ਚੰਦਰਯਾਨ-2 ਮਿਸ਼ਨ ਅਤੇ ਭਾਰਤੀ ਹਾਕਮਾਂ ਦੇ ਇਰਾਦੇ

ਚੰਦਰਯਾਨ-2 ਮਿਸ਼ਨ ਅਤੇ ਭਾਰਤੀ ਹਾਕਮਾਂ ਦੇ ਇਰਾਦੇ

 

ਚੰਦਰਯਾਨ-2 ਭਾਵੇਂ ਆਪਣੇ ਸਫ਼ਰ ਦੀ ਸਫ਼ਲਤਾ ਦੇ ਬਾਵਜੂਦ ਅਾਪਣੇ ਮਿਸ਼ਨ ਵਿੱਚ ਫੇਲ ਹੋ ਗਿਆ ਅਤੇ ਭਾਰਤੀ ਹਾਕਮਾਂ ਤੇ ਉਸ ਦੇ ਸਾਮਰਾਜ ਪੱਖੀ ਮੀਡੀਆ ਨੇ ਚੰਦਰਯਾਨ-2 ਦੇ ਛੱਡੇ ਜਾਣ ਤੋਂ ਕਈ ਦਿਨ ਪਹਿਲਾਂ ਹੀ ਹੋ-ਹੱਲਾ ਮਚਾਇਆ ਹੋਇਆ ਸੀ। ਹਾਕਮ ਜਮਾਤ ਦੇ ਦੋ ਪ੍ਰਮੁੱਖ ਨੁਮਾਇੰਦੇ ਚੰਦਰਯਾਨ-2 ਦੀ ਉਡਾਨ ਅਤੇ ਉਸ ਦੁਆਰਾ ਚੰਦਰਮਾਂ ਦੀ ਧਰਾਤਲ ਤੇ ਉਤਰਨ ਵਾਲੇ ਲੈਂਡਰੋਵਰ ਵਿਕਰਮ ਦੇ ਗਵਾਹ ਬਣਨ ਨੂੰ ਤਿਆਰ ਸਨ ਪਰ ਉਨ੍ਹਾਂ ਨੂੰ ਇਹ ਲੁੱਤਫ ਨਹੀਂ ਮਿਲ ਸਕਿਆ। ਦੇਸ਼ ਦੇ ਰਾਸ਼ਟਰਪਤੀ ਨੂੰ ਉਸ ਸਮੇਂ ਵਾਪਸ ਦਿੱਲੀ ਅਾਉਣਾ ਪਿਅਾ ਜਦ ਚੰਦਰਯਾਨ-2 ਪੁਲਾੜ ਵਿੱਚ ਛੱਡੇ ਜਾਣ ਵਾਲਾ ਸੀ। ਕੁਝ ਤਕਨੀਕੀ ਗੜਬੜ ਹੋਣ ਕਾਰਨ ਅੰਤਿਮ ਮੌਕੇ ਹੀ ਤਜਰਬਾ ਰੋਕਣਾ ਪਿਆ ਸੀ। ਬਾਅਦ ਵਿੱਚ ਚੰਦਰਯਾਨ-2 ਸਫਲਤਾਪੂਰਵਕ ਪੁਲਾੜ ਵਿੱਚ ਛੱਡਿਅਾ ਗਿਅਾ ਪਰ ਉਸ ਸਮੇਂ ਰਾਸ਼ਟਰਪਤੀ ਇਸਰੋ (ਭਾਰਤੀ ਅੰਤਰਿਕਸ਼ ਖੋਜ ਕੇਂਦਰ) ਦੇ ਮੁੱਖ ਦਫ਼ਤਰ ਵਿੱਚ ਮੌਜੂਦ ਨਹੀਂ ਸਨ ਅਤੇ ਨਰਿੰਦਰ ਮੋਦੀ ਜੀ ਜਿਹਨਾਂ ਨੂੰ  ਇਤਿਹਾਸ ਪੁਰਸ਼ ਬਣਨ ਦੀ ਬਹੁਤ ਕਾਹਲੀ ਹੈ, ਉਨ੍ਹਾਂ ਦੀ ਹਾਜ਼ਰੀ ਵਿੱਚ ਚੰਦਰਯਾਨ-2 ਨਾਲ ਚੰਦਰ ਤਲ ਤੇ ਉੱਤਰਨ ਵਾਲੇ ਲੈਂਡਰੋਵਰ "ਵਿਕਰਮ" ਨਾਲ ਅੰਤਿਮ ਸਮੇਂ ਵਿੱਚ ਇਸਰੋ ਦਾ ਸੰਪਰਕ ਹੀ ਟੁੱਟ ਗਿਆ ਅਤੇ ਖੁਸ਼ੀ ਦੀ ਥਾਂ ਅਫ਼ਸੋਸ ਨੇ ਲੈ ਲਈ। ਵਿਗਿਆਨਕ ਤਜਰਬਿਆਂ ਦੀ ਸਫਲਤਾ ਦੇ ਨਾਲ ਰਾਸ਼ਟਰੀ ਗੌਰਵ ਦੀ ਅਾਕਾਸ਼ ਛੂੰਹਦੀ ਇਮਾਰਤ ਖੜ੍ਹਾ ਕਰਨ ਦਾ ਯਤਨ ਅਸਫਲ ਹੋ ਗਿਆ। ਅੈਸਾ ਹੀ ਕੁਝ ਦਿਨ ਪਹਿਲਾਂ ਇਜ਼ਰਾਇਲ ਦੇ ਨਾਲ ਹੋਇਆ। ਇੱਥੇ ਵੀ ਮੋਦੀ ਦੇ ਮਿੱਤਰ ਬੈਂਜਾਮਿਨ ਨੇਤ੍ਹਾਨਾਹੂ ਨੂੰ ਆਪਣੇ ਤਮਾਸ਼ੇ ਵਿੱਚ ਮਾਯੂਸੀ ਹੱਥ ਲੱਗੀ ਸੀ। ਵਿਗਿਆਨਕ ਤਜਰਬੇ ਮਾਨਵ ਜਾਤੀ ਦੇ ਗਿਆਨ ਦੇ ਤਿੰਨਾਂ ਮੁੱਖ ਸਰੋਤਾਂ ਵਿੱਚੋਂ ਇੱਕ ਹਨ। ਪੈਦਾਵਾਰ,ਜਮਾਤੀ ਸੰਘਰਸ਼ ਤੇ ਵਿਗਿਆਨ ਤਜ਼ਰਬੇ ਮਨੁੱਖੀ ਗਿਆਨ ਦੇ ਤਿੰਨ ਸਰੋਤ ਹਨ। ਹੋਣਾ ਤਾਂ ਇਹ ਚਾਹੀਦਾ ਸੀ ਕਿ ਵਿਗਿਆਨ ਦੇ ਖੇਤਰ ਵਿੱਚ ਹੋਣ ਵਾਲੇ ਕੰਮ ਪੂਰੀ ਮਾਨਵ ਜਾਤੀ ਦੀ ਮਾਲਕੀ ਬਣਦੇ, ਪਰ ਸਰਮਾਏਦਾਰੀ ਨਿਜ਼ਾਮ ਵਿੱਚ ਵਿਗਿਆਨ ਹਾਕਮ ਜਮਾਤ ਦੇ ਹੱਥ ਦਾ ਖਿਡੌਣਾ ਬਣਿਆ ਹੋਇਆ ਹੈ। ਉਹ ਉਸ ਨੂੰ ਆਪਣੀ ਪੂੰਜੀ ਦੇ ਰਿਮੋਟ ਕੰਟਰੋਲ ਦੇ ਜ਼ਰੀਏ ਚਲਾਉਂਦੇ ਹਨ। ਉਨ੍ਹਾਂ ਦੇ ਘਿ੍ਣਤ ਹਿੱਤ, ਨਾਪਾਕ ਮਨਸੂਬੇ ਵਿਗਿਆਨ ਦੇ ਵਰਤਮਾਨ ਅਤੇ ਭਵਿੱਖ ਤੈਅ ਕਰ ਰਹੇ ਹਨ। ਉਨ੍ਹਾਂ ਵੱਲੋਂ ਵੀ ਵਿਗਿਆਨ ਜਗਤ ਦੀ ਦਿਸ਼ਾ ਅਤੇ ਤਰਜੀਹਾਂ ਤਹਿ ਹੁੰਦੀਆਂ ਹਨ ਅਤੇ ਉਹ ਹੀ ਵਿਗਿਆਨ ਤੋਂ ਹਾਸਲ ਹੋਣ ਵਾਲੇ ਫਲਾਂ ਦਾ ਰਸ ਚੂਸਦੇ ਹਨ। ਉਹ ਹੀ ਇਹ ਤੈਅ ਕਰਦੇ ਹਨ ਕਿ ਮਜ਼ਦੂਰਾਂ-ਮਿਹਨਤਕਸ਼ਾਂ ਨੂੰ ਕੀ ਪ੍ਰਾਪਤ ਹੋਵੇਗਾ ਕੀ ਨਹੀਂ। ਹੈ ਅਤੇ ਭਾਰਤ ਵਰਗੇ ਦੇਸ਼ ਵਿੱਚ ਜਿੱਥੇ ਧਾਰਮਿਕ ਕੱਟੜਤਾ ਅਤੇ ਅੰਧ ਵਿਸ਼ਵਾਸ ਦਾ ਬੋਲਬਾਲਾ ਹੈ, ਉੱਥੇ ਵਿਗਿਆਨਕ ਤਜ਼ਰਬੇ ਵੀ ਇਨ੍ਹਾਂ ਦੇ ਹਵਾਲੇ ਹਨ। ਇਸਰੋ ਪ੍ਰਮੁੱਖ ਵਿਗਿਆਨ ਦੀ ਰਾਹ ਦਰਸਾਵਾ ਬਣਨ ਦੀ ਥਾਂ ਤੇ ਧਾਰਮਿਕ ਰੂੜ੍ਹੀਵਾਦ ਦੀ ਪ੍ਰਚਾਰਕ ਬਣ ਜਾਂਦੀ ਹੈ। ਚੰਦਰਯਾਨ-2 ਦੀ ਸਫਲ ਉਡਾਣ ਦੇਸ਼ ਵਿੱਚ ਵਿਗਿਆਨ ਦੀ ਲਹਿਰ ਨੂੰ ਜਨਮ ਨਹੀਂ ਦਿੰਦੀ ਉਹ ਤਾਂ ਤਰਕ ਅਤੇ ਵਿਗਿਆਨ ਦੇ ਉੱਪਰ ਚਮਤਕਾਰ, ਅਾਸਥਾ ਤੇ ਰੂੜੀਵਾਦ ਨੂੰ  ਸਥਾਪਤ ਕਰਦੀ ਹੈ। ਇਸਰੋ ਦਾ ਵਿਗਿਆਨ ਪੂਰੀ ਮਾਨਵਜਾਤੀ ਲਈ ਗਿਆਨ ਦੇ ਨਵੇਂ ਸਰੋਤ ਦੀ ਥਾਂ ਤੇ ਰਾਸ਼ਟਰੀ ਗੌਰਵ ਦੀ ਥੋਥੀ ਜ਼ਮੀਨ ਦਾ ਥੰਮ ਬਣ ਜਾਂਦਾ ਹੈ। ਉਹ ਹਿੰਦੂ ਫਾਸੀਵਾਦੀ ਵਿਚਾਰਾਂ ਦੇ ਲਈ ਵਿਸ਼ਵ ਗੁਰੂ ਬਣਨ ਦੀ ਮੁਹਿੰਮ ਵਿੱਚ ਇੱਕ ਪੜਾਅ ਬਣ ਜਾਂਦਾ ਹੈ। ਉਹ ਪਾਕਿਸਤਾਨ ਨੂੰ ਸੀਸ਼ਾ ਵਿਖਾਉਣ ਦਾ ਸਾਧਨ ਬਣ ਜਾਂਦਾ ਹੈ। ਉਹ ਭਾਰਤ ਦੀ ਸਾਮਰਾਜੀ ਸ਼ਕਤੀ ਬਣਨ ਦੀ ਲਾਲਸਾ ਦਾ ਘਟੀਆ ਅੌਜ਼ਾਰ ਬਣ ਜਾਂਦਾ ਹੈ। ਅਤੇ ਅਜੇਹੇ ਵਿੱਚ ਚੰਦਰਯਾਨ ਦਾ ਅਾਪਣੇ ਮਿਸ਼ਨ ਵਿੱਚ ਕਾਮਯਾਬ ਨਾ ਹੋਣਾ ਮਹਿਜ ਇੱਕ ਵਿਗਿਆਨਕ ਵਸਤੂਗਤ ਤੱਥ ਬਣਨ ਦੀ ਬਜਾਏ ਉਹਨਾਂ ਅਰਮਾਨਾਂ ਤੇ ਪਾਣੀ ਫੇਰ ਦਿੰਦਾ ਹੈ ਜਿਸ ਦੇ ਲਈ ਧੂਅਾਂਧਾਰ ਉਕਸਾਉੂ ਪ੍ਚਾਰ ਕੀਤਾ ਜਾ ਰਿਹਾ ਸੀ। ਇਹ ਉਸ ਜਨੂੰਨ ਦੀ ਫੂਕ ਕੱਢ ਦਿੰਦਾ ਹੈ ਜਿਸ ਨੂੰ ਪੈਦਾ ਕਰਨ ਲਈ ਹਾਕਮ ਜਮਾਤ ਤੇ ਉਸ ਦਾ ਮੀਡੀਆ ਹਾਏ ਤੋਬਾ ਮਚਾ ਰਿਹਾ ਸੀ। ਵਿਗਿਆਨਕ ਤਜ਼ਰਬਿਅਾਂ ਵਿੱਚ ਸਫਲਤਾ ਤੇ ਅਸਫਲਤਾ ਇੱਕ ਠੋਸ ਸਚਾਈ ਦੇ ਰੂਪ ਵਿੱਚ ਸਾਹਮਣੇ ਅਾਉੰਦੀ ਹੈ। ਇਹ ਅਸਫਲਤਾ ਅੈਸੀ ਕੋਈ ਖਾਸ ਗੱਲ ਨਹੀਂ ਹੁੰਦੀ ਬਲਕਿ ਇਹ ਭਾਵੀ ਸਫਲ ਤਜ਼ਰਬਿਅਾਂ ਦੇ ਲਈ ਵੱਧ ਠੋਸ ਜ਼ਮੀਨ ਮੁਹਈਅਾ ਕਰਵਾਉਂਦੀ ਹੈ। ਪਰ ਅੱਜਕਲ੍ਹ ਤਾਂ ਸਾਡੇ ਦੇਸ਼ ਵਿੱਚ ਉਲਟੀ ਗੰਗਾ ਵਹਿ ਰਹੀ ਹੈ। ਵਿਗਿਆਨ ਤੇ ਤਕਨੀਕ ਹਿੰਦੂ ਫਾਸ਼ੀਵਾਦੀਅਾਂ ਦੇ ਹੱਥਾਂ ਵਿੱਚ ਖਿਡੌਣਾ ਬਣ ਚੁੱਕੇ ਹਨ। ਹੁਣ ਸੁਅਾਲ ਤਾਂ ਇਹ ਪੈਦਾ ਹੁੰਦਾ ਹੈ ਕਿ ਸਾਡੇ ਵਰਗੇ ਦੇਸ਼ ਵਿੱਚ ਜਿਥੇ ਗਰੀਬੀ, ਬੇਰੁਜ਼ਗਾਰੀ,ਕੁਪੋਸ਼ਣ,ਅਣਪੜਤਾ,ਨਾਬਰਾਬਰੀ ਦਾ ਬੋਲਬਾਲਾ ਹੋਵੇ ਉਥੇ ਤਰਜੀਹਾਂ ਕੀ ਹੋਣੀਅਾਂ ਚਾਹੀਦੀਆਂ ਹਨ, ਕੀ ਹੋਵੇ ਉਸ ਦੇਸ਼ ਦੀ ਤਰਜੀਹ ਜਿਥੇ ਪਿਛਲੇ ਦੋ ਦਹਾਕਿਆਂ ਵਿੱਚ ਕਈ ਲੱਖ ਕਿਸਾਨ ਖੁਦਕਸ਼ੀ ਕਰ ਚੁੱਕੇ ਹਨ। ਕੀ ਹੋਵੇ ਉਸ ਦੇਸ਼ ਦੀ ਤਰਜੀਹ ਹੋਵੇ ਜਿਥੇ ਕਰੋੜਾਂ ਬੇਰੁਜ਼ਗਾਰ ਹੋਣ, ਕਰੋੜਾਂ ਭੁੱਖੇ ਤੇ ਬੇਘਰੇ ਹੋਣ। ਕੀ ਹੋਵੇ ਉਸ ਦੇਸ਼ ਦੀ ਤਰਜੀਹ ਜਿਥੇ ਹਰ ਸਾਲ ਹਜ਼ਾਰਾਂ ਅੌਰਤਾਂ ਇਸ ਲਈ ਮਰ ਜਾਂਦੀਆਂ ਹੋਣ ਕਿ ਉਹਨਾਂ ਨੂੰ ਜਣੇਪੇ ਦੌਰਾਨ  ਮਮੂਲੀ ਮੁੱਢਲੀ ਸੇਵਾ ਵੀ ਨਾ ਮਿਲਦੀ ਹੋਵੇ ? ਜ਼ਾਹਿਰ ਹੈ ਸਾਡੇ ਹਾਕਮਾਂ ਦੀਆਂ ਤਰਜੀਹਾਂ ਇਹਨਾਂ ਗੱਲਾਂ ਨਾਲ ਤਹਿ ਹੁੰਦੀਆਂ ਹਨ। ਉਹ ਅਰਬਾਂ ਰੁਪਏ ਚੰਦਰਯਾਨ ਵਰਗੀਆਂ ਮੁਹਿੰਮਾਂ ਵਿੱਚ ਫੂਕ ਸਕਦੇ ਹਨ। ਇਹਨਾਂ ਮੁਹਿੰਮਾਂ ਵਿੱਚ ਪੈਸਾ ਸਿਰਫ ਇਸ ਲਈ ਨਹੀਂ ਫੂਕਿਅਾ ਜਾਂਦਾ ਕਿ ਚੰਦਰਮਾ ਦੇ ਭੇਦਾਂ ਨੂੰ ਬੁੱਝਣਾ ਹੈ ਅਤੇ ਅਾਪਣੇ ਦੇਸ਼ ਦੇ ਬੱਚਿਆਂ ਤੇ ਬਾਲਗਾਂ ਵਿੱਚ ਵਿਗਿਆਨਕ ਰੁੱਚੀ ਪੈਦਾ ਕਰਨੀ ਹੈ। ਗੱਲ ਤਾਂ ਕੁੱਝ ਹੋਰ ਹੀ ਹੈ। ਚੰਦਰਯਾਨ ਵਰਗੀਆਂ ਮੁਹਿੰਮਾਂ ਚਾਹੇ ਭਾਰਤ ਚਲਾਵੇ ਜਾਂ ਚੀਨ ਜਾਂ ਰੂਸ ਜਾਂ ਦੁਨਿਆਂ ਦੀ ਸਭ ਤੋਂ ਵੱਡੀ ਸਾਮਰਾਜੀ ਸ਼ਕਤੀ ਸੰਯੁਕਤ ਰਾਜ ਅਮਰੀਕਾ ਚਲਾਵੇ। ਇਸ ਪਿਛੇ ਮਕਸਦ ਇਸ ਖੇਤਰ ਵਿੱਚ ਅਜ਼ਾਰੇਦਾਰੀ ਹਾਸਲ ਕਰਨਾ ਅਤੇ ਮੁਨਾਫੇ ਦੇ ਨਵੇਂ ਸਰੋਤ ਹਾਸਲ ਕਰਨਾ ਹੁੰਦਾ ਹੈ। ਪੁਲਾੜ ਮੁਨਾਫ਼ਾਖੋਰਾਂ ਲਈ ਇੱਕ ਵਿਸ਼ਾਲ ਖੇਤਰ ਬਣਦਾ ਜਾ ਰਿਹਾ ਹੈ। ਪੁਲਾੜ ਵਿੱਚ ਅਜਾਰੇਦਾਰੀ ਦਾ ਅਰਥ ਹੈ ਧਰਤੀ ਤੇ ਅਾਪਣਾ ਦਬਦਬਾ ਕਾਇਮ ਕਰਨਾ। ਪੁਲਾੜ ਵਿੱਚ ਸਥਾਪਤ ਹੋਣ ਵਾਲੇ ਉਪਗ੍ਰਹਿ ਅੱਜ ਦੀ ਦੁਨਿਆਂ ਵਿੱਚ ਰੋਜ਼ਮਰਾ ਦੀ ਜਿੰਦਗੀ ਨੂੰ ਚਲਾਉਂਦੇ ਹਨ। ਇਹ ਸੰਚਾਰ (ਮੋਬਾਇਲ ਅਾਦਿ ਦੇ ਲਈ) ਬੈਕਿੰਗ,ਟੈਲੀਵਿਜ਼ਨ, ਪ੍ਸਾਰਨ, ਮੌਸਮ ਦੀ ਸੂਚਨਾ ਵਰਗੀਆਂ ਰਚਨਾਤਮਕ ਕਿ੍ਅਾਵਾਂ ਹੀ  ਨਹੀਂ ਬਲਕਿ ਸ਼ਰੀਕੇਬਾਜੀ ਵਾਲੇ ਦੇਸ਼ਾਂ ਦੀ ਜਸੂਸੀ ਦੇ ਕੰਮ ਵੀ ਅਾਉੰਦੇ ਹਨ। ਕਿਸੇ ਵੀ ਦੇਸ਼ ਨੂੰ ਉਦੋਂ ਪੂਰੀ ਤਰ੍ਹਾਂ ਠੱਪ ਕੀਤਾ ਜਾ ਸਕਦਾ ਹੈ ਜਦੋਂ ਉਸ ਦੇ ਉਪਗ੍ਰਹਿਆਂ ਨੂੰ ਪੂਰੀ ਤਰ੍ਹਾਂ ਠੱਪ ਕਰ ਦਿੱਤਾ ਜਾਵੇ। ਯਾਨੀ ਪੁਲਾੜ ਚ ਮੱਚਣ ਵਾਲੀ ਇਹ ਹੋੜ ਧਰਤੀ ਦੇ ਦਿਉਕੱਦ ਹਾਕਮਾਂ ਦੀ ਹੋੜ ਦਾ ਹੀ ਇੱਕ ਸਿੱਟਾ ਹੈ। ਪੁਲਾੜ ਵਿੱਚ ਭੇਜੇ ਜਾਣ ਵਾਲੇ ਯਾਨ ਅਾਦਿ ਨਾਲ ਖਤਰਨਾਕ ਮਿਜ਼ਾਇਲਾਂ ਦੇ ਵਿਕਾਸ ਵਿੱਚ ਖਾਸਾ ਯੋਗਦਾਨ ਮਿਲਦਾ ਹੈ। ਸੰਯੁਕਤ ਰਾਜ ਅਮਰੀਕਾ,ਚੀਨ, ਦੇ ਹਥਿਆਰ ਉਦਯੋਗ ਵਿੱਚ ਅਜੇਹੀਅਾਂ ਮੁਹਿੰਮਾਂ ਨਾਲ ਕਈ ਨਵੇਂ ਪੜਾਅ ਸ਼ੁਰੂ ਹੋ ਜਾਂਦੇ ਹਨ। ਲੜਾਕੂ ਜਹਾਜ਼,ਡਰੋਨ, ਮਿਜ਼ਾਇਲਾਂ ਅਾਦਿ ਦੀ ਨਵੀਂ ਉਨੱਤ ਲੜੀ ਅਜੇਹੀਅਾਂ ਮੁਹਿੰਮਾਂ ਨਾਲ ਪੈਦਾ ਹੁੰਦੀ ਹੈ। ਅਤੇ ਇਹ ਦੇਸ਼ ਹਥਿਆਰਾਂ ਦੀ ਵਿਕਰੀ ਨਾਲ ਅਰਬਾਂ ਰੁਪਏ ਕਮਾਉੰਦੇ ਹਨ। ਜਿਥੋਂ ਤੱਕ ਚੰਦ ਤੇ ਜਾਣ ਦੀਆਂ ਮੁਹਿੰਮਾਂ ਦਾ ਸੁਅਾਲ ਹੈ ਉਥੇ ਕਈ ਕਿਸਮ ਦੇ ਦੁਰਲੱਭ ਖਣਿਜਾਂ ਦੇ ਭੰਡਾਰ ਦੀ ਸੰਭਾਵਨਾ ਹੈ। ਅਜੇਹੇ ਵਿੱਚ ਚੰਦ ਤੇ ਕਬਜ਼ੇ ਦਾ ਮਤਲੱਬ ਇਹਨਾਂ ਭੰਡਾਰਾਂ ਤੇ ਕਬਜ਼ਾ ਹੀ ਹੈ। ਇਹ ਕੁੱਝ ਉਹੋ ਜਿਹਾ ਹੈ ਜਿਹੋ ਜਿਹਾ ਕੁੱਝ ਸ਼ਤਾਬਦੀ ਪਹਿਲਾਂ ਅਮਰੀਕਾ,ਅਸਟੇ੍ਲੀਅਾ ਤੇ ਅਫਰੀਕੀ ਮਹਾਂਦੀਪ ਦੀ ਖੋਜ ਤੇ ਕਬਜ਼ੇ ਸਮੇਂ ਹੋਇਆ ਸੀ। ਜਿਸ ਤਰ੍ਹਾਂ ਅਾਪਾਂ ਇਹਨਾਂ ਮੁਹਿੰਮਾਂ ਦੇ ਗੁਪਤ ਉਦੇਸ਼ਾਂ ਤੇ ਵਿਚਾਰ ਕਰਦੇ ਹਾਂ ਉਸੇ ਤਰ੍ਹਾਂ ਹੀ ਗਿਅਾਨ ਵਿਗਿਆਨ ਜਾਂ ਕੁਦਰਤ ਦੇ ਭੇਦਾਂ ਨੂੰ ਸੁਲਝਾਉਣ ਦੀਆਂ ਗੱਲਾਂ ਦੋਮ ਦਰਜੇ ਦੀਆਂ ਹੋ ਜਾਂਦੀਆਂ ਹਨ। ਜੋ ਗੱਲ ਸਾਬਿਤ ਹੁੰਦੀ ਹੈ ਉਹ ਇਹ ਹੈ ਕਿ ਵਿਗਿਆਨਕ ਤਜ਼ਰਬੇ ਬੇਹੱਦ ਮਾੜੇ ਇਰਾਦੇ ਰੱਖਣ ਵਾਲੇ ਹਾਕਮਾਂ ਵਲੋਂ ਕਰਵਾਏ ਜਾਂਦੇ ਹਨ,ਨਾ ਕਿ ਕਿਸੇ ਮਨੁੱਖ ਜਾਤੀ ਦਾ ਭਲਾ ਕਰਨ ਵਾਲੇ ਵਿਗਿਆਨੀਆਂ ਵਲੋਂ।
ਡਾ: ਅਜੀਤਪਾਲ ਸਿੰਘ ਅੈਮ ਡੀ.
ਸਾਬਕਾ ਡਿਪਟੀ ਮੈਡੀਕਲ ਕਮਿਸ਼ਨਰ.
9815629301