ਦੁੱਧ ਦੀ ਖ਼ਰੀਦ ਦੀਆਂ ਕੀਮਤਾਂ ਵਿਚ 20 ਰੁਪਏ ਪ੍ਰਤੀ ਕਿਲੋ ਫੈਟ ਦਾ ਵਾਧਾ

ਦੁੱਧ ਦੀ ਖ਼ਰੀਦ ਦੀਆਂ ਕੀਮਤਾਂ ਵਿਚ 20 ਰੁਪਏ ਪ੍ਰਤੀ ਕਿਲੋ ਫੈਟ ਦਾ ਵਾਧਾ

ਚੰਡੀਗੜ੍ਹ:

ਪੰਜਾਬ ਰਾਜ ਸਹਿਕਾਰੀ ਦੁੱਧ ਉਤਪਾਦਕ ਸੰਘ ਲਿਮਿਟਡ (ਮਿਲਕਫੈਡ) ਵਲੋਂ ਦੁੱਧ ਉਤਪਾਦਕ ਕਿਸਾਨਾਂ ਤੋਂ ਕੀਤੀ ਜਾਂਦੀ ਦੁੱਧ ਦੀ ਖ਼ਰੀਦ ਦੀਆਂ ਕੀਮਤਾਂ ਵਿਚ 20 ਰੁਪਏ ਪ੍ਰਤੀ ਕਿਲੋ ਫੈਟ ਦਾ ਵਾਧਾ ਕੀਤਾ ਗਿਆ। ਇਹ ਵਾਧਾ ਅੱਜ 11 ਜੂਨ ਤੋ ਲਾਗੂ ਹੋ ਗਿਆ। ਇਹ ਜਾਣਕਾਰੀ ਸਹਿਕਾਰਤਾ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਇੱਥੇ ਮਿਲਕਫੈਡ ਦੇ ਉਚ ਅਧਿਕਾਰੀਆਂ ਨਾਲ ਮੀਟਿੰਗ ਉਪਰੰਤ ਜਾਰੀ ਪ੍ਰੈਸ ਬਿਆਨ ਰਾਹੀਂ ਦਿਤੀ।

ਸ. ਰੰਧਾਵਾ ਨੇ ਦੱਸਿਆ ਕਿ ਇਸ ਵਾਧੇ ਦਾ ਮੁੱਖ ਕਾਰਨ ਪਸੂ ਖੁਰਾਕ ਅਤੇ ਚਾਰੇ ਦੀ ਕੀਮਤਾਂ ਵਿੱਚ ਵਾਧਾ ਹੋਣ ਕਰਕੇ ਦੁੱਧ ਉਤਪਾਦਕਾਂ ਦੇ ਵਧੇ ਖਰਚੇ ਕਾਰਨ ਉਨ੍ਹਾਂ ਨੂੰ ਰਾਹਤ ਦੇਣਾ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕਾਰਨਾਂ ਦੇ ਮੱਦੇਨਜਰ ਵੇਰਕਾ ਵੱਲੋਂ ਪਹਿਲਾਂ ਵੀ 21 ਅਪਰੈਲ ਨੂੰ 10 ਰੁਪਏ ਤੋਂ 20 ਰੁਪਏ ਅਤੇ 21 ਮਈ ਨੂੰ 20 ਰੁਪਏ ਪ੍ਰਤੀ ਕਿਲੋ ਫੈਟ ਵਧਾਏ ਗਏ ਹਨ।

ਇਸ ਮੌਕੇ ਮੀਟਿੰਗ ਵਿੱਚ ਮਿਲਕਫੈਡ ਦੇ ਪ੍ਰਬੰਧ ਨਿਰਦੇਸਕ ਸ੍ਰੀ ਕਮਲਦੀਪ ਸਿੰਘ ਸੰਘਾ ਨੇ ਸਹਿਕਾਰਤਾ ਮੰਤਰੀ ਨੂੰ ਦੱਸਿਆ ਕਿ ਵੇਰਕਾ ਹਮੇਸਾ ਆਪਣੇ ਦੁੱਧ ਉਤਪਾਦਕਾਂ ਨੂੰ ਉਤਮ ਦੁੱਧ ਪ੍ਰਾਪਤੀ ਕੀਮਤ ਮੁਹੱਈਆ ਕਰਾਉਣ ਵਿੱਚ ਵਿਸਵਾਸ ਰੱਖਦਾ ਹੈ। ਵੇਰਕਾ ਭਾਈਚਾਰਾ ਆਪਣੇ ਦੁੱਧ ਉਤਪਾਦਕ ਕਿਸਾਨਾਂ ਵਿੱਚ ਆਪਣੇ ਅਦਾਰੇ ਵੇਰਕਾ ਲਈ ਮਲਕੀਅਤ ਦੀ ਭਾਵਨਾ ਉਤਪਨ ਕਰਦਾ ਹੈ ਅਤੇ ਨਾਲ ਹੀ ਉਹਨਾਂ ਵਿੱਚ ਉਤਮ ਕੁਆਲਟੀ ਦਾ ਦੁੱਧ ਪੈਦਾ ਕਰਨ ਦੀ ਜਿੰਮੇਵਾਰੀ ਦੀ ਭਾਵਨਾ ਨੂੰ ਵੀ ਪੈਦਾ ਕਰਦਾ ਹੈ।

ਅਜਿਹਾ ਕਰਨ ਲਈ ਮਿਲਕਫੈਡ ਆਪਣੇ ਦੁੱਧ ਉਤਪਾਦਕਾਂ ਨੂੰ ਸਭ ਤੋਂ ਉਤਮ ਦੁੱਧ ਪ੍ਰਾਪਤੀ ਕੀਮਤਾਂ ਦਿੰਦੇ ਹੋਏ ਇਹ ਯਕੀਨੀ ਬਣਾਉਂਦਾ ਹੈ ਕਿ ਦੁੱਧ ਉਤਪਾਦਕ ਉਤਮ ਕੁਆਲਟੀ ਦਾ ਦੁੱਧ ਮੁਹੱਈਆ ਕਰਵਾਉਣ, ਜਿਸ ਨਾਲ ਕਿ ਵੇਰਕਾ ਆਪਣੇ ਖਪਤਕਾਰਾਂ ਨੂੰ ਆਪਣੇ ਦੁੱਧ ਪਦਾਰਥਾਂ ਦੀ ਉਤਮ ਗੁੱਣਵਤਾ ਮੁਹੱਈਆ ਕਰਵਾਵੇ।