ਹਰਿਮੰਦਰ ਸਾਹਿਬ ਵਿਖੇ ਕੇਂਦਰੀ ਸਿੱਖ ਅਜਾਇਬ ਘਰ ‘ਚ 2 ਪ੍ਰਮੁੱਖ ਸ਼ਖਸ਼ੀਅਤਾਂ ਦੀਆਂ ਲਗਾਈਆਂ ਤਸਵੀਰਾਂ

ਹਰਿਮੰਦਰ ਸਾਹਿਬ ਵਿਖੇ ਕੇਂਦਰੀ ਸਿੱਖ ਅਜਾਇਬ ਘਰ ‘ਚ 2 ਪ੍ਰਮੁੱਖ ਸ਼ਖਸ਼ੀਅਤਾਂ ਦੀਆਂ ਲਗਾਈਆਂ ਤਸਵੀਰਾਂ

ਅੰਮ੍ਰਿਤਸਰ :

ਦੋ ਪ੍ਰਮੁੱਖ ਸਖ਼ਸ਼ੀਅਤਾਂ ਸੰਤ ਗਿਆਨੀ ਵਰਿਆਮ ਸਿੰਘ ਧੂਰਕੋਟ ਤੇ ਪੰਥ ਪ੍ਰਸਿੱਧ ਕਵੀਸ਼ਰ ਗਿਆਨੀ ਜੋਗਾ ਸਿੰਘ ਜੋਗੀ ਦੀਆਂ ਤਸਵੀਰਾਂ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਕੇਂਦਰੀ ਸਿੱਖ ਅਜਾਇਬ ਘਰ ਵਿਚ ਲਗਾਈਆਂ ਗਈਆਂ ਹਨ। ਇਨ੍ਹਾਂ ਦੋਹਾਂ ਸ਼ਖ਼ਸ਼ੀਅਤਾਂ ਨੇ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਵਿਚ ਅਹਿਮ ਯੋਗਦਾਨ ਪਾਇਆ ਹੈ। ਤਸਵੀਰਾਂ ਤੋਂ ਪਰਦਾ ਹਟਾਉਣ ਦੀ ਰਸਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਮਾਨ ਸਿੰਘ, ਗਿਆਨੀ ਗੁਰਮਿੰਦਰ ਸਿੰਘ ਸਮੇਤ ਹੋਰ ਪ੍ਰਮੁੱਖ ਸ਼ਖ਼ਸ਼ੀਅਤਾਂ ਨੇ ਨਿਭਾਈ, ਜਦਕਿ ਇਸ ਤੋਂ ਪਹਿਲਾਂ ਹਜ਼ੂਰੀ ਰਾਗੀ ਜੱਥਿਆਂ ਨੇ ਗੁਰਬਾਣੀ ਕੀਰਤਨ ਕੀਤਾ। ਇਸ ਮੌਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸੰਬੋਧਨ ਕਰਦਿਆਂ ਸੰਤ ਗਿਆਨੀ ਵਰਿਆਮ ਸਿੰਘ ਧੂਰਕੋਟ ਤੇ ਗਿਆਨੀ ਜੋਗਾ ਸਿੰਘ ਜੱਗੀ ਦੀ ਪੰਥਕ ਦੇਣ ਨੂੰ ਆਉਣ ਵਾਲਆਂ ਪੀੜ੍ਹੀਆਂ ਲਈ ਪ੍ਰੇਰਣਾ ਸ੍ਰੋਤ ਦੱਸਿਆ। ਉਨ੍ਹਾਂ ਕਿਹਾ ਕਿ ਜਿਥੇ ਸੰਤ ਗਿਆਨੀ ਵਰਿਆਮ ਸਿੰਘ ਧੂਰਕੋਟ ਨੇ 55 ਸਾਲ ਗੁਰਮਤਿ ਵਿਦਿਆਲੇ ਵਿਚ ਸੇਵਾ ਨਿਭਾਉਂਦਿਆਂ ਸੈਂਕੜੇ ਨੌਜਵਾਨਾਂ ਨੂੰ ਸਿੱਖੀ ਪ੍ਰਚਾਰ ਪ੍ਰਸਾਰ ਲਈ ਤਿਆਰ ਕੀਤਾ, ਉਥੇ ਹੀ ਕਵੀਸ਼ਰੀ ਰਾਹੀਂ ਵੱਡਮੁੱਲੀ ਸੇਵਾ ਨਿਭਾਉਣ ਵਾਲੇ ਗਿਆਨੀ ਜੋਗਾ ਸਿੰਘ ਜੋਗੀ ਨੇ 20 ਦੇ ਕਰੀਬ ਕਿਤਾਬਾਂ ਅਤੇ ਸੈਂਕੜੇ ਰਿਕਾਰਡਾਂ ਰਾਹੀਂ ਕਵੀਸ਼ਰੀ ਕਲਾ ਨੂੰ ਅੱਗੇ ਵਧਾਇਆ। ਅਜਿਹੀਆਂ ਸਖਸ਼ੀਅਤਾਂ ਦੇ ਕੇਂਦਰੀ ਸਿੱਖ ਅਜਾਇਬ ਘਰ ਵਿਚ ਚਿੱਤਰ ਸੁਸ਼ੋਭਿਤ ਨਾਲ ਕੌਮ ਦੀਆਂ ਅਗਲੀਆਂ ਪੀੜ੍ਹੀਆਂ ਸਿੱਖੀ ਪ੍ਰਚਾਰ ਲਈ ਉਤਸ਼ਾਹਿਤ ਹੋਣਗੀਆਂ।