ਦਿੱਲੀ ਚੋਣ ਨਤੀਜੇ : ਅਖ਼ੀਰ ਮਿੱਠਾ ਹੀ ਨਿਕਲਿਆ ਮਨੀਸ਼ ਸਿਸੋਦੀਆਂ ਦੀ 'ਲੰਬੀ ਉਡੀਕ' ਦਾ ਫਲ!
Tue 11 Feb, 2020 0ਨਵੀਂ ਦਿੱਲੀ : ਕਈ ਦਿਨਾਂ ਤੋਂ ਉਡੀਕੇ ਜਾ ਰਹੇ ਦਿੱਲੀ ਵਿਧਾਨ ਸਭਾ ਚੋਣ ਨਤੀਜਿਆਂ ਨੇ ਜਿੱਥੇ ਆਮ ਆਦਮੀ ਪਾਰਟੀ ਦੇ ਵਾਰੇ-ਨਿਆਰੇ ਕਰ ਦਿਤੇ ਨੇ, ਉਥੇ ਹੀ ਭਾਜਪਾ ਦਾ ਦਿੱਲੀ ਦੀ ਸੱਤਾ 'ਤੇ ਕਾਬਜ਼ ਹੋਣ ਦਾ ਸੁਪਨਾ ਇਕ ਵਾਰ ਫਿਰ ਚਕਨਾਚੂਰ ਹੋ ਗਿਆ ਹੈ। ਜਦਕਿ 6 ਸਾਲ ਪਹਿਲਾਂ ਤਕ ਦਿੱਲੀ ਦੀ ਸੱਤਾ 'ਤੇ ਲਗਾਤਾਰ 15 ਸਾਲਾਂ ਤਕ ਕਾਬਜ਼ ਰਹਿਣ ਵਾਲੀ ਕਾਂਗਰਸ ਦਾ ਪੂਰੀ ਤਰ੍ਹਾਂ ਸਫ਼ਾਇਆ ਹੋ ਗਿਆ ਹੈ।
ਇਨ੍ਹਾਂ ਚੋਣ ਨਤੀਜਿਆਂ ਨੇ ਭਾਜਪਾ ਦੇ ਖੇਮੇ 'ਚ ਥੋੜ੍ਹੀ ਰੌਣਕ ਵਧਾ ਦਿਤੀ ਹੈ। ਪਹਿਲਾਂ ਉਸ ਦੇ ਵਿਧਾਨ ਸਭਾ ਅੰਦਰ ਕੇਵਲ 3 ਵਿਧਾਇਕ ਸਨ, ਜੋ ਹੁਣ ਵਧ ਕੇ ਦੁੱਗਣੇ ਤੋਂ ਇਕ ਵੱਧ, ਜਾਣੀ 7 ਹੋ ਗਏ ਹਨ। ਇਨ੍ਹਾਂ ਚੋਣਾਂ ਸਬੰਧੀ ਆਏ ਐਗਜ਼ਿਟ ਪੋਲਾਂ ਨੇ ਪਹਿਲਾਂ ਹੀ 'ਆਪ' ਨੂੰ ਪੂਰਨ ਬਹੁਮਤ ਦੀ ਭਵਿੱਖਬਾਣੀ ਕਰ ਦਿਤੀ ਸੀ ਪਰ ਭਾਜਪਾ ਇਸ ਨੂੰ ਮੰਨਣ ਨੂੰ ਤਿਆਰ ਨਹੀਂ ਸੀ। ਵੋਟਾਂ ਦੀ ਗਿਣਤੀ ਸ਼ੁਰੂ ਹੋਣ ਵੇਲੇ ਤਕ ਭਾਜਪਾ ਦੇ ਆਗੂ ਅਪਣੀ ਜਿੱਤ ਦੇ ਦਾਅਵੇ ਕਰਦੇ ਰਹੇ ਪਰ ਜਿਉਂ ਜਿਉਂ ਗਿਣਤੀ ਦਾ ਸਿਲਸਿਲਾ ਅੱਗੇ ਵਧਦਾ ਗਿਆ, ਭਾਜਪਾ ਦੇ ਖੇਮੇ ਅੰਦਰ ਮਾਯੂਸੀ ਪਸਰਦੀ ਗਈ। ਅਖ਼ੀਰ ਭਾਜਪਾ ਨੂੰ ਮੁੜ ਨਮੋਸ਼ੀਜਨਕ ਹਾਰ ਦਾ ਸਾਹਮਣਾ ਕਰਨਾ ਪਿਆ।
ਇਸੇ ਦਰਮਿਆਨ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆਂ ਨੂੰ ਜਿੱਤ ਦੀ ਦੇਵੀ ਨੇ ਕਾਫ਼ੀ ਦੇਰ ਤਕ ਭੰਬਲਭੂਸੇ ਵਿਚ ਪਾਈ ਰੱਖਿਆ। ਉਨ੍ਹਾਂ ਨੂੰ ਜਿੱਤ ਦੀ ਦੇਵੀ ਦੇ ਦਰਸ਼ਨਾਂ ਲਈ ਅਖ਼ੀਰ ਤਕ ਪਸੀਨਾ ਵਹਾਉਣਾ ਪਿਆ ਅਤੇ ਜਿੱਤ ਉਨ੍ਹਾਂ ਨਾਲ ਚੂਹੇ-ਬਿੱਲੀ ਵਾਲਾ ਖੇਡ ਖੇਡਦੀ ਰਹੀ। ਇਕ ਵਾਰ ਤਾਂ ਉਨ੍ਹਾਂ ਦਾ ਵਿਰੋਧੀ ਉਮੀਦਵਾਰ ਉਨ੍ਹਾਂ ਤੋਂ ਢਾਈ ਹਜ਼ਾਰ ਤੋਂ ਵੱਧ ਵੋਟਾਂ ਦੇ ਫ਼ਰਕ ਨਾਲ ਅੱਗੇ ਲੰਘ ਗਿਆ। ਇਸ ਨੂੰ ਲੈ ਕੇ ਟੀਵੀ ਚੈਨਲਾਂ 'ਤੇ ਵੀ ਖ਼ੂਬ ਚਰਚਾ ਹੁੰਦੀ ਰਹੀ।
ਆਮ ਆਦਮੀ ਪਾਰਟੀ ਦੀ ਜਿੱਤ ਯਕੀਨੀ ਹੋਣ ਤੋਂ ਬਾਅਦ ਜਿੱਥੇ ਪਾਰਟੀ ਹੈਡਕੁਆਟਰ 'ਤੇ ਜਸ਼ਨ ਦਾ ਮਾਹੌਲ ਸੀ, ਉਥੇ ਮੁਨੀਸ਼ ਸਿਸੋਦੀਆਂ ਅਪਣੀ ਜਿੱਤ ਦੀ ਉਡੀਕ 'ਚ ਦੌੜ-ਭੱਜ ਕਰਦੇ ਵੇਖੇ ਗਏ। ਉਹ ਹੱਥ 'ਚ ਪੈਨ-ਡਾਇਰੀ ਫੜ ਜੋੜ-ਤੋੜ ਕਰਦੇ ਵੀ ਵੇਖੇ ਗਏ। ਉਨ੍ਹਾਂ ਦੀ ਜਿੱਤ ਦਾ ਫ਼ਰਕ ਸਮੇਂ-ਸਮੇਂ ਵਧਦਾ-ਘਟਨਾ ਰਿਹਾ। ਇਕ ਸਮਾਂ ਤਾਂ ਅਜਿਹਾ ਵੀ ਆਇਆ ਜਦੋਂ ਉਨ੍ਹਾਂ ਦੀ ਹਾਰ ਤੈਅ ਮੰਨੀ ਜਾਣ ਲੱਗ ਪਈ ਸੀ। ਟੀਵੀ ਚੈਨਲਾਂ 'ਤੇ ਇਸ 'ਤੇ ਸਵਾਲ ਵੀ ਉਠਣੇ ਸ਼ੁਰੂ ਹੋ ਗਏ।
'ਆਪ' ਨੇ ਚੋਣ ਪ੍ਰਚਾਰ ਦੌਰਾਨ ਦਿੱਲੀ ਵਿਚ ਸਕੂਲਾਂ ਦੀ ਹਾਲਤ ਤੇ ਪੜ੍ਹਾਈ ਦੀ ਬਿਹਤਰੀ ਲਈ ਕੀਤੇ ਗਏ ਕੰਮਾਂ ਨੂੰ ਜ਼ੋਰ-ਸ਼ੋਰ ਨਾਲ ਪ੍ਰਚਾਰਿਆ ਸੀ। ਮਨੀਸ਼ ਸਿਸੋਦੀਆਂ ਕੋਲ ਸਿੱਖਿਆ ਮੰਤਰੀ ਦਾ ਅਹੁਦਾ ਹੋਣ ਕਾਰਨ ਉਨ੍ਹਾਂ ਦੇ ਹਾਰਨ ਨੂੰ ਵੱਡੀ ਘਟਨਾ ਵਜੋਂ ਵੇਖਿਆ ਜਾ ਰਿਹਾ ਸੀ। ਇੱਥੋਂ ਤਕ ਕਿ ਪਾਰਟੀ ਹੈਡਕੁਆਟਰ 'ਤੇ ਮਨਾਏ ਜਾ ਰਹੇ ਜਸ਼ਨਾਂ ਵਿਚ ਵੀ ਅਰਵਿੰਦ ਕੇਜਰੀਵਾਲ ਉਥੇ ਮੌਜੂਦ ਹੋਣ ਦੇ ਬਾਵਜੂਦ ਸ਼ਾਮਲ ਨਹੀਂ ਹੋਏ। ਅਖ਼ੀਰ ਮਨੀਸ਼ ਸਿਸੋਦੀਆਂ ਦੀ ਜਿੱਤ ਦਾ ਐਲਾਨ ਹੋਣ ਬਾਅਦ ਉਹ ਜੇਤੂ ਜਰਨੈਲ ਵਾਂਗ ਸਾਥੀਆਂ ਸਮੇਤ ਪਾਰਟੀ ਹੈਡ ਕੁਆਟਰ ਪਹੁੰਚੇ ਜਿੱਥੇ ਉਨ੍ਹਾਂ ਨੇ ਜਿੱਤ ਦੇ ਜਸ਼ਨਾਂ ਦੀ ਕਮਾਨ ਸੰਭਾਲੀ।
Comments (0)
Facebook Comments (0)