ਬਹਿਬਲ ਕਲਾਂ ਗੋਲੀਕਾਂਡ ਤੇ ਲਾਠੀਚਾਰਜ ਦੇ ਫੱਟੜਾਂ ਨੂੰ ਸੜਕ ਹਾਦਸਾ ਪੀੜਤ ਬਣਾਉਣ ਦੀ ਕੋਸ਼ਿਸ਼ ਦੇ ਦੋਸ਼
Mon 24 Dec, 2018 0ਚੰਡੀਗੜ੍ਹ (ਨੀਲ ਬੀ. ਸਿੰਘ) : ਅਕਤੂਬਰ 2015 'ਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦਾ ਰੋਸ ਕਰ ਰਹੀ ਸਿਖ ਸੰਗਤ 'ਤੇ ਹੋਈ ਪੁਲਿਸ ਫ਼ਾਇਰਿੰਗ ਅਤੇ ਲਾਠੀਚਾਰਜ ਦੇ ਫੱਟੜਾਂ ਦੀ ਨਾ ਤਾਂ ਕਿਸੇ ਨੇ ਕੋਈ ਬਹੁਤੀ ਸਾਰ ਹੀ ਲਈ ਤੇ ਨਾ ਹੀ ਕੋਈ ਇਨਸਾਫ਼ ਦੀ ਗਲ ਤੁਰ ਸਕੀ। ਇਹ ਵੀ ਖੁਲਾਸਾ ਹੋਇਆ ਹੈ ਕਿ ਪੁਲਿਸ ਵਲੋਂ ਕੁਝ ਫੱਟੜਾਂ ਨੂੰ ਕਿਸੇ ਘਟਨਾ ਦੇ ਨਹੀਂ ਬਲਕਿ ਮਹਿਜ਼ ਕਿਸੇ ਸੜਕ ਹਾਦਸੇ ਦੇ ਪੀੜਤ ਹੀ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਸਮਾਣਾ ਵਾਸੀ ਹਰਭਜਨ ਸਿੰਘ ਨਾਮੀ ਇਕ ਸਿਖ ਬਜ਼ੁਰਗ ਦਾ ਕੇਸ ਪਿਛਲੇ ਹਫ਼ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਪੁਜਣ 'ਤੇ ਇਹ ਖੁਲਾਸੇ ਹੋਏ ਹਨ।
ਪੀੜਤ ਦੇ ਵਕੀਲ ਗਗਨ ਪ੍ਰਦੀਪ ਸਿੰਘ ਬਲ ਨੇ 'ਸਪੋਕਸਮੈਨ ਟੀਵੀ' ਕੋਲ ਇਕ ਇੰਟਰਵਿਊ ਦੌਰਾਨ ਦਸਿਆ ਕਿ ਦੋ ਦਰਜਨ ਦੇ ਕਰੀਬ ਲੋਕ ਬੁਰੀ ਤਰਾਂ ਫੱਟੜ ਹੋਏ ਹੋਣ ਦੀ ਜਾਣਕਾਰੀ ਮਿਲ ਰਹੀ ਹੈ। ਉਨ੍ਹਾਂ ਦਸਿਆ ਗੋਲੀਕਾਂਡ ਮੌਕੇ ਹਰਭਜਨ ਸਿੰਘ ਮੁਤਬਕ ਉਹ ਲੰਗਰ ਬਣਾਉਣ ਦੀ ਸੇਵਾ ਨਿਭਾ ਰਿਹਾ ਸੀ। ਅਚਾਨਕ ਗੋਲੀ ਚੱਲਣ ਦੀ ਆਵਾਜ਼ ਸੁਣ ਕੇ ਲੰਗਰ 'ਚੋਂ ਉਹ ਸੰਗਤ ਵਲ ਭੱਜੇ ਤਾਂ ਪੁਲਿਸ ਨੇ ਉਨ੍ਹਾਂ ਉਤੇ ਤਾਬੜਤੋੜ ਲਾਠੀਆਂ ਵਜਾਉਣੀਆਂ ਸ਼ੁਰੂ ਕਰ ਦਿਤੀਆਂ, ਜਿਸ 'ਚ ਹਰਭਜਨ ਸਿੰਘ ਦੀ ਸੱਜੀ ਅਖ ਗੰਭੀਰ ਰੂਪ 'ਚ ਫੱਟੜ ਹੋ ਗਈ।
ਉਸ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਉਥੇ ਪੁਲਿਸ ਨੇ ਉਸ ਨੂੰ ਸੜਕ ਹਾਦਸੇ ਦਾ ਪੀੜਤ ਦੱਸ ਦਿਤਾ। ਉਸ ਮਗਰੋਂ ਸਮਾਣਾ ਆ ਕੇ ਰਹਿਣ ਲੱਗ ਜਾਣ ਮਗਰੋਂ ਵੀ ਪੁਲਿਸ ਵਾਲੇ ਉਸ ਦੇ ਘਰ ਦੀ ਨਿਗਰਾਨੀ ਕਰਦੇ ਰਹੇ ਅਤੇ ਕਈ ਵਾਰ ਪਿਛਾ ਵੀ ਕੀਤਾ ਗਿਆ ਤਾਂ ਜੋ ਉਹ ਬਹਿਬਲ ਕਲਾਂ 'ਚ ਵਾਪਰੀ ਘਟਨਾ ਬਾਰੇ ਅਗੇ ਕੋਈ ਬਿਆਨ ਜਾਂ ਹੋਰ ਕਰਵਾਈ ਨਾ ਕਰਵਾ ਸਕੇ। ਐਡਵੋਕੇਟ ਬਲ ਨੇ ਇਹ ਦਾਅਵੇ ਕਰਦੇ ਹੋਏ ਇਹ ਵੀ ਦਸਿਆ ਕਿ ਇਨਸਾਫ਼ ਮੋਰਚੇ ਵਾਲੀਆਂ ਪੰਥਕ ਜਥੇਬੰਦੀਆਂ ਦੀ ਮਦਦ ਨਾਲ ਹਰਭਜਨ ਸਿੰਘ ਉਨ੍ਹਾਂ ਦੇ ਸੰਪਰਕ ਵਿਚ ਆਇਆ ਹੈ।
ਜਸਟਿਸ ਰਣਜੀਤ ਸਿਂਘ ਕਮਿਸ਼ਨ ਦੀ ਰੀਪੋਰਟ ਨੂੰ ਮਾਨਤਾ ਵਿਰੁਧ ਹਾਈ ਕੋਰਟ ਪੁਜੇ ਹੋਏ ਪੁਲਿਸ ਅਧਿਕਾਰੀਆਂ ਦੇ ਕੇਸਾਂ ਨਾਲ ਬਹਿਸ ਦੇ ਆਖਰੀ ਦਿਨ ਉਨ੍ਹਾਂ ਦੀ ਪਟੀਸ਼ਨ ਵੀ ਸੁਣੀ ਗਈ। ਜਿਸ ਦੌਰਾਨ ਉਨ੍ਹਾਂ ਬੈਂਚ ਨੂੰ ਉਕਤ ਘਟਨਾਕ੍ਰਮ ਦੱਸਣ ਦੇ ਨਾਲ ਨਾਲ ਫੱਟੜ ਹੋਏ ਲੋਕਾਂ ਲਈ ਵੀ ਇਨਸਾਫ਼ ਅਤੇ ਕਰਵਾਈ ਦੀ ਮੰਗ ਕੀਤੀ ਹੈ। ਬੈਂਚ ਵਲੋਂ ਫ਼ੈਸਲਾ ਰਾਖਵਾਂ ਰਖਿਆ ਗਿਆ ਹੈ।
Comments (0)
Facebook Comments (0)