ਮਲੇਸ਼ੀਆ ਦੇ ਸਾਬਕਾ ਪ੍ਰਧਾਨ ਮੰਤਰੀ ਦੀ ਪਤਨੀ ਰੋਸਮਾ ਮੰਸੂਰ ਨੂੰ ਅਰਬਾਂ ਡਾਲਰ ਦੇ ਘਪਲੇ ਦੇ ਸਿਲਸਿਲੇ ਵਿਚ ਗ੍ਰਿਫਤਾਰ

ਮਲੇਸ਼ੀਆ ਦੇ ਸਾਬਕਾ ਪ੍ਰਧਾਨ ਮੰਤਰੀ ਦੀ ਪਤਨੀ ਰੋਸਮਾ ਮੰਸੂਰ ਨੂੰ ਅਰਬਾਂ ਡਾਲਰ ਦੇ ਘਪਲੇ ਦੇ ਸਿਲਸਿਲੇ ਵਿਚ ਗ੍ਰਿਫਤਾਰ

ਕੁਆਲਾਲੰਪੁਰ  : ਮਲੇਸ਼ੀਆ ਦੇ ਸਾਬਕਾ ਪ੍ਰਧਾਨ ਮੰਤਰੀ ਦੀ ਪਤਨੀ ਰੋਸਮਾ ਮੰਸੂਰ ਨੂੰ ਅਰਬਾਂ ਡਾਲਰ ਦੇ ਘਪਲੇ ਦੇ ਸਿਲਸਿਲੇ ਵਿਚ ਭ੍ਰਿਸ਼ਟਾਚਾਰ ਰੋਕੂ ਕਮਿਸ਼ਨ ਨੇ ਬੱਧਵਾਰ ਨੂੰ ਗ੍ਰਿਫਤਾਰ ਕਰ ਲਿਆ। ਇਸ ਘਪਲੇ ਦੀ ਵਜ੍ਹਾ ਕਰ ਕੇ ਪਿਛਲੀ ਸਰਕਾਰ ਨੂੰ ਸੱਤਾ ਤੋਂ ਹੱਥ ਧੋਣੇ ਪਏ ਸਨ। ਕੌਮਾਂਤਰੀ ਧੋਖਾਧੜੀ ਗਿਰੋਹ ਵਲੋਂ 1 ਐੱਮ. ਡੀ. ਬੀ. ਦੇ ਰਾਜ ਫੰਡ ਦੀ ਜਾਂਚ ਵਿਚ ਉਨ੍ਹਾਂ ਦੇ ਪਤੀ ਅਤੇ ਸਾਬਕਾ ਪ੍ਰਧਾਨ ਮੰਤਰੀ ਨਜੀਬ ਰੱਜਾਕ ਘੇਰੇ ਵਿਚ ਆਏ ਅਤੇ ਉਨ੍ਹਾਂ 'ਤੇ ਭ੍ਰਿਸ਼ਟਾਚਾਰ ਅਤੇ ਮਨੀ ਲਾਂਡਰਿੰਗ ਸਮੇਤ ਦੋ ਦਰਜਨ ਤੋਂ ਵਧ ਦੋਸ਼ ਲੱਗੇ। ਉਹ ਜ਼ਮਾਨਤ 'ਤੇ ਹਨ। 

ਓਧਰ ਮੰਸੂਰ ਦੇ ਵਕੀਲ ਕੇ. ਕੁਮਾਰੇਂਦ੍ਰਨ ਨੇ ਦਸਿਆ ਕਿ ਰੋਸਮਾ ਮੰਸੂਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਨ੍ਹਾਂ ਨੂੰ ਗ੍ਰਿਫਤਾਰ ਕਰਨ ਤੋਂ ਪਹਿਲਾਂ ਬੁਧਵਾਰ ਨੂੰ ਮਲੇਸ਼ੀਆਈ ਭ੍ਰਿਸ਼ਟਾਚਾਰ ਰੋਕੂ ਕਮਿਸ਼ਨ ਨੇ ਕਈ ਘੰਟੇ ਲੰਬੀ ਪੁੱਛ-ਗਿੱਛ ਕੀਤੀ ਸੀ। ਉਨ੍ਹਾਂ ਦਸਿਆ ਕਿ  ਮੰਸੂਰ ਨੂੰ ਵੀਰਵਾਰ ਤੜਕੇ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।

ਮਲੇਸ਼ੀਆਈ ਭ੍ਰਿਸ਼ਟਾਚਾਰ ਰੋਕੂ ਕਮਿਸ਼ਨ ਨੇ ਕਿਹਾ ਕਿ ਜੇਕਰ ਮੰਸੂਰ ਹਰੇਕ ਦੋਸ਼ 'ਚ ਦੋਸ਼ੀ ਠਹਿਰਾਈ ਜਾਂਦੀ ਹੈ ਤਾਂ ਉਨ੍ਹਾਂ ਨੂੰ 15 ਸਾਲ ਤਕ ਦੀ ਸਜ਼ਾ ਹੋ ਸਕਦੀ ਹੈ। ਮੰਸੂਰ ਕੁਆਲਾਲੰਪੁਰ ਦੇ ਬਾਹਰ ਮਲੇਸ਼ੀਆ ਦੀ ਪ੍ਰਸ਼ਾਸਨਿਕ ਰਾਜਧਾਨੀ ਪੁੱਤਰਜਯਾ ਵਿਚ ਸਥਿਤ ਕਮਿਸ਼ਨ ਦੇ ਹੈੱਡਕੁਆਰਟਰ ਵਿਚ ਰਹੇਗੀ। ਉਹ ਦੋ ਕਾਰਾਂ ਦੇ ਕਾਫਲੇ ਵਿਚ ਬੁਧਵਾਰ ਦੀ ਸਵੇਰ ਨੂੰ ਕਮਿਸ਼ਨ ਦੇ ਹੈੱਡਕੁਆਰਟਰ ਪੁੱਜੀ ਸੀ।  (ਪੀਟੀਆਈ)

ਮੰਸੂਰ ਜਦੋਂ ਕਮਿਸ਼ਨ ਦੀ ਇਮਾਰਤ ਵਿਚ ਪੁੱਜੀ ਤਾਂ ਉਹ ਪੱਤਰਕਾਰਾਂ ਨੂੰ ਦੇਖ ਕੇ ਮੁਸਕਰਾਈ ਪਰ ਉਨ੍ਹਾਂ ਨਾਲ ਗੱਲਬਾਤ ਨਹੀਂ ਕੀਤੀ। ਮੰਸੂਰ ਨਾਲ ਬੁਧਵਾਰ ਨੂੰ ਤੀਜੀ ਵਾਰ ਪੁੱਛ-ਗਿੱਛ ਕੀਤੀ ਗਈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਗ੍ਰਿ੍ਰਫਤਾਰ ਕਰ ਲਿਆ ਗਿਆ।  (ਪੀਟੀਆਈ)