹੀ ਉਨ੍ਹਾਂ ਦੀ ਯਾਦ 'ਚ ਇਹ 'ਅੰਬ ਚੁਪ ਮੇਲਾ' ਲਗਾਇਆ ਗਿਆ ਹੈ।
ਜ਼ਿਕਰਯੋਗ ਹੈ ਕਿ ਇੱਕ ਸਮਾਂ ਸੀ ਜਦੋਂ ਹੁਸ਼ਿਆਰਪੁਰ ਨੂੰ 'ਅੰਬਾ ਦਾ ਸ਼ਹਿਰ' ਦੇ ਨਾਂ ਨਾਲ ਜਾਣਿਆ ਜਾਂਦਾ ਸੀ ਪਰ ਸਮਾਂ ਬੀਤਣ ਦੇ ਨਾਲ ਨਾਲ ਕਿਸਾਨਾਂ ਨੇ ਅੰਬਾਂ ਦੀ ਫ਼ਸਲ 'ਤੋਂ ਮੂੰਹ ਮੋੜ ਲਿਆ, ਅਤੇ ਅੰਬਾਂ ਦੀ ਥਾਂ ਹੋਰ ਫ਼ਸਲਾਂ ਨੇ ਲੈ ਲਈ। ਬੇਸ਼ਕ ਵਾਤਾਵਰਣ ਵਿਚ ਆਏ ਬਦਲਾਅ ਨੇ ਇਨਸਾਨ ਨੂੰ ਚਿੰਤਾ ਵਿਚ ਪਾ ਦਿੱਤਾ ਹੈ ਪਰ ਅੱਜ ਵੀ ਸ਼ਹਿਰਵਾਸੀ ਆਪਣੇ ਆਪ ਨੂੰ ਫਲਾਂ ਦੇ ਰਾਜਾ ਅੰਬਾਂ ਦੇ ਸ਼ਹਿਰ ਨਾਲ ਹੀ ਜਾਨਣਾ ਪਸੰਦ ਕਰਦੇ ਹਨ।
Comments (0)
Facebook Comments (0)