ਚੰਦ੍ਰਯਾਨ-2 ਚੰਨ ਦੇ ਗ੍ਰਹਿ-ਪੰਧ ‘ਚ ਅੱਜ ਹੋ ਜਾਵੇਗਾ ਦਾਖ਼ਲ

ਚੰਦ੍ਰਯਾਨ-2 ਚੰਨ ਦੇ ਗ੍ਰਹਿ-ਪੰਧ ‘ਚ ਅੱਜ ਹੋ ਜਾਵੇਗਾ ਦਾਖ਼ਲ

 

ਚੰਨ ’ਤੇ ਭੇਜਿਆ ਗਿਆ ਭਾਰਤ ਦਾ ਦੂਜਾ ਸਪੇਸਕ੍ਰਾਫ਼ਟ ਚੰਦਰਯਾਨ – 2 ਅੱਜ ਚੰਨ ਦੇ ਗ੍ਰਹਿ-ਪੰਧ (ਆਰਬਿਟ) ਵਿੱਚ ਦਾਖ਼ਲ ਹੋ ਜਾਵੇਗਾ । ਇਹ ਜਾਣਕਾਰੀ ਭਾਰਤੀ ਪੁਲਾੜ ਦੀ ਖੋਜ ਏਜੰਸੀ (ISRO) ਨੇ ਦਿੱਤੀ ਹੈ । ਇਸ ਤੋਂ ਬਾਅਦ ਇਹ ਸਪੇਸਕ੍ਰਾਫ਼ਟ ਆਉਣ ਵਾਲੀ 21, 28, 30 ਅਗਸਤ ਅਤੇ 1 ਸਤੰਬਰ ਨੂੰ ਵੀ ਆਪਣੇ ਆਖਰੀ  ਗ੍ਰਹਿ-ਪੰਧ ਵਿੱਚ ਦਾਖ਼ਲ ਹੋਣ ਲਈ ਕੁਝ ਜਤਨ ਕਰੇਗਾ । 

ਉਸ ਸਮੇਂ ਉਸ ਦੀ ਚੰਨ ਤੋਂ ਦੂਰੀ ਸਿਰਫ਼ 100 ਕਿਲੋਮੀਟਰ ਹੀ ਰਹਿ ਜਾਵੇਗੀ । ਉਸ ਤੋਂ ਬਾਅਦ ਵਿਕਰਮ ਲੈਂਡਰ 2 ਸਤੰਬਰ ਨੂੰ ਗ੍ਰਹਿ-ਪੰਧ ਤੋਂ ਵੱਖ ਹੋ ਜਾਵੇਗਾ । ਫਿਰ ਉਹ 7 ਸਤੰਬਰ ਨੂੰ ਚੰਨ ਦੇ ਉਸ ਅਣਛੋਹੇ ਅਤੇ ਅੰਧੇਰੇ ਵਾਲੇ ਹਿੱਸੇ ਉੱਤੇ ਉੱਤਰੇਗਾ, ਜਿੱਥੇ ਅੱਜ ਤੱਕ ਕਿਸੇ ਦੇਸ਼ ਨੇ ਆਪਣਾ ਕੋਈ ਪੁਲਾੜ-ਵਾਹਨ ਨਹੀਂ ਭੇਜਿਆ । ਉੱਥੇ ਕਦੇ ਸੂਰਜ ਦੀ ਰੌਸ਼ਨੀ ਵੀ ਨਹੀਂ ਪਹੁੰਚ ਸਕੀ ।

ਚੰਦਰਯਾਨ -2 ਅਸਲ ਵਿੱਚ ਚੰਦਰਯਾਨ -1 ਮਿਸ਼ਨ ਦਾ ਇੱਕ ਨਵਾਂ ਰੂਪ ਹੈ । ਇਸ ਵਿਚ ਆਰਬਿਟਰ , ਲੈਂਡਰ (ਵਿਕਰਮ) ਅਤੇ ਰੋਵਰ (ਪ੍ਰੱਗਿਆ) ਸ਼ਾਮਲ ਹਨ । ਚੰਦਰਯਾਨ -1 ਵਿਚ ਸਿਰਫ ਚੰਦਰਮਾ ਦੇ ਚੱਕਰ ਲਗਾਉਣ ਵਾਲਾ ਸੀ । ਚੰਦਰਯਾਨ -2 ਦੇ ਜ਼ਰੀਏ ਭਾਰਤ ਪਹਿਲੀ ਵਾਰ ਚੰਦਰਮਾ ਦੀ ਸਤਹ ‘ਤੇ ਲੈਂਡਰ ਉਤਰੇਗਾ । ਇਹ ਲੈਂਡਿੰਗ ਚੰਦਰਮਾ ਦੇ ਦੱਖਣ ਧਰੁਵ ‘ਤੇ ਹੋਵੇਗੀ । ਇਸ ਦੇ ਨਾਲ, ਚੰਦਰਮਾ ਦੇ ਦੱਖਣੀ ਧਰੁਵ ‘ਤੇ ਉੱਤਰਨ ਵਾਲਾ ਭਾਰਤ ਪਹਿਲਾ ਦੇਸ਼ ਬਣ ਜਾਵੇਗਾ ।

ਦੱਸ ਦਈਏ ਕਿ ਬੀਤੀ 22 ਜੁਲਾਈ ਨੂੰ ਚੰਦਰਯਾਨ-2 ਨੂੰ 170 X 45,475 ਕਿਲੋਮੀਟਰ ਦੇ ਅੰਡਾਕਾਰ ਗ੍ਰਹਿ-ਪੰਧ ਵਿੱਚ ਭੇਜਿਆ ਗਿਆ ਸੀ । ਇਸ ਨੂੰ ਜਿਓਸਿਨਕ੍ਰੋਨਸ ਸੈਟੇਲਾਇਟ ਲਾਂਚ ਵਹੀਕਲ-ਮਾਰਕ III (GSLV MK III) ਦੁਆਰਾ ਇੱਕ ਟੈਕਸਟ-ਬੁੱਕ ਸ਼ੈਲੀ ਵਿੱਚ ਭੇਜਿਆ ਗਿਆ ਸੀ । ਆਰਬਿਟਰ ਦਾ ਵਜ਼ਨ 2,379 ਕਿਲੋਗ੍ਰਾਮ, ਹੈ ਜਦਕਿ ਵਿਕਰਮ ਦਾ ਭਾਰ 1,471 ਕਿਲੋਗ੍ਰਾਮ ਹੈ । ਰੋਵਰ ‘ਪ੍ਰੱਗਿਆਨ’ ਦਾ ਵਜ਼ਨ 27 ਕਿਲੋਗ੍ਰਾਮ ਹੈ।