
ਸਿਹਤ ਵਿਭਾਗ ਵੱਲੋਂ ਹੜ੍ਹ ਨਾਲ ਪ੍ਰਭਾਵਿਤ ਅੱਠ ਪਿੰਡਾਂ ਵਿਚ ਲਗਾਤਾਰ ਲਗਾਏ ਜਾ ਰਹੇ ਹਨ ਮੈਡੀਕਲ ਕੈਂਪ-ਡਿਪਟੀ ਕਮਿਸ਼ਨਰ
Sun 1 Sep, 2019 0
ਤਰਨ ਤਾਰਨ, 1 ਸਤੰਬਰ 2019 :
ਜ਼ਿਲ੍ਹਾ ਤਰਨਤਾਰਨ ਵਿਚ ਇਸ ਸਮੇਂ ਹੜ੍ਹਾਂ ਦੀ ਸਥਿਤੀ ਪੂਰੀ ਤਰ੍ਹਾਂ ਕਾਬੂ ਵਿਚ ਹੈ।ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਨੇ ਦੱਸਿਆ ਕਿ ਸਿਹਤ ਵਿਭਾਗ ਤਰਨਤਾਰਨ ਵੱਲੋਂ ਹੜ੍ਹ ਨਾਲ ਪ੍ਰਭਾਵਿਤ ਅੱਠ ਪਿੰਡਾਂ ਵਿਚ ਲਗਾਤਾਰ ਮੈਡੀਕਲ ਕੈਂਪ ਲਗਾਏ ਜਾ ਰਹੇ ਹਨ, ਜਿਸ ਵਿਚ ਹੁਣ ਤੱਕ 1949 ਵਿਅਕਤੀਆਂ ਨੂੰ ਮੁੱਢਲੀਆਂ ਸਿਹਤ ਸਹੂਲਤਾਂ ਦਿੱਤੀਆਂ ਗਈਆਂ ਹਨ ਅਤੇ ਇਹ ਕੈਂਪ 23 ਅਗਸਤ, 2019 ਤੋਂ ਲਗਾਤਾਰ ਚੱਲ ਰਹੇ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸੇ ਤਰ੍ਹਾਂ ਹੜ੍ਹ ਪ੍ਰਭਾਵਿਤ ਪਿੰਡਾਂ ਵਿਚ ਪਸ਼ੂ ਪਾਲਣ ਵਿਭਾਗ ਤਰਨਤਾਰਨ ਵੱਲੋਂ ਲਗਾਤਾਰ ਪਸ਼ੂਆਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਲਗਾਤਾਰ ਕੈਂਪ ਚੱਲ ਰਹੇ ਹਨ ਅਤੇ ਹੁਣ ਤੱਕ 44 ਕੈਂਪ ਲਗਾਏ ਜਾ ਚੁੱਕੇ ਹਨ, ਜਿਸ ਵਿਚ 850 ਜਾਨਵਰਾਂ ਦਾ ਇਲਾਜ ਕੀਤਾ ਗਿਆ ਹੈ ਅਤੇ 450 ਜਾਨਵਰਾਂ ਨੂੰ ਬਿਮਾਰੀ ਰੋਕਣ ਵਾਲੇ ਟੀਕੇ ਲਗਾਏ ਗਏ ਹਨ।ਇਸ ਤੋਂ ਇਲਾਵਾ ਹੜ੍ਹ ਪ੍ਰਭਾਵਿਤ ਪਿੰਡਾਂ ਵਿਚ 150 ਕੁਇੰਟਲ ਸੁੱਕਾ ਚਾਰੇ ਦਾ ਪਸ਼ੂ ਪਾਲਣ ਵਿਭਾਗ ਤਰਨਤਾਰਨ ਵੱਲੋਂ ਪ੍ਰਬੰਧ ਕੀਤਾ ਗਿਆ ਸੀ ਜੋ ਕਿ ਲਗਾਤਾਰ 4 ਦਿਨ ਲਈ 1352 ਛੋਟੇ ਅਤੇ ਵੱਡੇ ਜਾਨਵਰਾਂ ਵਿਚ ਵੰਡਿਆ ਗਿਆ।
ਸ੍ਰੀ ਸੱਭਰਵਾਲ ਨੇ ਦੱਸਿਆ ਕਿ ਜ਼ਿਲ੍ਹਾ ਤਰਨਤਾਰਨ ਵਿਚ ਸਬ-ਡਵੀਜ਼ਨ ਖਡੂਰ ਸਾਹਿਬ ਵਿਚ ਲਗਭਗ 9075 ਏਕੜ ਰਕਬਾ, ਪੱਟੀ ਤੇ ਭਿੱਖੀਵਿੰਡ ਵਿਚ 10231 ਏਕੜ ਰਕਬਾ ਅਤੇ ਸਬ-ਡਿਵੀਜ਼ਨ ਤਰਨਤਾਰਨ ਵਿਚ ਲਗਭਗ 5479 ਏਕੜ ਰਕਬੇ ਵਿਚ ਫਸਲਾਂ ਪ੍ਰਭਾਵਿਤ ਹੋਈਆਂ ਹਨ।ਇਸ ਤਰ੍ਹਾਂ ਜ਼ਿਲ੍ਹੇ ਵਿਚ ਕੁੱਲ 44 ਪਿੰਡਾਂ ਦੇ ਲਗਭਗ 24785 ਏਕੜ ਰਕਬੇ ਵਿਚ ਫਸਲਾਂ ਪ੍ਰਭਾਵਿਤ ਹੋਈਆਂ ਹਨ। ਇਸ ਸਬੰਧੀ ਫਸਲਾਂ ਦੇ ਨੁਕਸਾਨ ਦੀ ਸਹੀ ਰਿਪੋਰਟ ਪਾਣੀ ਉਤਰਣ ਉਪਰੰਤ ਗਿਰਦਾਵਰੀ ਕਰਕੇ ਸਰਕਾਰ ਨੂੰ ਭੇਜੀ ਜਾਵੇਗੀ।
ਉਹਨਾਂ ਦੱਸਿਆ ਕਿ ਪਿਛਲੇ ਦਿਨੀਂ ਸਤਲੁਜ ਦਰਿਆ ਨਾਲ ਲੱਗਦੇ ਨੀਵੇਂ ਇਲਾਕਿਆਂ ਵਿੱਚ ਆਏ ਹੜ੍ਹਾਂ ਦੌਰਾਨ ਧੁੱਸੀ ਬੰਨ੍ਹ ਦੇ ਕਿਨਾਰੇ ਝੁੱਗੀਆਂ-ਝੌਂਪੜੀਆਂ ਬਣਾ ਕੇ ਰਹਿ ਰਹੇ 25 ਵਿਅਕੀਤਆਂ ਨੂੰ ਬੀ. ਐੱਸ. ਐੱਫ. ਦੀ ਮੋਟਰ-ਬੋਟ ਦੀ ਮੱਦਦ ਨਾਲ ਸੁਰੱਖਿਅਤ ਕੱਢ ਕੇ ਧੁੱਸੀ ਬੰਨ੍ਹ ਦੇ ਆਰ ਪਿੰਡ ਵਿਚ ਲਿਆਂਦਾ ਗਿਆ, ਜਿਨ੍ਹਾਂ ਦੇ ਰਹਿਣ ਦਾ ਪ੍ਰਬੰਧ ਗੁਰਦੁਆਰਾ ਬੀੜ ਸਾਹਿਬ ਪਿੰਡ ਸਭਰਾਵਾਂ, ਤਹਿਸੀਲ ਪੱਟੀ ਵਿਚ ਚੱਲ ਰਹੇ ਰਿਲੀਫ ਕੈਂਪ ਵਿਚ ਕੀਤਾ ਗਿਆ ਸੀ। ਇਹ ਵਿਅਕਤੀ ਕੁਝ ਦਿਨ ਇਸ ਕੈਂਪ ਵਿਚ ਰਹਿਣ ਉਪਰੰਤ ਆਪਣੇ-ਆਪਣੇ ਰਿਸ਼ਤੇਦਾਰਾਂ ਪਾਸ ਵਾਪਸ ਚਲੇ ਗਏ।
ਉਹਨਾਂ ਦੱਸਿਆ ਕਿ ਲੋਕਾਂ ਨੂੰ ਸੁਰੱਖਿਅਤ ਕੱਢਣ ਦੇ ਮੰਤਵ ਨਾਲ ਬੀਤੇ ਦਿਨੀਂ ਆਏ ਹੜ੍ਹਾਂ ਦੌਰਾਨ ਐੱਨ. ਡੀ. ਆਰ. ਐੱਫ. ਦੀ ਇਕ ਟੀਮ ਬਠਿੰਡਾ ਤੋਂ ਤਰਨਤਾਰਨ ਵਿਖੇ ਬੁਲਾਈ ਗਈ ਸੀ, ਜੋ ਕਿ ਪਿੰਡ ਕੋਟ ਬੁੱਢਾ ਵਿਖੇ ਮਿਤੀ 19 ਅਗਸਤ, 2019 ਨੂੰ ਰਾਤ ਨੂੰ ਪਹੁੰਚ ਗਈ ਸੀ, ਜਿਸ ਤੋਂ ਬਾਅਦ ਪਾਣੀ ਜ਼ਿਆਦਾ ਆਉਣ ਕਾਰਨ ਫਸੇ 11 ਵਿਅਕਤੀਆਂ ਅਤੇ 2 ਗਾਵਾਂ ਨੂੰ ਇਸ ਟੀਮ ਵੱਲੋਂ ਸੁਰੱਖਿਅਤ ਬਾਹਰ ਕੱਢਿਆ ਗਿਆ।
------------------
Comments (0)
Facebook Comments (0)