
ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਦੀ ਵਿਧਾਨ ਸਭਾ ਹਲਕਾ ਵਾਰ ਅਲਾਟਮੈਂਟ ਲਈ ਰੈਂਡੇਮਾਈਜ਼ੇਸ਼ਨ
Sat 30 Mar, 2019 0
ਤਰਨ ਤਾਰਨ, 30 ਮਾਰਚ :
ਲੋਕ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਅੱਜ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਦੀ ਅਗਵਾਈ ’ਚ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਦੀ ਵਿਧਾਨ ਸਭਾ ਹਲਕਾ ਵਾਰ ਰੈਂਡੇਮਾਈਜ਼ੇਸ਼ਨ ਕੀਤੀ ਗਈ।ਇਸ ਮੌਕੇ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਸੰਦੀਪ ਰਿਸ਼ੀ, ਸਹਾਇਕ ਕਮਿਸ਼ਨਰ ਜਨਰਲ ਸ੍ਰੀ ਹਰਦੀਪ ਸਿੰਘ ਧਾਲੀਵਾਲ, ਡਿਪਟੀ ਡਾਇਰੈਕਟਰ ਬਾਗ਼ਵਾਨੀ ਡਾ. ਬਾਜ਼ ਸਿੰਘ ਤੋਂ ਇਲਾਵਾ ਵੱਖ-ਵੱਖ ਰਾਜਨੀਤਕ ਪਾਰਟੀਆਂ ਦੇ ਨੁਮਾਇੰਦੇ ਸ੍ਰੀ ਯਸ਼ਪਾਲ ਸ਼ਰਮਾ ਇੰਡੀਅਨ ਨੈਸ਼ਨਲ ਕਾਂਗਰਸ, ਸ੍ਰੀ ਮਨੋਜ ਕੁਮਾਰ ਸ਼੍ਰੋਮਣੀ ਅਕਾਲੀ ਦਲ, ਸਰਬਜੀਤ ਕੌਰ ਬਾਠ ਬੀ. ਜੇ. ਪੀ. ਹਰਕ੍ਰਿਸ਼ਨ ਲਾਲ ਅਰੋੜਾ ਐੱਨ. ਸੀ. ਪੀ., ਸ੍ਰੀ ਭੁਪਿੰਦਰ ਸਿੰਘ ਬਿੱਟੂ ਆਮ ਆਦਮੀ ਪਾਰਟੀ ਅਤੇ ਸ੍ਰੀ ਜਗਤਾਰ ਸਿੰਘ ਬਹੁਜਨ ਸਮਾਜ ਪਾਰਟੀ ਆਦਿ ਵੀ ਮੌਜੂਦ ਸਨ। ਇਸ ਮੌਕੇ ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਜ਼ਿਲ੍ਹੇ ਦੇ ਚਾਰ ਵਿਧਾਨ ਸਭਾ ਹਲਕਿਆਂ ਤਰਨ ਤਾਰਨ, ਖਡੂਰ ਸਾਹਿਬ, ਪੱਟੀ ਅਤੇ ਖੇਮਕਰਨ ਲਈ 878 ਪੋਲਿੰਗ ਚੋਣ ਬੂਥ ਬਣਾਏ ਗਏ ਹਨ, ਜਿਨ੍ਹਾਂ ’ਤੇ ਇਸ ਵਾਰ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ ਦੇ ਨਾਲ-ਨਾਲ ਵੀ. ਵੀ. ਪੀ. ਏ. ਟੀ. ਨੂੰ ਵੀ ਜੋੜਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਅੱਜ ਦੀ ਇਸ ਪਹਿਲੇ ਪੜਾਅ ਦੀ ਰੈਂਡੇਮਾਈਜ਼ੇਸ਼ਨ ਦੌਰਾਨ ਪੋਲਿੰਗ ਬੂਥਾਂ ਦੀ ਗਿਣਤੀ ਦੇ ਬਰਾਬਰ ਈ. ਵੀ. ਐਮਜ਼ ਅਤੇ ਵੀ. ਵੀ. ਪੀ. ਏ. ਟੀ. ਤੋਂ ਇਲਾਵਾ 15 ਫ਼ੀਸਦੀ ਕੰਟਰੋਲ ਯੂਨਿਟ, 15 ਫ਼ੀਸਦੀ ਬੈਲਟ ਯੂਨਿਟ ਅਤੇ 20 ਫ਼ੀਸਦੀ ਵੀ. ਵੀ. ਪੀ. ਏ. ਟੀ. ਹੋਰ ਰਾਖਵੇਂ ਕੀਤੇ ਗਏ ਹਨ ਜੋ ਕਿ ਕਿਸੇ ਯੂਨਿਟ ਦੇ ਖਰਾਬ ਹੋਣ ਦੀ ਸੂਰਤ ’ਚ ਵਰਤੇ ਜਾ ਸਕਣਗੇ। ਜ਼ਿਲ੍ਹਾ ਚੋਣ ਅਫ਼ਸਰ ਅਨੁਸਾਰ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਕੀਤੀ ਗਈ ਰੈਂਡੇਮਾਈਜ਼ੇਸ਼ਨ ਦੀ ਪ੍ਰਕਿਰਿਆ ਤੋਂ ਬਾਅਦ ਜ਼ਿਲ੍ਹੇ ’ਚ ਰੱਖੀਆ ਹੋਈਆਂ ਈ. ਵੀ. ਐਮਜ਼ ਤਰਨ ਤਾਰਨ, ਖਡੂਰ ਸਾਹਿਬ, ਪੱਟੀ ਅਤੇ ਖੇਮਕਰਨ ਦੇ ਸਹਾਇਕ ਰਿਟਰਨਿੰਗ ਅਫ਼ਸਰਾਂ ਵੱਲੋਂ ਆਪੋ-ਆਪਣੇ ਤਿਆਰ ਕੀਤੇ ਗਏ ਸਟਰੌਂਗ ਰੂਮਜ਼ ’ਚ ਤਬਦੀਲ ਕਰ ਲਏ ਜਾਣਗੇ ਅਤੇ 19 ਮਈ ਨੂੰ ਹੋਣ ਜਾਣ ਰਹੀਆਂ ਲੋਕ ਸਭਾ ਚੋਣਾਂ ਲਈ ਮਤਦਾਨ ਦੇ ਮੱਦੇਨਜ਼ਰ 18 ਮਈ ਨੂੰ ਇਨ੍ਹਾਂ ਥਾਂਵਾਂ ਤੋਂ ਹੀ ਚੋਣ ਪਾਰਟੀਆਂ ਨੂੰ ਸੌਂਪੀਆਂ ਜਾਣਗੀਆਂ। ਇਸ ਮੌਕੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਮੌਜੂਦ ਨੁਮਾਇੰਦਿਆਂ ਨੂੰ ਈ. ਵੀ. ਐਮਜ਼ ਅਤੇ ਵੀ. ਵੀ. ਪੀ. ਏ. ਟੀ. ਮਸ਼ੀਨਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ ਅਤੇ ਦੱਸਿਆ ਕਿ ਵੀ. ਵੀ. ਪੀ. ਏ. ਟੀ. ਮਸ਼ੀਨ ਵਿੱਚ ਪਾਈ ਗਈ ਵੋਟ ਨੂੰ ਮਤਦਾਤਾ ਵੱਲੋਂ 7 ਸੈਕਿੰਡ ਤੱਕ ਸਕਰੀਨ ’ਤੇ ਦੇਖਿਆ ਜਾ ਸਕਦਾ ਹੈ।
Comments (0)
Facebook Comments (0)