"ਬੁੱਲਿਆ"--------ਅਨੀਤਾ ਸਹਿਗਲ

"ਬੁੱਲਿਆ"--------ਅਨੀਤਾ ਸਹਿਗਲ

 

ਐ!ਹਵਾ ਦਿਆ ਬੁੱਲਿਆ!
ਸਭਨਾਂ ਦੇ ਤੂੰ ਹਿਰਦੇ ਠਾਰੇ,
ਹੁੰਮਸ ਭਰੇ ਗੁਬਾਰ ਦੇ ਵਿਹੜੇ,
ਦਮ ਮੇਰਾ ਕਿੰਝ ਘੁੱਟਦਾ ਜਾਵੇ।
-----------------
ਕਾਸ਼!ਕਿਤੇ ਮੀਂਹ ਭਿੱਜੀ ਪੌਣ ਸੰਗ,
ਤੂੰ ਵਿਹੜੇ ਦੇ ਵਿੱਚ ਦਸਤਕ ਦਿੰਦਾ।
ਕੁਝ ਸੁਣ ਲੈਂਦਾ ਦਿਲ ਮੇਰੇ ਦੀ,
ਕੁਝ ਮੈਨੂੰ ਆਪਣੀ ਕਹਿ ਲੈਂਦਾ।
------------------
ਕਾਸ਼! ਮੇਰੇ ਅਣਕਿਹੇ ਗੀਤਾਂ ਨੂੰ
ਸੁਣ ਲੈਂਦਾ ਤੂੰ ਨੀਝਾਂ ਲਾ ਕੇ।
ਬੇਤੁੱਕੇ ਤੇ ਬੇਤਰਤੀਬੇ,
ਹਰਫ਼ ਜੋ ਰੁਲਦੇ ਫਿਰਨ ਖਿਲਾਰੇ।
-------------------
ਕਾਸ਼!ਕਿਤੇ ਇੱਕ ਪਲ ਲਈ ਤੂੰ ਜੇ,
ਦਿਲੀ ਜਜ਼ਬਾਤਾਂ ਨੂੰ ਬੈਠ ਨਿਹਾਰੇ।
ਹਾਲਤ ਮੇਰੀ ਕੱਖੋਂ ਹੌਲ਼ੀ,
ਦੁੱਬੇ ਘੁੱਟੇ ਅਲਫ਼ਾਜ਼ ਬੇਚਾਰੇ।
-----------------
ਕਾਸ਼!ਕਿਤੇ ਤੂੰ ਜਾਵਣ ਲੱਗਿਆਂ,
ਪਿਛਾਂਹ ਨੂੰ ਦੇਖ ਕੇ ਝਾਤੀ ਮਾਰੇਂ।
ਹੰਝੂ ਭਿੱਜੇ ਅਹਿਸਾਸ ਜੋ ਮੇਰੇ,
ਰੁਕਣੇ ਲਈ ਤੈਨੂੰ ਅਵਾਜ਼ਾਂ ਮਾਰੇ।
-----------------
ਕਾਸ਼!ਕਿਤੇ ਤੂੰ ਮੇਰੇ ਵਾਂਕਣ,
ਰੋ ਕੇ ਹੁੰਦੇ ਵਕਤ ਗੁਜ਼ਾਰੇ,
ਤੇਰੇ ਸਾਹਵੇਂ ਇਸ ਬੇਵੱਸ ਦੇ,
ਫਿਰ ਨਾ ਹੁੰਦੇ ਹਿਰਖ ਕੁਵਾਰੇ।
-----------------

ਕਾਸ਼!ਹਵਾ ਦਿਆ ਬੁੱਲਿਆ,
ਦਰ ਮੇਰੇ ਹੁੰਦਾ ਝੁੱਲਿਆ,
ਓਏ ਬੁੱਲਿਆ!ਓਏ ਬੁੱਲਿਆ!
-------------
✒ਅਨੀਤਾ ਸਹਿਗਲ
(
anitasehgal0786@gmail.com)