ਵਿਸ਼ਵ ਕ੍ਰਿਕਟ ਕੱਪ: ਪਾਕਿਸਤਾਨ ਦੇ ਭਾਰਤ ਕੋਲੋਂ ਹਾਰਨ ‘ਤੇ ਵਿਅਕਤੀ ਨੇ ਦਰਜ ਕੀਤੀ ਪਟੀਸ਼ਨ

ਵਿਸ਼ਵ ਕ੍ਰਿਕਟ ਕੱਪ: ਪਾਕਿਸਤਾਨ ਦੇ ਭਾਰਤ ਕੋਲੋਂ ਹਾਰਨ ‘ਤੇ ਵਿਅਕਤੀ ਨੇ ਦਰਜ ਕੀਤੀ ਪਟੀਸ਼ਨ

ਨਵੀਂ ਦਿੱਲੀ:

ਆਈਸੀਸੀ ਕ੍ਰਿਕਟ ਵਿਸ਼ਵ ਕੱਪ ਵਿਚ ਮਿਲੀ ਕਰਾਰੀ ਹਾਰ ਤੋਂ ਨਿਰਾਸ਼ ਪਾਕਿਸਤਾਨ ਦੇ ਇਕ ਕ੍ਰਿਕਟ ਫੈਨ ਨੇ ਗੁੱਜਰਾਂਵਾਲਾ ਅਦਾਲਤ ਵਿਚ ਪਟੀਸ਼ਨ ਦਰਜ ਕਰ ਟੀਮ ‘ਤੇ ਪਾਬੰਧੀ ਲਗਾਉਣ ਦੇ ਨਾਲ ਚੋਣ ਕਮੇਟੀ ਦੀ ਬਰਖ਼ਾਸਤਗੀ ਦੀ ਮੰਗ ਕੀਤੀ ਹੈ। ਐਤਵਾਰ ਨੂੰ ਮੈਨਚੇਸਟਰ ਵਿਚ ਭਾਰਤ ਵਿਰੁੱਧ ਖੇਡੇ ਗਏ ਮੈਚ ਵਿਚ ਪਾਕਿਸਤਾਨ ਦੀ 89 ਦੌੜਾਂ ਨਾਲ ਹਾਰ ਹੋਈ। ਇਸ ਤੋਂ ਬਾਅਦ ਪਾਕਿਸਤਾਨੀ ਕ੍ਰਿਕਟਰਾਂ ਨੂੰ ਪ੍ਰਸ਼ੰਸਕਾਂ ਅਤੇ ਸਾਬਕਾ ਖਿਡਾਰੀਆਂ ਤੋਂ ਸਖ਼ਤ ਅਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਾਕਿਸਤਾਨੀ ਟੀਮ ਅੰਕ ਸੂਚੀ ਵਿਚ ਪੰਜ ਮੈਚਾਂ ਵਿਚ ਤਿੰਨ ਅੰਕਾਂ ਨਾਲ ਨੌਵੇਂ ਸਥਾਵ ‘ਤੇ ਹੈ। ਇਕ ਖ਼ਬਰ ਮੁਤਾਬਕ ਪਟੀਸ਼ਨਰ ਨੇ ਕ੍ਰਿਕਟ ਟੀਮ ‘ਤੇ ਪਾਬੰਧੀ ਦੇ ਨਾਲ ਮੁੱਖ ਚੋਣ ਕਰਤਾ ਇੰਜ਼ਮਾਮ ਉਲ ਹਕ ਦੀ ਅਗਵਾਈ ਵਾਲੀ ਚੋਣ ਕਮੇਟੀ ਨੂੰ ਭੰਗ ਕਰਨ ਦੀ ਮੰਗ ਕੀਤੀ ਹੈ। ਪਟੀਸ਼ਨ ਬਾਰੇ ਹਾਲੇ ਤੱਕ ਕੁੱਝ ਪਤਾ ਨਹੀਂ ਚੱਲ ਸਕਿਆ ਹੈ। ਪਟੀਸ਼ਨ ਦੇ ਜਵਾਬ ਵਿਚ ਗੁੱਜਰਾਂਵਾਲਾ ਕੋਰਟ ਨੇ ਪਾਕਿਸਤਾਨ ਕ੍ਰਿਕਟ ਬੋਰਡ ਦੇ ਅਧਿਕਾਰੀਆਂ ਨੂੰ ਤਲਬ ਕੀਤਾ ਹੈ। ਇਕ ਹੋਰ ਖ਼ਬਰ ਮੁਤਾਬਕ ਪਾਕਿਸਤਾਨ ਕ੍ਰਿਕਟ ਬੋਰਡ ਪ੍ਰਬੰਧਕ ਸੰਸਥਾ ਦੀ ਬੁੱਧਵਾਰ ਨੂੰ ਲਾਹੌਰ ਵਿਚ ਹੋਣ ਵਾਲੀ ਬੈਠਕ ਵਿਚ ਕੋਚ ਅਤੇ ਚੋਣ ਕਰਤਾਵਾਂ ਦੇ ਨਾਲ ਮੈਨੇਜਮੈਂਟ ਕੁੱਝ ਮੈਂਬਰਾਂ ਦੀ ਛੁੱਟੀ ਕਰਨ ‘ਤੇ ਫ਼ੈਸਲਾ ਹੋ ਸਕਦਾ ਹੈ। ਜਿਨ੍ਹਾਂ ਲੋਕਾਂ ਦੀ ਛੁੱਟੀ ਹੋਣ ਦੀ ਸੰਭਾਵਨਾ ਹੈ, ਉਹਨਾਂ ਵਿਚ ਟੀਮ ਦੇ ਮੈਨੇਜਰ ਤਲਤ ਅਲੀ, ਗੇਂਦਬਾਜ਼ੀ ਦੇ ਕੋਚ ਅਜ਼ਹਰ ਮਹਮੂਦ ਅਤੇ ਪੂਰੀ ਚੋਣ ਕਮੇਟੀ ਸ਼ਾਮਲ ਹੈ। ਇਸ ਦੇ ਨਾਲ ਹੀ ਕੋਚ ਮਿਕੀ ਅਰਥਰ ਦੇ ਕਾਰਜਕਾਲ ਨੂੰ ਨਹੀਂ ਵਧਾਇਆ ਜਾਵੇਗਾ। ਪਾਕਿਸਤਾਨੀ ਕ੍ਰਿਕਟ ਬੋਰਡ ਦੇ ਡਾਇਰੈਕਟਰ ਜਨਰਲ ਵਸੀਸ ਖ਼ਾਨ ਇਸ ਬੈਠਕ ਵਿਚ ਸ਼ਾਮਲ ਹੋਣ ਲਈ ਵਿਦੇਸ਼ ਦੌਰੇ ਨੂੰ ਵਿਚਕਾਰ ਛੱਡ ਕੇ ਵਾਪਸ ਪਰਤ ਰਹੇ ਹਨ।