
ਅਟਾਰੀ ਬਾਰਡਰ ’ਤੇ ਟਰੱਕ ਰਾਹੀਂ ਆਈਆਂ ਨਮਕ ਦੀਆਂ ਬੋਰੀਆਂ ਵਿਚੋਂ ਲਗਭੱਗ 533 ਕਿੱਲੋਗ੍ਰਾਮ ਹੈਰੋਇਨ ਬਰਾਮਦ
Mon 1 Jul, 2019 0
ਅੰਮ੍ਰਿਤਸਰ:
ਸਰਹੱਦ ਪਾਰ ਪਾਕਿਸਤਾਨ ਤੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਰੁਕਣ ਦਾ ਨਾਮ ਨਹੀਂ ਲੈ ਰਹੀ ਹੈ। ਹੁਣ ਪਾਕਿਸਤਾਨ ਤੋਂ ਬੀਤੇ ਦਿਨੀਂ ਆਈ.ਸੀ.ਪੀ. ਅਟਾਰੀ ਬਾਰਡਰ ’ਤੇ ਟਰੱਕ ਰਾਹੀਂ ਆਈਆਂ ਨਮਕ ਦੀਆਂ ਬੋਰੀਆਂ ਵਿਚੋਂ ਲਗਭੱਗ 533 ਕਿੱਲੋਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਇਸ ਹੈਰੋਇਨ ਦੀ ਕੀਮਤ 2600 ਕਰੋੜ ਰੁਪਏ ਦੱਸੀ ਜਾ ਰਹੀ ਹੈ। ਇਹ ਹੁਣ ਤੱਕ ਫੜੀ ਗਈ ਹੈਰੋਇਨ ਦੀ ਸਭ ਤੋਂ ਵੱਡੀ ਖੇਪ ਮੰਨੀ ਜਾ ਰਹੀ ਹੈ। ਇਸ ਹੈਰੋਇਨ ਨੂੰ ਲੂਣ ਦੇ ਪੈਕਟਾਂ ਵਿਚ ਭਰ ਕੇ ਲਿਆਂਦਾ ਜਾ ਰਿਹਾ ਸੀ।
ਸ਼ੱਕ ਦੇ ਆਧਾਰ ਉਤੇ ਜਦੋਂ ਕਸਟਮ ਵਿਭਾਗ ਦੀ ਟੀਮ ਨੇ ਡਿਲਵਰੀ ਤੋਂ ਪਹਿਲਾਂ ਟਰੱਕੀ ਵਿਚ ਪਈਆਂ ਬੋਰੀਆਂ ਦੀ ਜਾਂਚ ਕੀਤੀ ਤਾਂ ਉਨ੍ਹਾਂ ਦੇ ਅੰਦਰ 1-1 ਕਿੱਲੋ ਦੇ ਚਿੱਟੇ ਰੰਗ ਦੇ ਪਾਊਡਰ ਵਾਲੇ ਪੈਕਟ ਮਿਲੇ, ਜਦੋਂ ਜਾਂਚ ਕੀਤੀ ਤਾਂ ਵਿਚੋਂ 100 ਪੈਕਟ ਹੈਰੋਇਨ ਦੇ ਬਰਾਮਦ ਹੋਏ। ਇਸ ਦੌਰਾਨ ਜਦੋਂ ਰਾਤ ਭਰ ਅਧਿਕਾਰੀਆਂ ਵਲੋਂ ਟਰੱਕਾਂ ਦੀ ਜਾਂਚ ਕੀਤੀ ਗਈ ਤਾਂ ਇਨ੍ਹਾਂ ਪੈਕਟਾਂ ਦੀ ਗਿਣਤੀ ਵੱਧ ਕੇ 600 ਤੋਂ ਜ਼ਿਆਦਾ ਹੋ ਗਈ।
ਮਿਲੀ ਜਾਣਕਾਰੀ ਮੁਤਾਬਕ, ਨਮਕ ਦੀ ਡਿਲੀਵਰੀ ਲੈਣ ਪਹੁੰਚੇ ਇੰਪੋਰਟਰ ਦੇ ਏਜੰਟ ਨੂੰ ਪੁਲਿਸ ਨੇ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿਤੀ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਪਾਕਿਸਤਾਨ ਦੇ ਐਕਸਪੋਰਟਰ ਨੇ ਅੰਮ੍ਰਿਤਸਰ ਦੇ ਇਕ ਇੰਪੋਰਟਰ ਦੇ ਨਾਮ 26 ਜੂਨ ਨੂੰ ਨਮਕ ਦੀ ਇਕ ਗੱਡੀ ਆਈ.ਸੀ.ਪੀ. ਅਟਾਰੀ ਭੇਜੀ ਸੀ। ਗੱਡੀ ਵਿਚ ਨਮਕ ਦੇ ਲਗਭੱਗ 670 ਪੈਕੇਟ ਸਨ। ਇੰਪੋਰਟਰ ਦਾ ਏਜੰਟ ਨਮਕ ਦੀ ਕਨਸਾਈਨਮੈਂਟ ਰਿਲੀਜ਼ ਕਰਵਾਉਣ ਆਈ.ਸੀ.ਪੀ. ਪਹੁੰਚਿਆ।
ਕਸਟਮ ਅਧਿਕਾਰੀਆਂ ਨੂੰ ਏਜੰਟ ਦੇ ਹਾਵ-ਭਾਵ ਵੇਖ ਕੇ ਸ਼ੱਕ ਹੋਇਆ ਤਾਂ ਉਨ੍ਹਾਂ ਨੇ ਕੁਝ ਬੋਰੀਆਂ ਨੂੰ ਖੁੱਲਵ੍ਹਾ ਕੇ ਜਾਂਚ ਕੀਤੀ ਤਾਂ ਵਿਚੋਂ ਚਿੱਟੇ ਰੰਗ ਦਾ ਪਾਊਡਰ ਬਰਾਮਦ ਹੋਇਆ। ਦੱਸ ਦਈਏ ਕਿ ਪੰਜਾਬ ਦਾ ਸਰਹੱਦੀ ਇਲਾਕਾ ਹੈਰੋਇਨ ਦੀ ਤਸਕਰੀ ਲਈ ਕਾਫ਼ੀ ਸਰਗਰਮ ਇਲਾਕਾ ਹੈ। ਇੱਥੇ ਨਸ਼ੇ ਦਾ ਕਾਰੋਬਾਰ ਲਗਾਤਾਰ ਚੱਲਦਾ ਰਹਿੰਦਾ ਹੈ। ਸੁਰੱਖਿਆ ਏਜੰਸੀਆਂ ਇਸ ਇਲਾਕੇ ਤੋਂ ਲਗਾਤਾਰ ਹੈਰੋਇਨ ਦੀ ਖੇਪ ਜ਼ਬਤ ਕਰਦੀਆਂ ਰਹੀਆਂ ਹਨ।
Comments (0)
Facebook Comments (0)